ਪੱਕੇ ਕਾਂਗਰਸੀ ਤੋਂ ‘ਪੱਕੇ’ ਭਾਜਪਾਈ ਬਣੇ ਰਵਨੀਤ ਬਿੱਟੂ ਦੀ ਮਜਬੂਰੀ!

ਪੱਕੇ ਕਾਂਗਰਸੀ ਤੋਂ ‘ਪੱਕੇ’ ਭਾਜਪਾਈ ਬਣੇ ਰਵਨੀਤ ਬਿੱਟੂ ਦੀ ਮਜਬੂਰੀ!

ਨੀਤ ਬਿੱਟੂ ਕਾਂਗਰਸੀ ਪਰਿਵਾਰ ਤੋਂ ਹੈ, ਉਸਦੇ ਦਾਦਾ ਬੇਅੰਤ ਸਿੰਘ ’ਤੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਨੌਜਵਾਨ ਸਿੱਖਾਂ ਦਾ ਘਾਣ ਕਰਨ ਦੇ ਦੋਸ਼ ਲੱਗੇ, ਉਸਨੇ ਅਖੌਤੀ ਸ਼ਾਂਤੀ ਪੈਦਾ ਕੀਤੀ, ਪਰ ਸ਼ਾਂਤੀ ਦਾ ਢੰਡੋਰਾ ਪਿੱਟਣ ਵਾਲਾ ਬੇਅੰਤ ਸਿੰਘ ਖੁਦ ਹਿੰਸਕ ਹਮਲੇ ਵਿਚ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ। ਉਸਦੇ ਪਿਤਾ ਜੀ ਤੇਜਪ੍ਰਕਾਸ਼ ਸਿੰਘ ਕੋਟਲੀ ਵਿਧਾਇਕ ਰਹੇ, ਉਸਦੀ ਭੂਆ ਵੀ ਕਾਂਗਰਸ ਤੋਂ ਵਿਧਾਇਕ ਰਹੀ। ਭਾਵ ਪੂਰੇ ਪਰਿਵਾਰ ਨੇ ਕਾਂਗਰਸ ਨੂੰ ਚਰੂੰਡ ਚਰੂੰਡ ਕੇ ਖਾਧਾ ਪਰ ਅੱਜ ਰਵਨੀਤ ਬਿੱਟੂ ਕਾਂਗਰਸ ਦਾ ਸਭ ਤੋਂ ਵੱਡਾ ਦੁਸ਼ਮਣ ਬਣਿਆ ਹੋਇਆ ਨਜ਼ਰ ਆਉਂਦਾ ਹੈ। ਰਵਨੀਤ ਬਿੱਟੂ ਬਿਆਨ ਦੇਣ ਦੇ ਅੰਦਾਜ਼ ਤੋਂ ਹਮੇਸ਼ਾ ਇੰਝ ਲੱਗਦਾ ਰਹਿੰਦਾ ਹੈ ਕਿ ਜਿਵੇਂ ਉਸ ਤੋਂ ਵੱਡਾ ਕੋਈ ਬੱੁਧੀਜੀਵੀ ਨਾ ਹੋਵੇ ਅਤੇ ਉਹ ਬਹੁਤ ਹੀ ਦਿ੍ਰੜ ਨੇਤਾ ਹੋਵੇ। ਬੀ.ਜੇ.ਪੀ. ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ ਬਹੁਤ ਹੀ ਜੋਸ਼ੀਲੇ ਅੰਦਾਜ਼ ਵਿਚ ਕਿਹਾ ਕਿ ਜੇਕਰ ਮੈਨੂੰ ਕੋਈ ਬੀ.ਜੇ.ਪੀ ਵਿਚ ਸ਼ਾਮਿਲ ਹੋਣ ਲਈ ਕਹੇਗਾ ਤਾਂ ਮੈਂ ਜੱੁਤੀ ਲਾਹ ਲਊਂਗਾ। ਪਰ ਥੋੜੇ ਹੀ ਦਿਨਾਂ ਵਿਚ ਕੇਂਦਰੀ ਮੰਤਰੀ ਦੇ ਅਹੁਦੇ ਦਾ ਲੌਲੀਪਾਪ ਦਿਖਦਿਆਂ ਹੀ ਉਸਨੇ ਗਿਰਗਿਟ ਵਾਂਗ ਰੰਗ ਬਦਲ ਲਏ। ਦੂਜੇ ਪਾਸੇ ਕਾਂਗਰਸ ਦੇ ਵੱਡੇ ਨੇਤਾ ਰਾਹੁਲ ਗਾਂਧੀ ਨੇ ਅਮਰੀਕਾ ਦੌਰੇ ’ਤੇ ਸਿੱਖਾਂ ਨਾਲ ਭਾਰਤ ਵਿਚ ਹੁੰਦੀਆਂ ਧੱਕੇਸ਼ਾਹੀਆਂ ਖਿਲਾਫ਼ ਅਵਾਜ਼ ਉਠਾਈ ਤਾਂ ਸਭ ਤੋਂ ਵੱਡਾ ਦੁੱਖ ਰਵਨੀਤ ਬਿੱਟੂ ਨੂੰ ਹੀ ਲੱਗਾ ਤੇ ਉਸਨੇ ਰਾਹੁਲ ਗਾਂਧੀ ਨੂੰ ਭੰਡਣ ਉੱਤੇ ਜ਼ੋਰ ਲਗਾ ਦਿੱਤਾ। ਆਪਣੇ ਅਕਾਵਾਂ ਨੂੰ ਖੁਸ਼ ਕਰਨ ਲਈ ਉਸਨੇ ਕਾਂਗਰਸ ਨੂੰ ਦਿੱਲੀ ਸਿੱਖ ਕਤਲੇਆਮ ਅਤੇ ਦਰਬਾਰ ਸਾਹਿਬ ਉੱਤੇ ਹਮਲੇ ਲਈ ਦੋਸ਼ ਲਗਾ ਦਿੱਤੇ ਜਦਕਿ ਉਸ ਵੇਲੇ ਉਸਦਾ ਪਰਿਵਾਰ ਖੁਦ ਕਾਂਗਰਸੀ ਸੀ ਤੇ ਇਸ ਘਟਨਾਕ੍ਰਮ ਨੂੰ ਉਹ ਹਮੇਸ਼ਾ ਹੀ ਸਹੀ ਠਹਿਰਾਉਂਦਾ ਰਿਹਾ। ਦੂਜੇ ਪਾਸੇ ਉਸਨੂੰ ਸ਼ਾਇਦ ਇਹ ਪਤਾ ਨਹੀਂ ਕਿ ਭਾਜਪਾ ਆਗੂ ਲਾਲ ਕਿ੍ਰਸ਼ਨ ਅਡਵਾਨੀ ਆਪਣੀ ਪੁਸਤਕ ‘ਮਾਈ ਕੰਟਰੀ ਮਾਈ ਲਾਈਫ਼’ ਵਿਚ ਇਹ ਮੰਨ ਚੱੁਕੇ ਹਨ ਕਿ ਦਰਬਾਰ ਸਾਹਿਬ ਉੱਤੇ ਹਮਲੇ ਲਈ ਅਸੀਂ ਹੀ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਸੀ ਅਤੇ ਉਸਨੂੰ ਦੁਰਗਾ ਦਾ ਖਿਤਾਬ ਵੀ ਦਿੱਤਾ ਸੀ।
ਰਾਹੁਲ ਗਾਂਧੀ ਖਿਲਾਫ ਬਿਆਨ ਦੇਣ ’ਤੇ ਕਾਂਗਰਸੀ ਵਰਕਰਾਂ ਨੇ ਰਵਨੀਤ ਬਿੱਟੂ ਦਾ ਘਿਰਾਉ ਕਰਨਾ ਸ਼ੁਰੂ ਕਰ ਦਿੱਤਾ ਹੈ। ਜੈਪੁਰ ਵਿਖੇ ਪੈਦਾ ਹੋਏ ਇਹੋ ਜਿਹੇ ਹਾਲਾਤਾਂ ਉੱਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁੱਧ ਅਪਣੀ ਟਿੱਪਣੀ ਦਾ ਬਚਾਅ ਕਰਦਿਆਂ ਕਿਹਾ ਕਿ ਜੇਕਰ ‘ਕਾਂਗਰਸ ਪਾਰਟੀ ਵਿਰੋਧ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਰਾਹੁਲ ਗਾਂਧੀ ਦਾ ਕਰਨਾ ਚਾਹੀਦਾ ਹੈ।’ ਉੱਥੇ ਕਾਂਗਰਸੀ ਵਰਕਰਾਂ ਨੇ ਸੀ.ਬੀ.ਆਈ. ਫਾਟਕ ਇਲਾਕੇ ’ਚ ਬਿੱਟੂ ਵਿਰੁਧ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਉਨਾਂ ਨੂੰ ਬੱਸਾਂ ’ਚ ਬਿਠਾ ਕੇ ਲੈ ਗਈ। ਇੱਥੇ ਇਕ ਖੇਡ ਸਮਾਗਮ ’ਚ ਹਿੱਸਾ ਲੈਣ ਆਏ ਬਿੱਟੂ ਨੇ ਹਵਾਈ ਅੱਡੇ ’ਤੇ ਮੀਡੀਆ ਵਲੋਂ ਰਾਹੁਲ ਗਾਂਧੀ ਵਿਰੁਧ ਉਨਾਂ ਦੀ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਕਿਹਾ, ‘‘ਇਹ ਕਾਂਗਰਸ ਜਾਂ ਭਾਜਪਾ ਬਾਰੇ ਨਹੀਂ ਹੈ। ਇਹ ਗੱਲ ਪੰਜਾਬ ਅਤੇ ਸਿੱਖਾਂ ਦੀ ਹੈ।’’ ਉਨਾਂ ਕਿਹਾ, ‘‘ਰਾਹੁਲ ਗਾਂਧੀ ਖੁਦ ਕਿੰਨੀ ਵਾਰ ਗੁਰਦੁਆਰਾ ਦਰਬਾਰ ਸਾਹਿਬ ਜਾਂਦੇ ਹਨ। ਤੁਹਾਨੂੰ ਕੌਣ ਰੋਕਦਾ ਹੈ, ਇਸ ਲਈ ਇਹ ਪਾਰਟੀ ਬਾਰੇ ਨਹੀਂ ਹੈ, ਇਹ ਪਾਰਟੀ ਤੋਂ ਉੱਪਰ ਦੀ ਗੱਲ ਹੈ।’’ ਬਿੱਟੂ ਨੇ ਕਿਹਾ, ‘‘ਤੁਸੀਂ ਕਿਸੇ ਇਕ ਵਿਅਕਤੀ ਨੂੰ ਦੱਸੋ... ਸਾਨੂੰ ਕੜਾ ਪਹਿਨਣ ਤੋਂ ਕਿਸ ਨੇ ਰੋਕਿਆ? ਕਿਸ ਨੇ ਸਾਨੂੰ ਪੱਗ ਬੰਨਣ ਤੋਂ ਰੋਕਿਆ? ਕਿਸ ਨੇ ਸਾਨੂੰ ਗੁਰਦੁਆਰਿਆਂ ’ਚ ਜਾਣ ਤੋਂ ਰੋਕਿਆ? ਇਸ ਲਈ ਜੇ ਕਾਂਗਰਸ ਨੇ ਇਸ ਦਾ ਵਿਰੋਧ ਕਰਨਾ ਹੈ ਤਾਂ ਰਾਹੁਲ ਗਾਂਧੀ ਨੂੰ ਕਰਨਾ ਚਾਹੀਦਾ ਹੈ।’’ ਹਾਲਾਂਕਿ, ਮੰਤਰੀ ਨੇ ਇਸ ਬਾਰੇ ਕੁੱਝ ਨਹੀਂ ਕਿਹਾ ਕਿ ਉਹ ਰਾਹੁਲ ਗਾਂਧੀ ਵਿਰੱੁਧ ਅਪਣੇ ਬਿਆਨ ’ਤੇ ਕਾਇਮ ਹਨ ਜਾਂ ਨਹੀਂ। ਰੇਲ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਬਿੱਟੂ ਇੱਥੇ ਜਗਤਪੁਰਾ ਸੂਟਿੰਗ ਰੇਂਜ ਵਿਖੇ 57ਵੇਂ ਅੰਤਰ-ਰੇਲਵੇ ਸੂਟਿੰਗ ਮੁਕਾਬਲੇ ਦਾ ਉਦਘਾਟਨ ਕਰਨ ਆਏ ਸਨ। ਬਿੱਟੂ ਦੇ ਵਿਰੋਧ ’ਚ ਕੁੱਝ ਕਾਂਗਰਸੀ ਵਰਕਰ ਸੀ.ਬੀ.ਆਈ. ਫਾਟਕ ਇਲਾਕੇ ’ਚ ਵੀ ਪਹੁੰਚੇ ਪਰ ਇੱਥੇ ਵੀ ਪੁਲਿਸ ਉਨਾਂ ਨੂੰ ਬੱਸਾਂ ’ਚ ਬਿਠਾ ਕੇ ਲੈ ਗਈ। ਰਵਨੀਤ ਬਿੱਟੂ ਦੀਆਂ ਅੱਖਾਂ ਉੱਤੇ ਭਾਜਪਾ ਦੀ ਪੱਟੀ ਬੱਝ ਗਈ ਹੈ ਇਸ ਲਈ ਹੁਣ ‘ਸੌਣ ਦੇ ਅੰਨੇ ਨੂੰ ਸਭ ਹਰਾ ਹਰਾ’ ਦਿਖਾਈ ਦੇਣ ਲੱਗ ਪਿਆ ਹੈ। ਜੇਕਰ ਲੱਖਾ ਸਿਧਾਣਾ ਦੇ ਉਪਰਾਲਿਆਂ ਉੱਤੇ ਨਜ਼ਰ ਮਾਰੀ ਜਾਵੇ ਤਾਂ ਉਸਨੇ ਕਿੰਨੀਆਂ ਉਦਾਹਰਣਾ ਦਿੱਤੀਆਂ ਹਨ ਕਿ ਸਕੂਲਾਂ ਵਿਚ ਕੜੇ ਨਹੀਂ ਪਾਉਣ ਦਿੱਤੇ ਜਾ ਰਹੇ, ਪੰਜਾਬੀ ਨਹੀਂ ਬੋਲਣ ਦਿੱਤੀ ਜਾ ਰਹੀ, ਪਿ੍ਰੰਸੀਪਲ ਤੱਕ ਨੂੰ ਪੰਜਾਬ ਦੇ ਸਕੂਲ ਵਿਚ ਪੜਾਉਂਦੇ ਹੋਏ ਵੀ ਪੰਜਾਬੀ ਦੀ ਜਾਣਕਾਰੀ ਨਹੀਂ ਹੈ। ਰਵਨੀਤ ਬਿੱਟੂ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ਼ ਰਿਹਾ ਹੈ, ਉਹ ਭਾਵੇਂ ਕਾਂਗਰਸ ’ਚ ਹੋਵੇ ਜਾਂ ਬੀ.ਜੇ.ਪੀ. ’ਚ, ਉਹਨੇ ਹਮੇਸ਼ਾ ਹੀ ਸਿੱਖਾਂ ਹਿਰਦਿਆਂ ਨੂੰ ਜ਼ਖ਼ਮੀ ਕਰਨ ਵਾਲੇ ਬਿਆਨ ਹੀ ਉਸਨੇ ਦਿੱਤੇ ਹਨ। ਹਾਲ ਦੀ ਘੜੀ ਉਹ ਆਪਣੀ ਮਾਂ ਪਾਰਟੀ ਕਾਂਗਰਸ ਦੇ ਖਿਲਾਫ ਮੋਰਚਾ ਖੋਲ ਕੇ ਬੈਠਾ ਹੈ। ਉਸਦੇ ਇਕਦਮ ਬਦਲਣ ਦੀ ਪ੍ਰਕਿਰਿਆ ਉੱਤੇ ਉਸਤਾਦ ਸ਼ਾਇਰ ਡਾ. ਸੁਰਜੀਤ ਪਾਤਰ ਜੀ ਦਾ ਇਕ ਸ਼ਿਅਰ ਜ਼ਰੂਰ ਢੁੱਕਦਾ ਹੈ:
ਰੇਤਾ ਉੱਤੋਂ ਪੈੜ ਮਿਟਦਿਆਂ ਫਿਰ ਵੀ ਕੁਝ ਚਿਰ ਲੱਗਦਾ ਹੈ,
ਕਿੰਨੀ ਛੇਤੀਂ ਭੱੁਲ ਗਏ ਸਾਨੂੰ ਤੇਰੇ ਯਾਰ ਨਗਰ ਦੇ ਲੋਕ।   
ਰਵਨੀਤ ਸਿੰਘ ਬਿੱਟੂ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਕਰਨਾ ਬਹੁਤ ਕੁਝ ਚਾਹੁੰਦਾ ਹੈ ਪਰ ਅਸਲ ਵਿਚ ਉਹ ਜਿਹੜਾ ਵੀ ਬਿਆਨ ਦਿੰਦਾ ਹੈ ਉਸ ਵਿਚ ਉਹ ਆਪ ਹੀ ਫਸ ਜਾਂਦਾ ਹੈ ਪਰ ਕਾਂਗਰਸ ਖਿਲਾਫ ਬਿਆਨ ਦੇਣੇ ਉਸਦੀ ਮਜਬੂਰੀ ਹੈ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ’ਚ ਉਹ ਹੋਰ ਕਿਹੜਾ ਰੰਗ ਬਦਲਦਾ ਹੈ। ਆਮੀਨ!