ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪਰਿਸ਼ਦਾਂ ਦੇ ਪੈਨਸ਼ਨਰਾਂ ਵੱਲੋਂ ਮੁਜ਼ਾਹਰਾ

ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਪਰਿਸ਼ਦਾਂ ਦੇ ਪੈਨਸ਼ਨਰਾਂ ਵੱਲੋਂ ਮੁਜ਼ਾਹਰਾ

ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ

ਐੱਸਏਐੱਸ ਨਗਰ (ਮੁਹਾਲੀ),(ਪੰਜਾਬੀ ਰਾਈਟਰ)- ਪੰਜਾਬ ਭਰ ਤੋਂ ਆਏ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪਰਿਸ਼ਦਾਂ ਦੇ ਪੈਨਸ਼ਨਰਾਂ ਨੇ ਅੱਜ ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਦੀ ਅਗਵਾਈ ਹੇਠ ਮੁਹਾਲੀ ਦੇ ਫੇਜ਼ ਅੱਠ ਵਿੱਚ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਵਿਕਾਸ ਭਵਨ ਅੱਗੇ ਮੁਜ਼ਾਹਰਾ ਕੀਤਾ। ਇਸ ਮੌਕੇ ਧਰਨਾਕਾਰੀਆਂ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਾਰ ’ਤੇ ਮਤਰੇਈ ਮਾਂ ਵਾਲੇ ਸਲੂਕ ਦਾ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿੱਚ ਜੈ ਦੇਵ ਸਿੰਘ ਦੀ ਅਗਵਾਈ ਹੇਠਲੀ ਪੈਨਸ਼ਨਰਾਂ ਦੀ ਜਥੇਬੰਦੀ ਨੇ ਵੀ ਸ਼ਿਰਕਤ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਕੁਲਵੰਤ ਕੌਰ ਬਾਠ, ਗੁਰਮੀਤ ਸਿੰਘ ਭਾਂਖਰਪੁਰ, ਜਾਗੀਰ ਸਿੰਘ ਢਿੱਲੋਂ, ਜੈ ਦੇਵ ਸਿੰਘ, ਸੁਰਿੰਦਰ ਹਾਟਾ, ਦਿਆਲ ਸਿਘ, ਬਲਵਿੰਦਰ ਸਿੰਘ, ਭਗਵਾਨ ਸਿੰਘ, ਜੋਗਿੰਦਰ ਸਿੰਘ, ਮਹਿੰਦਰ ਸਿੰਘ, ਜੋਧ ਸਿੰਘ, ਸਰਵਜੀਤ ਸਿੰਘ, ਮਾਨ ਸਿੰਘ, ਪਾਲ ਸਿੰਘ ਨੇ ਆਖਿਆ ਕਿ ਪੰਜਾਬ ਵਿੱਚ ਸਾਰੇ ਵਿਭਾਗਾਂ ਦੇ ਪੈਨਸ਼ਨਰਾਂ ਨੂੰ ਛੇਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਮਿਲ ਚੁੱਕਾ ਹੈ ਪਰ ਪੰਚਾਇਤੀ ਰਾਜ ਦੇ ਜ਼ਿਆਦਤਰ ਪੈਨਸ਼ਨਰ ਇਸ ਲਾਭ ਤੋਂ ਵਾਂਝੇ ਹਨ। ਉਨ੍ਹਾਂ ਮੰਗ ਕੀਤੀ ਕਿ ਪੈਨਸ਼ਨਰਾਂ ਨੂੰ ਜਨਵਰੀ ਮਹੀਨੇ ਦੀ ਪੈਨਸ਼ਨ ਛੇਵੇਂ ਪੇਅ ਕਮਿਸ਼ਨ ਅਨੁਸਾਰ ਸੋਧ ਕੇ ਦਿੱਤੀ ਜਾਵੇ, ਜੁਲਾਈ 21 ਤੋਂ ਹੁਣ ਤੱਕ ਦਾ ਬਣਦਾ ਬਕਾਇਆ ਦਿੱਤਾ ਜਾਵੇ, ਬੁਢੇਪਾ ਭੱਤਾ ਅਤੇ ਐੱਲਟੀਸੀ ਸਹੂਲਤ ਦੂਜੇ ਵਿਭਾਗਾਂ ਦੇ ਪੈਨਸ਼ਨਰਾਂ ਦੀ ਤਰਜ਼ ’ਤੇ ਜਾਰੀ ਕੀਤੀ ਜਾਵੇ ਆਦਿ। ਉਨ੍ਹਾਂ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਵੀ ਦਿੱਤੀ।

ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ ਨੇ ਦਿੱਤਾ ਭਰੋਸਾ
ਧਰਨਾਕਾਰੀਆਂ ਕੋਲੋਂ ਪੰਚਾਇਤ ਵਿਭਾਗ ਦੇ ਡਾਇਰੈਕਟਰ ਪਰਮਜੀਤ ਸਿੰਘ ਅਤੇ ਸੰਯੁਕਤ ਡਾਇਰੈਕਟਰ ਜਤਿੰਦਰ ਸਿੰਘ ਬਰਾੜ ਨੇ ਧਰਨੇ ਵਿੱਚ ਪਹੁੰਚ ਕੇ ਮੰਗ ਪੱਤਰ ਹਾਸਲ ਕੀਤਾ। ਉਨ੍ਹਾਂ ਪੈਨਸ਼ਨਰਾਂ ਨੂੰ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਅਤੇ ਸਾਰਾ ਮਾਮਲਾ ਪੰਚਾਇਤ ਮੰਤਰੀ ਦੇ ਧਿਆਨ ਵਿੱਚ ਲਿਆਉਣ ਦਾ ਯਕੀਨ ਦਿਵਾਇਆ।