ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਡੀਪੀਆਈ ਦਫ਼ਤਰ ਘੇਰਿਆ

ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਡੀਪੀਆਈ ਦਫ਼ਤਰ ਘੇਰਿਆ

ਸਿੱਖਿਆ ਭਵਨ ਦੇ ਬਾਹਰ ਦਿੱਤਾ ਸੂਬਾ ਪੱਧਰੀ ਧਰਨਾ; ਪੈਨਲ ਮੀਟਿੰਗ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ

ਐੱਸਏਐੱਸ ਨਗਰ (ਮੁਹਾਲੀ),(ਪੰਜਾਬੀ ਰਾਈਟਰ)- ਪੰਜਾਬ ਦੇ ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਅੱਜ ਡੀਪੀਆਈ ਦਫ਼ਤਰ ਦਾ ਘਿਰਾਓ ਕਰ ਕੇ ਸੂਬਾ ਪੱਧਰੀ ਧਰਨਾ ਦਿੱਤਾ। ਵੱਖ-ਵੱਖ ਕਾਲਜਾਂ ਦੇ ਵੱਡੀ ਗਿਣਤੀ ਸਹਾਇਕ ਪ੍ਰੋਫੈਸਰ ਸਮੂਹਿਕ ਛੁੱਟੀ ਲੈ ਕੇ ਸਵੇਰੇ 11 ਵਜੇ ਹੀ ਮੁਹਾਲੀ ਪਹੁੰਚਣੇ ਸ਼ੁਰੂ ਹੋ ਗਏ ਸਨ। ਉਹ ਸੰਯੁਕਤ ਫਰੰਟ ਪੰਜਾਬ ਦੇ ਬੈਨਰ ਹੇਠ ਸਿੱਖਿਆ ਭਵਨ ਦੇ ਮੁੱਖ ਗੇਟ ਦੇ ਬਾਹਰ ਧਰਨੇ ’ਤੇ ਬੈਠ ਗਏ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀ ਹਰਜੋਤ ਬੈਂਸ ਸਣੇ ਸਮੁੱਚੀ ‘ਆਪ’ ਲੀਡਰਸ਼ਿਪ ਨੂੰ ਰੱਜ ਕੇ ਕੋਸਿਆ।

ਜਥੇਬੰਦੀ ਦੇ ਸੂਬਾ ਪ੍ਰਧਾਨ ਡਾ. ਰਵਿੰਦਰ ਸਿੰਘ ਮਾਨਸਾ ਤੇ ਪ੍ਰੋ. ਗੁਰਜੀਤ ਸਿੰਘ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਬਹੁਤੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ। ਉਨ੍ਹਾਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਨਿੱਜੀ ਦਖ਼ਲ ਦੇ ਕੇ ਸਹਾਇਕ ਪ੍ਰੋਫੈਸਰਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਤੁਰੰਤ ਪ੍ਰਭਾਵ ਨਾਲ ਲਾਗੂ ਕਰਵਾਉਣ।

ਆਗੂਆਂ ਨੇ ਕਿਹਾ ਕਿ ਉਚੇਰੀ ਸਿੱਖਿਆ ਮੰਤਰੀ ਨਾਲ ਫਰੰਟ ਦੇ ਆਗੂਆਂ ਦੀ ਨੌਂ ਅਕਤੂਬਰ ਨੂੰ ਹੋਈ ਮੀਟਿੰਗ ’ਚ ਹਰਜੋਤ ਸਿੰਘ ਬੈਂਸ ਨੇ 15-20 ਦਿਨਾਂ ਦੇ ਅੰਦਰ-ਅੰਦਰ ਗੈਸਟ ਫੈਕਲਟੀ ਪ੍ਰੋਫੈਸਰਾਂ ਦੀ ਨੌਕਰੀ ਸੁਰੱਖਿਅਤ ਕਰਨ ਲਈ ਨੀਤੀ ਬਣਾਉਣ ਅਤੇ ਰੋਕੀਆਂ ਤਨਖ਼ਾਹਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। ਹੁਣ ਉਚੇਰੀ ਸਿੱਖਿਆ ਵਿਭਾਗ ਵੱਲੋਂ ਨਵੰਬਰ ਮਹੀਨੇ ਦੀ ਜਾਰੀ ਕੀਤੀ ਤਨਖ਼ਾਹ ਵਾਲੇ ਪੱਤਰ ਵਿੱਚ ਲਿਖਿਆ ਗਿਆ ਕਿ ਗੈੱਸਟ ਪ੍ਰੋਫੈਸਰਾਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਮਨਜ਼ੂਰਸ਼ੁਦਾ ਅਸਾਮੀਆਂ ਨੂੰ ਹੀ ਕੀਤੀ ਜਾਵੇ। ਇਸ ਕਾਰਨ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵਿੱਚ ਭਾਰੀ ਰੋਸ ਹੈ।

ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਦੀ ਅਣਦੇਖੀ ਕਾਰਨ ਬਹੁਤੇ ਗੈਸਟ ਪ੍ਰੋਫੈਸਰ ਸਰਕਾਰੀ ਨੌਕਰੀ ਲੱਗਣ ਦੀ ਉਮਰ ਹੱਦ ਵੀ ਲੰਘਾ ਚੁੱਕੇ ਹਨ। ਇਸੇ ਦੌਰਾਨ ਸਿੱਖਿਆ ਅਧਿਕਾਰੀਆਂ ਨੇ ਜਥੇਬੰਦੀ ਦੇ ਮੋਹਰੀ ਆਗੂਆਂ ਨਾਲ ਗੱਲਬਾਤ ਦੌਰਾਨ ਚਾਰ ਦਿਨ ਦੀ ਮੋਹਲਤ ਮੰਗੀ ਹੈ। ਉਨ੍ਹਾਂ ਨੇ 24 ਦਸੰਬਰ ਨੂੰ ਡੀਪੀਆਈ (ਕਾਲਜ) ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮਗਰੋਂ ਉਨ੍ਹਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਉਂਜ ਉਨ੍ਹਾਂ ਕਿਹਾ ਕਿ ਜੇ ਮੀਟਿੰਗ ਵਿੱਚ ਮਸਲਾ ਹੱਲ ਨਾ ਹੋਇਆ ਤਾਂ ਅਗਲੇ ਸੰਘਰਸ਼ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ।

ਇਸ ਮੌਕੇ ਸੁਖਜੀਤ ਸਿੰਘ  ਫ਼ਰੀਦਕੋਟ, ਜਤਿੰਦਰ ਧੀਮਾਨ ਪਾਤੜਾਂ, ਦਵਿੰਦਰ ਕੌਰ ਪਟਿਆਲਾ, ਪਰਮਜੀਤ ਸਿੰਘ ਅੰਮ੍ਰਿਤਸਰ, ਸੁਖਚੈਨ ਸਿੰਘ ਮਾਲੇਰਕੋਟਲਾ, ਪਰਮਜੀਤ ਸਿੰਘ ਮਾਲੇਰਕੋਟਲਾ, ਰਮਨ ਢਿੱਲੋਂ, ਪਰਮਜੀਤ ਕੌਰ ਸਿੱਧੂ, ਪ੍ਰਦੀਪ ਸਿੰਘ ਪਟਿਆਲਾ, ਮੁਹੰਮਦ ਤਨਵੀਰ ਸੰਗਰੂਰ, ਪਵਿੱਤਰ ਸਿੰਘ ਜ਼ੀਰਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।