
ਦਸ ਮਹੀਨਿਆਂ ਤੋਂ ਨਹੀਂ ਲੱਗ ਰਿਹੈ ਥਹੁ-ਪਤਾ; ਰੂਸ ’ਚ ਭਾਰਤੀ ਦੂਤਘਰ ਨੇ ਮੰਗਿਆ ਹੈ ਨੌਜਵਾਨ ਦੀ ਮਾਤਾ ਦਾ ਡੀਐੱਨਏ ਟੈਸਟ
ਮੰਡੀ ਅਹਿਮਦਗੜ੍ਹ/ ਸੰਦੌੜ,(ਪੰਜਾਬੀ ਰਾਈਟਰ)- ਸਿਵਲ ਪ੍ਰਸ਼ਾਸਨ ਨੇ ਕਲਿਆਣ ਪਿੰਡ ਦੇ ਬੁੱਧ ਰਾਮ ਨਾਮੀ ਨੌਜਵਾਨ ਦੀ ਮਾਤਾ ਦੇ ਡੀਐੱਨਏ ਟੈਸਟ ਲਈ ਸਿਵਲ ਸਰਜਨ (ਮਾਲੇਰਕੋਟਲਾ) ਨੂੰ ਹੁਕਮ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੁੱਧ ਰਾਮ ਦਸ ਮਹੀਨਿਆਂ ਤੋਂ ਵੱਧ ਸਮੇਂ ਤੋਂ ਰੂਸ ਵਿੱਚ ਲਾਪਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਇਸ ਵੇਲੇ ਰੂਸ ਵਿੱਚ 16 ਭਾਰਤੀ ਨੌਜਵਾਨਾਂ ਦੇ ਲਾਪਤਾ ਹੋਣ ਦਾ ਦਾਅਵਾ ਕੀਤਾ ਗਿਆ ਹੈ, ਇਨ੍ਹਾਂ ਵਿੱਚੋਂ ਕਲਿਆਣ ਪਿੰਡ ਦਾ ਬੁੱਧ ਰਾਮ ਹੈ। ਇਸ ਲਈ ਰੂਸ ’ਚ ਭਾਰਤੀ ਦੂਤਾਵਾਸ ਵੱਲੋਂ ਲਾਪਤਾ ਨੌਜਵਾਨ ਦੀ ਮਾਤਾ ਦਾ ਡੀਐੱਨਏ ਟੈਸਟ ਮੰਗਿਆ ਗਿਆ ਹੈ।
ਸਹਾਇਕ ਕਮਿਸ਼ਨਰ ਗੁਰਮੀਤ ਬਾਂਸਲ ਵੱਲੋਂ ਸਿਵਲ ਸਰਜਨ ਨੂੰ ਕਲਿਆਣ ਪਿੰਡ ਦੇ ਗੁਰਮੇਲ ਸਿੰਘ ਦੀ ਪਤਨੀ ਦਾ ਡੀਐੱਨਏ ਟੈਸਟ ਲਈ ਨਮੂਨਾ ਬਿਨਾਂ ਦੇਰੀ ਦੇ ਲੈ ਕੇ ਪ੍ਰਸ਼ਾਸਨ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।
ਇਸ ਸਬੰਧੀ ਡੀਸੀ ਪੱਲਵੀ ਨੇ ਦੱਸਿਆ ਕਿ ਕਲਿਆਣ ਪਿੰਡ ਦੇ ਗੁਰਮੇਲ ਸਿੰਘ ਨੇ ਉਨ੍ਹਾਂ ਨੂੰ ਮਿਲ ਕੇ ਆਪਣੀ ਪਤਨੀ ਦਾ ਡੀਐੱਨਏ ਕਰਵਾਉਣ ਲਈ ਸਹਾਇਤਾ ਮੰਗੀ ਸੀ ਕਿਉਂਕਿ ਪਰਿਵਾਰ ਡੀਐੱਨਏ ਟੈਸਟ ਨਹੀਂ ਕਰਵਾ ਸਕਦਾ। ਡੀਸੀ ਨੇ ਕਿਹਾ ਕਿ ਗੁਰਮੇਲ ਸਿੰਘ ਤੋਂ ਲਿਖਤੀ ਬੇਨਤੀ ਪ੍ਰਾਪਤ ਹੋਣ ਮਗਰੋਂ ਉਨ੍ਹਾਂ ਨੇ ਸਹਾਇਕ ਕਮਿਸ਼ਨਰ ਗੁਰਮੀਤ ਬਾਂਸਲ ਨੂੰ ਤੁਰੰਤ ਕਾਰਵਾਈ ਲਈ ਕਹਿ ਦਿੱਤਾ ਹੈ।
ਇਸ ਤੋਂ ਪਹਿਲਾਂ ਗੁਰਮੇਲ ਸਿੰਘ ਨੇ 30 ਜੁਲਾਈ 2024 ਨੂੰ ਸੁਵਿਧਾ ਕੈਂਪ ਦੌਰਾਨ ਸ੍ਰੀ ਬਾਂਸਲ ਨੂੰ ਮਿਲ ਕੇ ਰੂਸ ਤੋਂ ਆਪਣੇ ਲਾਪਤਾ ਪੁੱਤਰ ਬੁੱਧ ਰਾਮ ਦੀ ਵਾਪਸੀ ਲਈ ਮਦਦ ਮੰਗੀ ਸੀ। ਬੁੱਧ ਰਾਮ ਨੂੰ ਰੂਸੀ ਫ਼ੌਜ ਨੇ ਉਸ ਵੇਲੇ ਭਰਤੀ ਕਰ ਲਿਆ ਸੀ ਜਦੋਂ ਉਹ ਕਥਿਤ ਤੌਰ ’ਤੇ ਗੈਰ-ਕਾਨੂੰਨੀ ਤੌਰ ’ਤੇ ਜਰਮਨੀ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ।
ਗੁਰਮੇਲ ਸਿੰਘ ਮੁਤਾਬਕ ਬੁੱਧ ਰਾਮ ਚਾਰ ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਬਹਿਰੀਨ ਗਿਆ ਸੀ ਪਰ ਬਾਅਦ ਵਿੱਚ ਰੂਸੀ ਫ਼ੌਜ ਦੇ ਕਾਬੂ ਆ ਗਿਆ। ਉਹ 23 ਦਸੰਬਰ 2023 ਤੋਂ 26 ਮਾਰਚ 2024 ਤੱਕ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਰਿਹਾ। ਰੂਸੀ ਫ਼ੌਜ ਨਾਲ ਉਸ ਦਾ ਸਮਝੌਤਾ 12 ਦਸੰਬਰ 2024 ਨੂੰ ਖ਼ਤਮ ਹੋਣ ਵਾਲਾ ਸੀ। ਪੀੜਤ ਪਰਿਵਾਰ ਤੋਂ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਰੂਸ ਵਿੱਚ ਭਾਰਤੀ ਦੂਤਾਵਾਸ ਦੇ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਸੀ ਤੇ ਇਸ ਮਾਮਲੇ ਵਿੱਚ ਪੰਜਾਬ ਪੁਲੀਸ ਦੀ ਮਦਦ ਵੀ ਮੰਗੀ ਸੀ।