ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਬਨਾਮ ਰਵਨੀਤ ਬਿੱਟੂ

ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਬਨਾਮ ਰਵਨੀਤ ਬਿੱਟੂ

ਰਵਨੀਤ ਸਿੰਘ ਬਿੱਟੂ ਸਾਬਕਾ ਅਤੇ ਸਵਰਗਵਾਸੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਹੈ ਜਿਸ ਉੱਪਰ ਸਿੱਖ ਨੌਜਵਾਨਾਂ ਦੇ ਘਾਣ ਦੇ ਵੱਡੇ ਦੋਸ਼ ਹਨ। ਇਹ ਪੂਰਾ ਪਰਿਵਾਰ ਪੀੜੀਆਂ ਤੋਂ ਕਾਂਗਰਸੀ ਰਿਹਾ ਜਦੋਂ ਕਾਂਗਰਸ ਪਾਰਟੀ ਦੀ ਕੇਂਦਰ ਸਰਕਾਰ ਵੇਲੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਦਿਆਂ ਤੋਪਾਂ ਟੈਂਕਾਂ ਨਾਲ ਇਤਿਹਾਸ ਦਾ ਸਭ ਤੋਂ ਵੱਡਾ ਪਾਪ ਕੀਤਾ ਗਿਆ, ਉਦੋਂ ਵੀ ਇਹ ਪਰਿਵਾਰ ਕਾਂਗਰਸ ਦਾ ਕੱਟੜ ਸਮਰਥਕ ਬਣਿਆ ਰਿਹਾ। ਜੇਕਰ ਇਸ ਪਰਿਵਾਰ ਦਾ ਇਤਿਹਾਸ ਫ਼ਰੋਲੀਏ ਤਾਂ ਸਾਹਮਣੇ ਆਉਂਦਾ ਹੈ ਕਿ ਇਸ ਪਰਿਵਾਰ ਨੂੰ ਕਦੇ ਵੀ ਕਿਸੇ ਲੋਕ ਹਿਤਾਂ ਨਾਲ ਸਰੋਕਾਰ ਨਹੀਂ ਰਿਹਾ, ਇਹ ਪਰਿਵਾਰ ਸਿਰਫ ’ਤੇ ਸਿਰਫ਼ ਸੱਤਾ ਦਾ ਲਾਲਚੀ ਅਤੇ ਭੱੁਖਾ ਹੈ। ਇਸ ਲਾਲਚ ਦੀ ਪੂਰਤੀ ਲਈ ਉਹਨਾਂ ਨੂੰ ਜੋ ਵੀ ਗੱਦਾਰੀ ਕਰਨੀ ਪੈ ਜਾਵੇ, ਇਹ ਕਰ ਦਿੰਦੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਰਵਨੀਤ ਬਿੱਟੂ ਕਾਂਗਰਸ ਵਲੋਂ ਚੋਣ ਲੜਨ ਦੀ ਤਿਆਰੀ ਵਿਚ ਸਨ ਪਰ ਪਤਾ ਨਹੀਂ ਰਾਤੋ ਰਾਤ ਕੀ ਹੋਇਆ ਕਿ ਉਹ ਜਿਸ ਭਾਜਪਾ ਨੂੰ ਗਾਲਾਂ ਕੱਢ ਰਹੇ ਸਨ, ਉਸੇ ਭਾਜਪਾ ਵਿਚ ਸ਼ਾਮਿਲ ਹੋ ਗਿਆ ਅਤੇ ਲੁਧਿਆਣਾ ਤੋਂ ਟਿਕਟ ਲੈ ਕੇ ਚੋਣ ਲੜਨ ਲੱਗ ਪਿਆ। ਇਸ ਚੋਣ ਦੌਰਾਨ ਰਵਨੀਤ ਬਿੱਟੂ ਦੀ ਬੋਲੀ ਇਕਦਮ ਹੀ ਬਦਲ ਗਈ ਅਤੇ ਉਹ ਕਿਸਾਨਾਂ ਦੁਆਲੇ ਹੋ ਗਿਆ। ਜਿਹੜਾ ਬਿੱਟੂ ਕਦੇ ਕਿਸਾਨਾਂ ਦੇ ਹੱਕ ਵਿਚ ਬੋਲਦਾ ਸੀ ਉਹ ਲਗਾਤਾਰ ਕਿਸਾਨਾਂ ਦੇ ਖਿਲਾਫ਼ ਬੋਲਣ ਲੱਗ ਪਿਆ। ਭਾਵੇਂ ਉਸਨੇ ਮੋਦੀ ਸਰਕਾਰ ਦੇ ਸਿਰ ’ਤੇ ਜਿੱਤਣ ਲਈ ਪੂਰਾ ਜ਼ੋਰ ਲਗਾਇਆ ਪਰ ਉਹ ਇਹ ਚੋਣ ਹਾਰ ਗਿਆ ਪਰ ਭਾਜਪਾ ਨੇ ਉਸਦੀ ਗੱਦਾਰੀ ਦਾ ਮੱੁਲ ਪਾਉਂਦਿਆਂ ਉਸਨੂੰ ਕੇਂਦਰੀ ਰਾਜ ਮੰਤਰੀ ਦਾ ਅਹੁਦਾ ਦੇ ਦਿੱਤਾ। ਹੁਣ ਜਦੋਂ ਉਹ ਹਾਰ ਕੇ ਵੀ ਮੰਤਰੀ ਬਣ ਗਿਆ ਹੈ ਤਾਂ ਉਸਨੂੰ ਕੇਂਦਰ ਸਰਕਾਰ ਵਲੋਂ ਕੀਤੇ ਇਸ ਮਿਹਰਬਾਨੀ ਦਾ ਮੁੱਲ ਤਾਂ ਚੁਕਾਉਣਾ ਹੀ ਪਵੇਗਾ। ਸਭ ਜਾਣਦੇ ਹਨ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਉੱਠੇ ਕਿਸਾਨ ਅੰਦੋਲਨ ਦੌਰਾਨ ਭਾਜਪਾ ਅਤੇ ਕਿਸਾਨਾਂ ਵਿਚ ਤ੍ਰੇੜ ਬਹੁਤ ਹੀ ਵੱਡੀ ਹੋ ਗਈ ਸੀ। ਕਿਸਾਨਾਂ ਵਲੋਂ ਅੰਦੋਲਨ ਜਿੱਤ ਲਏ ਜਾਣ ਤੋਂ ਬਾਅਦ ਤਾਂ ਨਰਿੰਦਰ ਮੋਦੀ ਦੇ ਦਿਲਾਂ ਵਿਚ ਇਹ ਜ਼ਰੂਰ ਆਇਆ ਹੋਵੇਗਾ ਕਿ ਮੇਰੀ ਜ਼ਿੰਦਗੀ ਦੀ ਇਹ ਪਹਿਲੀ ਹਾਰ ਸੀ। ਹੋ ਸਕਦਾ ਹੈ ਇਸੇ ਲਈ ਭਾਜਪਾ ਨਾਲ ਜੁੜੇ ਆਗੂ ਕਦੇ ਨਾ ਕਦੇ ਕਿਸਾਨਾਂ ਨੂੰ ਨਿਸ਼ਾਨੇ ’ਤੇ ਲੈਂਦੇ ਰਹੇ ਹਨ। ਨਵੀਂ ਬਣੀ ਸੰਸਦ ਮੈਂਬਰ ਕੰਗਣਾ ਰਣੌਤ ਵੀ ਹਮੇਸ਼ਾ ਹੀ ਕਿਸਾਨਾਂ ਬਾਰੇ ਕੁਝ ਨਾ ਕੁਝ ਅਵਾ ਤਵਾ ਬੋਲਦੀ ਰਹਿੰਦੀ ਹੈ ਅਤੇ ਫਿਰ ਅੱਗਿਓਂ ਵੀ ਮੰਜੀ ਠੁਕਾ ਕੇ ਚੁੱਪ ਕਰ ਜਾਂਦੀ ਹੈ। ਹੁਣ ਕੇਂਦਰੀ ਰਾਜ ਮੰਤਰੀ ਤੇ ਨਵੇਂ ਬਣੇ ਭਾਜਪਾ ਆਗੂ ਰਵਨੀਤ ਬਿੱਟੂ ਵਲੋਂ ਕਿਸਾਨਾਂ ਬਾਰੇ ਗਲਤ ਬਿਆਨਬਾਜ਼ੀ ਕੀਤੀ ਗਈ ਹੈ। ਬੀਤੇ ਦਿਨੀਂ ਉਹ ਸ਼੍ਰੀ ਮੁਕਤਸਰ ਸਾਹਿਬ ਪਹੁੰਚਿਆ ਅਤੇ ਇਸ ਦੌਰਾਨ ਉਹ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਨਤਮਸਤਕ ਹੋਇਆ। ਇਸ ਮੌਕੇ ਉਹਨੇ ਕਿਸਾਨ ਆਗੂਆਂ ਉੱਤੇ ਆਪਣੀ ਜੰਮ ਕੇ ਭੜਾਸ ਕੱਢੀ ਤੇ ਕਿਸਾਨ ਆਗੂਆਂ ਦੀ ਤਾਲਿਬਾਨ ਨਾਲ ਤੁਲਨਾ ਕਰ ਦਿੱਤੀ ਹੋਏ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਾਂਗਰਸ ’ਚ ਸਿਰਫ ਪਰਿਵਾਰਵਾਦ ਹੀ ਹੈ, ਕਿਉਂਕਿ ਇਸ ਦੀ ਸਭ ਤੋਂ ਵੱਡੀ ਉਦਾਹਾਰਨ ਇੱਕ ਹੋਰ ਸਾਹਮਣੇ ਆਈ ਹੈ ਜਦੋਂ ਰਾਜਾ ਵੜਿੰਗ ਨੇ ਆਪਣੀ ਪਤਨੀ ਨੂੰ ਟਿਕਟ ਦਿੱਤੀ ਅਤੇ ਆਪਣੇ ਪਰਿਵਾਰ ਬਾਰੇ ਹੀ ਸੋਚਿਆ, ਜਿਸ ਕਾਰਨ ਉਨਾਂ ਨੂੰ ਗਿੱਦੜਬਾਹਾ ਦੇ ਕਾਂਗਰਸੀਆਂ ਉੱਤੇ ਤਰਸ ਆਉਂਦਾ ਹੈ। ਜਦਕਿ ਉਸਨੂੰ ਭੱੁਲ ਗਿਆ ਕਿ ਪਹਿਲਾਂ ਉਸਦਾ ਦਾਦਾ ਬੇਅੰਤ ਸਿੰਘ, ਫਿਰ ਉਸਦਾ ਪਿਤਾ ਤੇਜਪ੍ਰਕਾਸ਼ ਸਿੰਘ ਕੋਟਲੀ ਅਤੇ ਫਿਰ ਉਹ ਆਪ ਕਾਂਗਰਸ ਵਿਚ ਰਹਿ ਕੇ ਹੀ ਮੰਤਰੀ ਸੰਤਰੀ ਬਣੇ, ਕੀ ਉਹ ਖੁਦ ਪਰਿਵਾਰਵਾਦ ਸਿਆਸਤ ਦਾ ਹਿੱਸਾ ਨਹੀਂ ਰਿਹਾ? ਭਾਜਪਾ ਦੇ ਲਗਾਤਾਰ ਹੋ ਰਹੇ ਵਿਰੋਧ ਉੱਤੇ ਬੋਲਦੇ ਹੋਏ ਰਵਨੀਤ ਬਿੱਟੂ ਨੇ ਕਿਹਾ ਕਿ ਭਾਜਪਾ ਦਾ ਵਿਰੋਧ ਕਿਸਾਨ ਨਹੀਂ ਬਲਕਿ ਕਿਸਾਨ ਆਗੂ ਕਰ ਰਹੇ ਹਨ, ਖਾਦ ਦੀਆਂ ਟ੍ਰੇਨਾਂ ਲੁੱਟ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਤਾਲਿਬਾਨ ਬਣ ਗਏ ਹਨ। ਬਿੱਟੂ ਨੇ ਇੱਕ ਵਾਰ ਫਿਰ ਕਿਹਾ ਕਿ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਹੋਵੇਗੀ।ਦੂਜੇ ਪਾਸੇ ਕਿਸਾਨ ਉਸਦੀਆਂ ਧਮਕੀਆਂ ਤੋਂ ਡਰਨ ਵਾਲੇ ਤਾਂ ਨਹੀਂ ਹਨ ਪਰ ਰਵਨੀਤ ਬਿੱਟੂ ਲਈ ਇਹ ਸਵਾਲ ਉੱਠਦਾ ਹੈ ਕਿ ਜਦੋਂ ਕਿਸਾਨ ਮੰਡੀਆਂ ਵਿਚ ਰੁਲਦੇ ਹਨ ਤਾਂ ਉਸਨੂੰ ਕੋਈ ਦੱੁਖ ਨਹੀਂ ਲੱਗਦਾ, ਕਿਸਾਨਾਂ ਨੂੰ ਡਾਇਆ ਖਾਦ ਨਹੀਂ ਦਿੱਤੀ ਜਾਂਦੀ ਤਾਂ ਉਸਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ ਅਤੇ ਕਿਸਾਨ ਹਰ ਪਾਸਿਓਂ ਜਕੜਿਆ ਜਾ ਰਿਹਾ ਹੈ ਉਸ ਸਬੰਧੀ ਬਿੱਟੂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇਕਰ ਕਿਸਾਨ ਆਪਣਾ ਵਿਰੋਧ ਦਰਜ ਕਰਵਾਉਂਦਾ ਹੈ ਤਾਂ ਉਸਦਾ ਮੂੰਹ ਕੰਨਾ ਤੱਕ ਪਾਟ ਜਾਂਦਾ ਹੈ। ਅਸਲ ਵਿਚ ਰਵਨੀਤ ਬਿੱਟੂ ਦੀ ਇਹ ਆਪਣੀ ਬੋਲੀ ਨਹੀਂ ਹੈ, ਉਸਨੂੰ ਪਿੱਛੋਂ ਜੋ ਹੁਕਮ ਆਉਂਦੇ ਹਨ ਅਤੇ ਜੋ ਸਕਿ੍ਰਪਟ ਲਿਖੀ ਆਉਂਦੀ ਹੈ ਉਹ ਉਹੀ ਬੋਲ ਰਿਹਾ ਹੈ। ਅਸੀਂ ਵਿਚ ਤਾਂ ਉਹ ਕਿਸਾਨਾਂ ਖਿਲਾਫ਼ ਬੋਲ ਕੇ ਆਪਣੀ ਵਜ਼ੀਰੀ ਦਾ ਮੁੱਲ ਚੁਕਾ ਰਿਹਾ ਹੈ, ਤਾਂ ਹੀ ਲੋਕ ਬਿੱਟੂ ਨੂੰ ਸੰਬੋਧਨ ਹੋ ਕੇ ਕਹਿ ਰਹੇ ਹਨ ਕਿ ‘ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ, ਤੇਰੇ ’ਚ ਤੇਰਾ ਯਾਰ ਬੋਲਦਾ।’ ਆਮੀਨ!