ਪੈਰੋਲ ਲੈਣਾ ਖੱਬੇ ਹੱਥ ਦੀ ਖੇਡ ਬਣ ਗਿਆ ਸੌਦਾ ਸਾਧ ਲਈ

ਪੈਰੋਲ ਲੈਣਾ ਖੱਬੇ ਹੱਥ ਦੀ ਖੇਡ ਬਣ ਗਿਆ ਸੌਦਾ ਸਾਧ ਲਈ

ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ 11ਵੀਂ ਵਾਰ ਦੁਬਾਰਾ ਜੇਲ ਵਿੱਚੋਂ ਪੈਰੋਲ ਉੱਤੇ ਆਉਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 21 ਦਿਨਾਂ ਦੀ ਫਰਲੋ ਤੋਂ ਬਾਅਦ 4 ਸਤੰਬਰ ਨੂੰ ਰੋਹਤਕ ਜੇਲ ਵਾਪਸ ਪਰਤਿਆ ਸੀ। ਉਸ ਨੂੰ 2017 ਤੋਂ ਹੁਣ ਤੱਕ 10 ਵਾਰ ਪੈਰੋਲ ਜਾਂ ਫਰਲੋ ਦਿੱਤੀ ਜਾ ਚੁੱਕੀ ਹੈ। ਵਾਰ-ਵਾਰ ਪੈਰੋਲ ਮਿਲਣ ’ਤੇ ਸੂਬਾ ਸਰਕਾਰ ’ਤੇ ਕਈ ਸਵਾਲ ਖੜੇ ਹੋ ਗਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਸੀ। ਜਿਸ ’ਤੇ ਹਾਈਕੋਰਟ ਨੇ ਕਿਹਾ ਸੀ ਕਿ ਰਾਮ ਰਹੀਮ ਨੂੰ ਬਿਨਾਂ ਇਜਾਜ਼ਤ ਦੇ ਪੈਰੋਲ ਜਾਂ ਫਰਲੋ ਨਹੀਂ ਦਿੱਤੀ ਜਾਣੀ ਚਾਹੀਦੀ। ਬਾਅਦ ਵਿੱਚ ਹਾਈ ਕੋਰਟ ਨੇ ਵੀ ਪੈਰੋਲ ਜਾਂ ਫਰਲੋ ਦੀ ਜ਼ਿੰਮੇਵਾਰੀ ਸੂਬਾ ਸਰਕਾਰ ’ਤੇ ਛੱਡ ਦਿੱਤੀ ਸੀ। ਦੱਸਣਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ 25 ਅਗਸਤ 2017 ਨੂੰ ਪੰਚਕੂਲਾ ’ਚ ਗਿ੍ਰਫ਼ਤਾਰ ਕਰਨ ਤੋਂ ਬਾਅਦ ਰੋਹਤਕ ਜੇਲ ’ਚ ਲਿਆਂਦਾ ਗਿਆ ਸੀ। ਬਾਅਦ ਵਿੱਚ ਸੀ.ਬੀ.ਆਈ ਅਦਾਲਤ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਜੇਲ ਵਿੱਚ ਅਦਾਲਤ ਦੀ ਸਥਾਪਨਾ ਕੀਤੀ ਅਤੇ ਜਿਨਸੀ ਸੋਸ਼ਣ ਦੇ ਮਾਮਲੇ ਵਿੱਚ 10-10 ਸਾਲ ਦੀ ਸਜ਼ਾ ਸੁਣਾਈ। ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਸਾਬਕਾ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਣਜੀਤ ਸਿੰਘ ਕਤਲ ਕੇਸ ਵਿੱਚ ਉਸ ਨੂੰ ਬਰੀ ਕਰ ਦਿੱਤਾ ਸੀ। ਸੌਦਾ ਸਾਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਣ ਕਾਰਨ ਸਿੱਖ ਪੰਥ ਵਿਚ ਨਫ਼ਰਤ ਦਾ ਪਾਤਰ ਬਣਿਆ ਹੋਇਆ ਹੈ। ਇਸੇ ਘਟਨਾ ਦੇ ਵਿਰੋਧ ਵਿਚ ਜਦੋਂ ਸਿੱਖਾਂ ਨੇ ਥਾਂ ਥਾਂ ਮੁਜਾਹਰੇ ਕਰਨੇ ਸ਼ੁਰੂ ਕੀਤੇ ਤਾਂ ਸੌਦਾ ਸਾਧ ਦੇ ਭਗਤਾਂ ਨੂੰ ਲੱਗਿਆ ਕਿ ਸਿੱਖਾਂ ਨੇ ਉਹਨਾਂ ਦੇ ਗੁਰੂ (ਸੌਦਾ ਸਾਧ) ਦੀ ਤੌਹੀਨ ਕਰ ਦਿੱਤੀ ਹੈ ਇਸ ਲਈ ਉਹਨਾਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਰਾਹਾਂ ਵਿਚ ਖਿਲਾਰ ਕੇ ਬੇਅਦਬੀ ਕਰ ਕੇ ਬਦਲਾ ਲਿਆ। ਇਹਨਾਂ ਬੇਅਦਬੀਆਂ ਤੋਂ ਬਾਅਦ ਪੰਜਾਬੀ ਦੀ ਸਿਆਸਤ ਵਿਚ ਇਕ ਤਰਾਂ ਨਾਲ ਭੁਚਾਲ ਹੀ ਆ ਗਿਆ ਸੀ। ਉਸ ਵੇਲੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਹੋਣ ਕਾਰਨ ਸਿੱਖਾਂ ਨੂੰ ਆਸ ਸੀ ਕਿ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦੀ ਬਾਂਹ ਫੜਨਗੇ ਅਤੇ ਸੌਦਾ ਸਾਧ ਅਤੇ ਉਸਦੇ ਸ਼ਰਧਾਲੂਆਂ ਨੂੰ ਨੱਥ ਪਾਉਣਗੇ। ਪਰ ਅਫਸੋਸ! ਅਜਿਹਾ ਨਹੀਂ ਹੋਇਆ ਸਗੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਸੌਦਾ ਸਾਧ ਦੇ ਹੱਕ ਵਿਚ ਖੜ ਗਿਆ। ਧਰਨੇ ਮੁਜਾਹਰੇ ਕਰਨ ਵਾਲੇ ਸਿੰਘਾਂ ਉੱਤੇ ਲਾਠੀਆਂ, ਗੋਲੀਆਂ ਚਲਾਈਆਂ ਗਈਆਂ। ਇਹਨਾਂ ਘਟਨਾਵਾਂ ਵਿਚ ਕਈ ਸਿੰਘ ਸ਼ਹੀਦ ਹੋ ਗਏ। ਕੁਲ ਮਿਲਾ ਕੇ ਹਰ ਸਿੱਖ ਦੇ ਅੰਦਰ ਸੌਦਾ ਸਾਧ ਪ੍ਰਤੀ ਨਫਰਤ ਪੈਦਾ ਹੋ ਗਈ। ਇਸੇ ਦੇ ਚੱਲਦਿਆਂ ਸੁਖਬੀਰ ਸਿੰਘ ਬਾਦਲ ਦੇ ਮਨ ਵਿਚ ਪਤਾ ਨਹੀਂ ਕੀ ਆਇਆ ਕਿ ਉਸਨੇ ਸੌਦਾ ਸਾਧ ਨੂੰ ਉਸ ਵਲੋਂ ਬਿਨਾਂ ਮੰਗਿਆਂ ਹੀ ਮੁਆਫ਼ੀ ਦੁਆ ਦਿੱਤੀ ਗਈ। ਸਿੱਖ ਪੰਥ ਨੇ ਇਸਦਾ ਏਨਾ ਕੁ ਬੁਰਾ ਮਨਾਇਆ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਹ ਮੁਆਫ਼ੀਨਾਮਾ ਵਾਪਸ ਲੈਣਾ ਪਿਆ। ਸ਼੍ਰੋਮਣੀ ਅਕਾਲੀ ਦਲ ਵਲੋਂ ਖੇਡੀ ਗਈ ਇਸ ਗੈਰਜ਼ਿੰਮੇਵਾਰੀ ਵਾਲੀ ਖੇਡ ਨਾਲ ਅੱਜ ਅਕਾਲੀ ਦਲ ਨਸ਼ਟ ਹੋਣ ਦੇ ਕੰਡੇ ’ਤੇ ਹੈ। ਇਸੇ ਮਾਮਲੇ ’ਚ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਖੈਰ! ਇਹ ਤਾਂ ਮਾਮਲਾ ਸੀ ਕਿ ਸਿੱਖਾਂ ਦੀ ਸੌਦਾ ਸਾਧ ਨਾਲ ਲਾਗ ਡਾਟ ਦਾ ਆਧਾਰ ਕੀ ਹੈ? ਹੁਣ ਗੱਲ ਕਰਦੇ ਹਾਂ ਕਿ ਸੌਦਾ ਸਾਧ ਨੂੰ ਵਾਰ ਵਾਰ ਪੈਰੋਲ ਜਾਂ ਫਰਲੋ ਦੇਣ ਦਾ ਮਤਲਬ ਕੀ ਹੈ? ਅਸਲ ਵਿਚ ਸੌਦਾ ਸਾਧ ਦੇ ਮਗਰ ਬਹੁਤ ਜ਼ਿਆਦਾ ਸੰਗਤ ਹੈ ਅਤੇ ਹਰ ਸਿਆਸੀ ਪਾਰਟੀ ਦੀ ਉਸ ਉੱਤੇ ਅੱਖ ਹੈ ਕਿ ਉਸਦੇ ਭਗਤਾਂ ਦੀਆਂ ਵੋਟਾਂ ਉਸਦੀ ਪਾਰਟੀ ਨੂੰ ਮਿਲ ਜਾਣ। ਇਸੇ ਲਈ ਸਾਰੀਆਂ ਹੀ ਪਾਰਟੀਆਂ ਸੌਦਾ ਸਾਧ ਉੱਤੇ ਡੋਰੇ ਪਾਉਣ ਲੱਗੀਆਂ। ਭਾਜਪਾ ਕੇਂਦਰ ਦੀ ਸੱਤਾ ਉੱਤੇ ਕਾਬਜ ਹੈ। ਉਸ ਕੋਲ ਅਸੀਂਮ ਸ਼ਕਤੀਆਂ ਹਨ। ਉਹ ਕੁਝ ਵੀ ਕਰ ਸਕਦੀ ਹੈ। ਇਸੇ ਲਈ ਜਦੋਂ ਵੀ ਉਸਨੂੰ ਲੋੜ ਹੁੰਦੀ ਹੈ ਉਹ ਸੌਦਾ ਸਾਧ ਨੂੰ ਬਾਹਰ ਕੱਢ ਲੈਂਦੀ ਹੈ। ਹੁਣ 5 ਅਕਤੂਬਰ ਨੂੰ ਹਰਿਆਣਾ ਵਿਚ ਚੋਣਾ ਹਨ ਅਤੇ ਇਸੇ ਦੇ ਚੱਲਦਿਆਂ ਸੌਦਾ ਸਾਧ ਨੂੰ ਜੇਲ ਤੋਂ ਬਾਹਰ ਲਿਆਂਦਾ ਗਿਆ ਹੈ।  ਜੇਕਰ ਉਸਦੀ ਪੈਰੋਲ ਦੇ ਇਤਿਹਾਸ ਉੱਤੇ ਨਜ਼ਰ ਮਾਰੀ ਜਾਵੇ ਤਾਂ ਸਾਹਮਣੇ ਆਉਂਦਾ ਹੈ ਕਿ 24 ਅਕਤੂਬਰ 2020 ਨੂੰ ਹਸਪਤਾਲ ਵਿੱਚ ਭਰਤੀ ਮਾਂ ਨੂੰ ਮਿਲਣ ਲਈ 1 ਦਿਨ ਲਈ, 21 ਮਈ 2021 ਨੂੰ ਮਾਂ ਨੂੰ ਦੂਜੀ ਵਾਰ ਮਿਲਣ ਲਈ 12 ਘੰਟਿਆਂ ਲਈ, 7 ਫਰਵਰੀ 2022 ਨੂੰ ਪਰਿਵਾਰ ਨੂੰ ਮਿਲਣ ਲਈ 21 ਦਿਨਾਂ ਲਈ, ਜੂਨ 2022 ਨੂੰ 30 ਦਿਨਾਂ ਲਈ (ਯੂ.ਪੀ. ਦੇ ਬਾਗਪਤ ਆਸ਼ਰਮ), 14 ਅਕਤੂਬਰ 202 ਨੂੰ 40 ਦਿਨਾਂ ਲਈ, 21 ਜਨਵਰੀ 2023 ਨੂੰ ਛੇਵੀਂ ਵਾਰ 40 ਦਿਨਾਂ ਲਈ (ਸ਼ਾਹ ਸਤਿਨਾਮ ਸਿੰਘ ਦੇ ਜਨਮ ਦਿਨ ’ਤੇ ਸ਼ਾਮਿਲ ਹੋਣ ਲਈ), 20 ਜੁਲਾਈ 2023 ਨੂੰ ਸੱਤਵੀਂ ਵਾਰ 30 ਦਿਨਾਂ ਲਈ, 21 ਨਵੰਬਰ 2023 ਨੂੰ 21 ਦਿਨਾਂ ਲਈ, 19 ਜਨਵਰੀ 2024 ਨੂੰ 50 ਦਿਨਾਂ ਲਈ ਅਤੇ 13 ਅਗਸਤ 2024 ਨੂੰ 21 ਦਿਨਾਂ ਦੀ ਪੈਰੋਲ ਸੌਦਾ ਸਾਧ ਨੂੰ ਮਿਲ ਚੱੁਕੀ ਹੈ ਅਤੇ ਹੁਣ ਅਗਲੀ ਪੈਰੋਲ ਵੀ ਮਨਜ਼ੂਰ ਹੋ ਚੱੁਕੀ ਹੈ।
ਇਹ ਸਿਆਸਤ ਸਮਝਣ ਨੂੰ ਦਿਮਾਗ ਉੱਤੇ ਕੋਈ ਜ਼ਿਆਦਾ ਜ਼ੋਰ ਪਾਉਣ ਦੀ ਲੋੜ ਨਹੀਂ ਪਵੇਗੀ। ਅਸਲ ਵਿਚ ਹਰਿਆਣਾ ਵਿਚ 5 ਅਕਤੂਬਰ 2024 ਨੂੰ ਵਿਧਾਨ ਸਭਾ ਦੀਆਂ ਚੋਣਾਂ ਹਨ। ਹਰਿਆਣਾ ਵਿਚ ਬਾਬੇ ਦੀ ਵੋਟ ਦਾ ਬਹੁਤ ਵੱਡਾ ਆਧਾਰ ਹੈ। ਭਾਜਪਾ ਨੂੰ ਲੱਗਦਾ ਹੈ ਕਿ ਜੇਕਰ ਉਹ ਸੌਦਾ ਸਾਧ ਨੂੰ ਇਹਨਾਂ ਦਿਨਾਂ ਵਿਚ ਜੇਲ ਤੋਂ ਬਾਹਰ ਲੈ ਕੇ ਆਏਗੀ ਤਾਂ ਉਸਨੂੰ ਵੋਟਾਂ ਵਿਚ ਵੱਡਾ ਸਮਰਥਨ ਮਿਲੇਗਾ। ਪਰ ਰੱਬ ਦੀ ਕਰਨੀ ਐਸੀ ਹੈ ਕਿ ਅੱਜ ਤੱਕ ਜਿਸ ਵੀ ਪਾਰਟੀ ਦਾ ਸੌਦਾ ਸਾਧ ਨੇ ਸਮਰਥਨ ਕੀਤਾ ਹੈ ਉਸੇ ਪਾਰਟੀ ਦੀ ਸਰਕਾਰ ਹਾਰਦੀ ਆਈ ਹੈ। ਭਾਜਪਾ ਆਪਣੀ ਰਣਨੀਤੀ ਅਨੁਸਾਰ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੀ। ਸੌਦਾ ਸਾਧ ਦੀ ਆਰਜ਼ੀ ਰਿਹਾਈ ਨਾਲ ਜ਼ਰੂਰ ਉਸਦੇ ਸ਼ਰਧਾਲੂ ਖੁਸ਼ ਹੋਏ ਹੋਣਗੇ ਅਤੇ ਇਸ ਖੁਸ਼ੀ ਨੂੰ ਭਾਜਪਾ ਕੈਸ਼ ਕਰਨ ਦੇ ਮੂਡ ਵਿਚ ਹੈ। ਆਮ ਕੈਦੀ ਵਰਿਆਂ ਬੱਧੀ ਪੈਰੋਲ ਦੀ ਉਡੀਕ ਕਰਦੇ ਹਨ। ਬੰਦੀ ਸਿੰਘ ਆਪਣੀਆਂ ਕੈਦਾਂ ਭੁਗਤਣ ਤੋਂ ਬਾਅਦ ਵੀ ਜੇਲਾਂ ਵਿਚ ਬੰਦ ਹਨ। ਉਹਨਾਂ ਸਿੰਘਾਂ ਨੇ ਕੋਈ ਅਜਿਹਾ ਜੁਰਮ ਵੀ ਨਹੀਂ ਕੀਤਾ ਜਿਹੋ ਜਿਹਾ ਸੌਦਾ ਸਾਧ ਨੇ ਕੀਤਾ ਹੈ ਪਰ ਫਿਰ ਵੀ ਸਰਕਾਰਾਂ ਵਲੋਂ ਸੌਦਾ ਸਾਧ ਉੱਤੇ ਹੀ ਨਜ਼ਰ ਸਵੱਲੀ ਕੀਤੀ ਜਾ ਰਹੀ ਹੈ। ਹੁਣ 11ਵੀਂ ਵਾਰ ਪੈਰੋਲ ਉੱਤੇ ਬਾਬਾ ਫਿਰ ਬਾਹਰ ਆਵੇਗਾ। ਭਾਵੇਂ ਕਿ ਚੋਣ ਕਮਿਸ਼ਨ ਨੇ ਉਸ ਉੱਤੇ ਚੋਣ ਪ੍ਰਚਾਰ ਕਰਨ ਜਾਂ ਹਰਿਆਣਾ ਸੂਬੇ ਵਿਚ ਜਾਣ ’ਤੇ ਰੋਕ ਲਗਾਈ ਹੋਈ ਹੈ ਪਰ ਫਿਰ ਵੀ ਜੇਕਰ ਉਹ ਜੇਲ ਤੋਂ ਬਾਹਰ ਆਇਆ ਹੈ ਤਾਂ ਸਭ ਨੂੰ ਪਤਾ ਹੈ ਕਿ ਉਸਨੂੰ ਬਾਹਰ ਲਿਆਉਣ ਵਿਚ ਭਾਜਪਾ ਦਾ ਯੋਗਦਾਨ ਹੈ। ਇਸ ਲਈ ਹੋ ਸਕਦਾ ਹੈ ਕਿ ਬਾਬਾ ਹਰਿਆਣਾ ਚੋਣਾਂ ਵਿਚ ਆਪਣੇ ਭਗਤਾਂ ਦਾ ਮੂਹ ਬੀ.ਜੇ.ਪੀ. ਵੱਲ ਮੋੜ ਦੇਵੇ। ਬਾਬੇ ਉੱਤੇ ਭਾਵੇਂ ਵੋਟਾਂ ਦੇ ਪ੍ਰਚਾਰ ਦੀ ਪਾਬੰਦ ਹੈ ਪਰ ਫਿਰ ਵੀ ਉਹ ਆਪਣੇ ਨੇੜਲੇ ਸ਼ਰਧਾਲੂਆਂ ਦੁਆਰਾ ਆਪਣੇ ਮੁਰੀਦਾਂ ਵਿਚ ਇਹ ਖਬਰ ਫੈਲਾ ਸਕਦਾ ਹੈ ਕਿ ਵੋਟ ਕਿਸਨੂੰ ਪਾਉਣੀ ਹੈ? ਭਾਜਪਾ ਨੇ ਤਾਂ ਚਾਲ ਚੱਲ ਦਿੱਤੀ ਹੈ ਪਰ ਲੋਕਾਂ ਦਾ ਕੀ ਫੈਸਲਾ ਹੈ, ਉਸ ਲਈ ਉਡੀਕ ਕਰਨੀ ਪਵੇਗੀ ਪਰ ਸੌਦਾ ਸਾਧ ਦੀ ਇਸ ਪੈਰੋਲ ਤੋਂ ਲੱਗਦਾ ਹੈ ਕਿ ਸੌਦਾ ਸਾਧ ਲਈ ਪੈਰੋਲ ਹਾਸਲ ਕਰਨਾ ਇਕ ਖੱਬੇ ਹੱਥ ਦੀ ਖੇਡ ਬਣ ਗਈ ਹੈ। ਆਮੀਨ!