ਪੰਜਾਬੀ ਲੋਕ-ਗਾਇਕੀ ਦੀ ਬੁਲੰਦ ਤੇ ਸੁਰੀਲੀ ਆਵਾਜ਼ ‘ਰਣਜੀਤ ਬਾਵਾ’

ਪੰਜਾਬੀ ਲੋਕ-ਗਾਇਕੀ ਦੀ ਬੁਲੰਦ ਤੇ ਸੁਰੀਲੀ ਆਵਾਜ਼ ‘ਰਣਜੀਤ ਬਾਵਾ’

ਪੰਜਾਬੀ ਲੋਕ-ਗਾਇਕੀ ਵਿੱਚ ਜੇਕਰ ਉਨ੍ਹਾਂ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਜਿਨ੍ਹਾਂ ਨੇ ਆਪਣੀ ਗਾਇਕੀ ਰਾਹੀਂ ਲੋਕ-ਸੰਗੀਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ, ਤਾਂ ਰਣਜੀਤ ਬਾਵਾ ਦਾ ਨਾਮ ਮੋਹਰਲੀ ਕਤਾਰ ਵਿੱਚ ਆਉਂਦਾ ਹੈ। ਲੋਕ-ਧੁਨਾਂ ਦੀ ਮਿੱਠਾਸ, ਸ਼ਬਦਾਂ ਦੀ ਸਾਦਗੀ ਅਤੇ ਪੰਜਾਬ ਦੀ ਮਿੱਟੀ ਨਾਲ ਜੁੜੇ ਵਿਸ਼ਿਆਂ ਨੇ ਉਨ੍ਹਾਂ ਨੂੰ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੁਨੀਆ ਭਰ ਦੇ ਪੰਜਾਬੀਆਂ ਦਾ ਚਹੇਤਾ ਕਲਾਕਾਰ ਬਣਾਇਆ ਹੈ।
ਰਣਜੀਤ ਬਾਵਾ ਦਾ ਜਨਮ 14 ਮਾਰਚ 1989 ਨੂੰ ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਵਿੱਚ ਹੋਇਆ। ਉਨ੍ਹਾਂ ਦਾ ਅਸਲੀ ਨਾਮ ਰਣਜੀਤ ਸਿੰਘ ਬਾਜਵਾ ਹੈ। ਬਚਪਨ ਤੋਂ ਹੀ ਗਾਇਕੀ ਪ੍ਰਤੀ ਰੁਝਾਨ ਕਾਰਨ ਉਨ੍ਹਾਂ ਨੇ ਸੰਗੀਤ ਦੀ ਵਿਧੀਵਤ ਸਿੱਖਿਆ ਹਾਸਲ ਕੀਤੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸੰਗੀਤ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਇਹ ਸਿੱਖਿਆ ਹੀ ਉਨ੍ਹਾਂ ਦੀ ਗਾਇਕੀ ਦੀ ਮਜ਼ਬੂਤ ਬੁਨਿਆਦ ਬਣੀ।
ਸਾਲ 2013 ਵਿੱਚ ਰਿਲੀਜ਼ ਹੋਏ ਗੀਤ ‘ਜੱਟ ਦੀ ਅਕਲ’ ਨੇ ਉਨ੍ਹਾਂ ਨੂੰ ਪੰਜਾਬੀ ਸੰਗੀਤ ਜਗਤ ਵਿੱਚ ਵੱਖਰੀ ਪਛਾਣ ਦਿਵਾਈ। ਇਸ ਤੋਂ ਬਾਅਦ ‘ਮਿੱਟੀ ਦਾ ਬਾਵਾ’, ‘ਯਾਰੀ ਚੰਡੀਗੜ੍ਹ ਵਾਲੀਏ’, ‘ਇੰਪ੍ਰੈੱਸ’, ‘ਪੰਜਾਬ ਬੋਲਦਾ’, ‘ਕਿੰਨੇ ਆਏ ਕਿੰਨੇ ਗਏ’ ਸਮੇਤ ਕਈ ਗੀਤਾਂ ਨੇ ਉਨ੍ਹਾਂ ਨੂੰ ਲੋਕ-ਗਾਇਕੀ ਦੇ ਪ੍ਰਮੁੱਖ ਚਿਹਰਿਆਂ ਵਿੱਚ ਸ਼ਾਮਲ ਕਰ ਦਿੱਤਾ। ਉਨ੍ਹਾਂ ਦੀ ਐਲਬਮ ‘ਮਿੱਟੀ ਦਾ ਬਾਵਾ’ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੀ ਸਨਮਾਨ ਮਿਲਿਆ।
ਸੰਗੀਤ ਦੇ ਨਾਲ-ਨਾਲ ਰਣਜੀਤ ਬਾਵਾ ਨੇ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ। ਉਨ੍ਹਾਂ ਦੀ ਅਦਾਕਾਰੀ ਵਾਲੀਆਂ ਫ਼ਿਲਮਾਂ ਨੇ ਦਰਸ਼ਕਾਂ ਅਤੇ ਸਮੀਖਿਆਕਾਰਾਂ ਦੋਵਾਂ ਤੋਂ ਪ੍ਰਸ਼ੰਸਾ ਹਾਸਲ ਕੀਤੀ। ਲੋਕ-ਸੱਭਿਆਚਾਰ, ਇਤਿਹਾਸ ਅਤੇ ਸਮਾਜਿਕ ਵਿਸ਼ਿਆਂ ਨਾਲ ਜੁੜੀਆਂ ਭੂਮਿਕਾਵਾਂ ਨੂੰ ਉਨ੍ਹਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ।
ਹਾਲ ਹੀ ਵਿੱਚ ਰਣਜੀਤ ਬਾਵਾ ਨੇ ਆਪਣਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਟੂਰ ਸਫ਼ਲਤਾਪੂਰਵਕ ਸਮਾਪਤ ਕੀਤਾ। ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਲਾਈਵ ਸ਼ੋਅਜ਼ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਟੂਰ ਨੇ ਉਨ੍ਹਾਂ ਦੀ ਅੰਤਰਰਾਸ਼ਟਰੀ ਲੋਕਪ੍ਰਿਯਤਾ ਨੂੰ ਹੋਰ ਮਜ਼ਬੂਤ ਕੀਤਾ।
ਹੁਣ ਰਣਜੀਤ ਬਾਵਾ ਅਗਸਤ–ਸਤੰਬਰ 2026 ਦੇ ਅਮਰੀਕਾ ਟੂਰ ਰਾਹੀਂ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਆਪਣੇ ਪ੍ਰਸ਼ੰਸਕਾਂ ਨਾਲ ਰੂਬਰੂ ਹੋਣਗੇ। ਇਸ ਟੂਰ ਨੂੰ ‘ਔਰਬਿਟ ਪਰੈਜ਼ੈਂਟਸ’ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸੀਐਟਲ, ਫਰਿਜ਼ਨੋ, ਪੋਰਟਲੈਂਡ, ਬੇ-ਏਰੀਆ, ਸਟਾਕਟਨ, ਵਾਸ਼ਿੰਗਟਨ ਡੀ.ਸੀ., ਨਿਊ ਜਰਸੀ, ਇੰਡੀਆਨਾਪੋਲਿਸ, ਗ੍ਰੈਂਡ ਰੈਪਿਡਸ, ਡੇਟ੍ਰਾਇਟ, ਨਿਊਯਾਰਕ, ਡੱਲਾਸ ਅਤੇ ਅਟਲਾਂਟਾ ਸਮੇਤ ਕਈ ਸ਼ਹਿਰ ਸ਼ਾਮਲ ਹਨ।
ਇਸ ਟੂਰ ਦੇ ਦੋ ਵਿਸ਼ੇਸ਼ ਸਮਾਗਮ 29 ਅਗਸਤ 2026 ਨੂੰ ਯੂਨੀਅਨ ਕੰਟਰੀ ਪ੍ਰਫਾਰਮਿੰਗ ਆਰਟਸ ਸੈਂਟਰ ਨਿਊ ਜਰਸੀ ਅਤੇ 12 ਸਤੰਬਰ 2026 ਨੂੰ ਕੋਲਡਨ ਆਡੀਟੋਰੀਅਮ, ਫਲੱਸ਼ਿੰਗ ਨਿਊਯਾਰਕ ਵਿਖੇ ਹੋਣਗੇ। ਇਨ੍ਹਾਂ ਦੋਵਾਂ ਸ਼ੋਅਜ਼ ਦਾ ਆਯੋਜਨ ਲੱਖੀ ਗਿੱਲ ਅਤੇ ਧੀਰਜ ਛੋਕਰਾਂ ਵੱਲੋਂ ਹਾਈਪ ਇੰਟਰਟੇਨਮੈਂਟ ਅਤੇ ਫੋਕ ਸਟਾਰ ਇੰਟਰਟੇਨਮੈਂਟ ਯੂ.ਐੱਸ.ਏ. ਦੇ ਸਾਂਝੇ ਬੈਨਰ ਹੇਠ ਕੀਤਾ ਜਾ ਰਿਹਾ ਹੈ।
ਅੱਜ ਰਣਜੀਤ ਬਾਵਾ ਸਿਰਫ਼ ਇੱਕ ਸਫ਼ਲ ਗਾਇਕ ਨਹੀਂ, ਸਗੋਂ ਪੰਜਾਬੀ ਲੋਕ-ਸੰਗੀਤ ਅਤੇ ਸੱਭਿਆਚਾਰ ਦੇ ਅਜਿਹੇ ਪ੍ਰਤੀਨਿਧ ਹਨ ਜਿਨ੍ਹਾਂ ਨੇ ਆਪਣੀ ਕਲਾ ਰਾਹੀਂ ਪੰਜਾਬ ਦੀ ਆਵਾਜ਼ ਨੂੰ ਅੰਤਰਰਾਸ਼ਟਰੀ ਮੰਚਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਦੀ ਗਾਇਕੀ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਕੰਮ ਕਰ ਰਹੀ ਹੈ ਅਤੇ ਇਹੀ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਧੀਰਜ ਛੋਕਰਾਂ
ਸੰਪਾਦਕ, ਪੰਜਾਬੀ ਰਾਈਟਰ