Punjab News: ਔਰਤਾਂ ਖ਼ਿਲਾਫ਼ ਟਿੱਪਣੀ: ਧਾਮੀ ਮਗਰੋਂ ਹੁਣ ਬੀਬੀ ਜਗੀਰ ਕੌਰ ਮਹਿਲਾ ਕਮਿਸ਼ਨ ਕੋਲ ਪੁੱਜੀ

Punjab News: ਔਰਤਾਂ ਖ਼ਿਲਾਫ਼ ਟਿੱਪਣੀ: ਧਾਮੀ ਮਗਰੋਂ ਹੁਣ ਬੀਬੀ ਜਗੀਰ ਕੌਰ ਮਹਿਲਾ ਕਮਿਸ਼ਨ ਕੋਲ ਪੁੱਜੀ

ਐੱਸਏਐੱਸ ਨਗਰ (ਮੁਹਾਲੀ),(ਪੰਜਾਬੀ ਰਾਈਟਰ)- ਔਰਤਾਂ ਖ਼ਿਲਾਫ਼ ਅਪਮਾਨਜਨਕ ਟਿੱਪਣੀ ਤੇ ਮੰਦੀ ਸ਼ਬਦਾਬਲੀ ਬੋਲਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਹਾਲਾਂਕਿ, ਉਨ੍ਹਾਂ ਨੇ ਇਸ ਮਾਮਲੇ ਸਬੰਧੀ ਬੀਤੇ ਦਿਨੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਮੁਹਾਲੀ ਦੇ ਫੇਜ਼-1 ਸਥਿਤ ਦਫ਼ਤਰ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਦਿਆਂ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਸਮੁੱਚੇ ਔਰਤ ਵਰਗ ਤੋਂ ਮੁਆਫ਼ੀ ਮੰਗੀ ਸੀ। ਬੀਬੀ ਜਗੀਰ ਕੌਰ ਅੱਜ ਮੁਹਾਲੀ ਵਿਖੇ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਪਹੁੰਚੇ ਅਤੇ ਚੇਅਰਪਰਸਨ ਸ੍ਰੀਮਤੀ ਰਾਜ ਲਾਲੀ ਗਿੱਲ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਹ ਧਾਮੀ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਕਿਉਂਕਿ ਉਨ੍ਹਾਂ ਦੀ ਗ਼ਲਤੀ ਸਾਧਾਰਨ ਮੁਆਫ਼ੀ ਦੇ ਯੋਗ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਐਡਵੋਕੇਟ ਧਾਮੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਹਿਲਾ ਕਮਿਸ਼ਨ ਦੀ ਕਾਰਵਾਈ ਨਾਲ ਔਰਤਾਂ ਨੂੰ ਆਪਣੀ ਇੱਜ਼ਤ ਤੇ ਸੁਰੱਖਿਆ ਮਹਿਸੂਸ ਹੋਈ ਹੈ। ਉਨ੍ਹਾਂ ਕਿਹਾ ਕਿ ਉਕਤ ਘਟਨਾ ਸਬੰਧੀ ਧਾਮੀ ਨੇ ਉਨ੍ਹਾਂ ਨਾਲ ਕਦੇ ਸੰਪਰਕ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਥਕ ਸੰਸਥਾ ਦੇ ਮੁਖੀ ਨੂੰ ਗਾਲਾਂ ਕੱਢਣ ਦੇ ਮਾਮਲੇ ਵਿੱਚ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋਣਾ ਪਿਆ। ਉਨ੍ਹਾਂ ਗ਼ਲਤੀ ਮੰਨ ਕੇ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਨੂੰ ਕਲੰਕਿਤ ਕੀਤਾ ਹੈ। ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਧਾਮੀ ਨੇ ਧਾਰਮਿਕ ਖੇਤਰ ਦੇ ਵੱਡੇ ਅਹੁਦੇ ਦੀ ਤੌਹੀਨ ਕੀਤੀ ਹੈ।

ਐਡਵੋਕੇਟ ਧਾਮੀ ਨੇ ਮਹਿਲਾ ਕਮਿਸ਼ਨ ਕੋਲੋਂ ਮੰਗੀ ਸੀ ਮੁਆਫ਼ੀ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਬੀਤੀ 14 ਦਸੰਬਰ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਔਰਤਾਂ ਦੇ ਅਧਿਕਾਰਾਂ, ਸਨਮਾਨ ਅਤੇ ਸੁਰੱਖਿਆ ਦੀ ਉਲੰਘਣਾ ਨਾਲ ਸਬੰਧਤ ਮਾਮਲਿਆ ’ਤੇ ਹਰਜਿੰਦਰ ਸਿੰਘ ਧਾਮੀ ਨੂੰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਿਰੁੱਧ ਅਪਮਾਨਜਨਕ ਟਿੱਪਣੀ ਤੇ ਭਾਸ਼ਾ ਦੀ ਵਰਤੋਂ ਦੇ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਸੀ। ਧਾਮੀ ਨੇ ਆਪਣੇ ਜਵਾਬ ਵਿੱਚ ਲਿਖਿਆ ਕਿ ਉਨ੍ਹਾਂ ਤੋਂ ਜਾਣੇ-ਅਣਜਾਣੇ ਵਿੱਚ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਹੋ ਗਈ ਜਿਸ ਸਬੰਧੀ ਉਨ੍ਹਾਂ ਨੇ ਫੌਰੀ ਵੀਡੀਓ ਜਾਰੀ ਕਰਕੇ ਮੁਆਫ਼ੀ ਮੰਗ ਲਈ ਸੀ। ਇਸ ਮੌਕੇ ਬੀਬੀ ਜਗੀਰ ਕੌਰ ਨਾਲ ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਅਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਅਤੇ ਹੋਰ ਮਹਿਲਾ ਆਗੂ ਵੀ ਹਾਜ਼ਰ ਸਨ।