
ਜੈਪੁਰ/ਕੋਲਕਾਤਾ-ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਰਾਜਸਥਾਨ ਵਿੱਚ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਅਤੇ ਪੱਛਮੀ ਬੰਗਾਲ ਵਿੱਚ ਮੰਤਰੀ ਜਯੋਤੀਪ੍ਰਿਯੋ ਮਲਿਕ ਦੀ ਰਿਹਾਇਸ਼ ’ਤੇ ਛਾਪੇ ਮਾਰੇ। ਈਡੀ ਮੁਤਾਬਕ ਡੋਟਾਸਰਾ ਉੱਤੇ ਪੇਪਰ ਲੀਕ ਮਾਮਲੇ ਅਤੇ ਜਯੋਤੀਪ੍ਰਿਯੋ ਖ਼ਿਲਾਫ਼ ਰਾਸ਼ਨ ਵੰਡ ਘੁਟਾਲੇ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ। ਇਸੇ ਦੌਰਾਨ ਈਡੀ ਨੇ ਫੇਮਾ ਮਾਮਲੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪੁੱਤਰ ਵੈਭਵ ਗਹਿਲੋਤ ਨੂੰ ਭਲਕੇ ਨਵੀਂ ਦਿੱਲੀ ਦਫ਼ਤਰ ਵਿੱਚ ਤਲਬ ਕੀਤਾ ਹੈ। ਰਾਜਸਥਾਨ ਵਿੱਚ ਵਿਧਾਨ ਸਭਾ ਚੋਣਾਂ ਕਾਰਨ ਸਿਆਸਤ ਭਖ ਗਈ ਹੈ ਅਤੇ ਗਹਿਲੋਤ ਸਣੇ ਹੋਰ ਆਗੂਆਂ ਨੇ ਦੋਸ਼ ਲਾਇਆ ਹੈ ਕਿ ਭਾਜਪਾ ਜਾਂਚ ਏਜੰਸੀਆਂ ਰਾਹੀਂ ਬਦਲਾਖੋਰੀ ਦੀ ਸਿਆਸਤ ਕਰ ਰਹੀ ਹੈ। ਰਾਜਸਥਾਨ ਵਿੱਚ ਕਥਿਤ ਪੇਪਰ ਲੀਕ ਮਾਮਲੇ ਸਬੰਧੀ ਮਨੀ ਲਾਂਡਰਿੰਗ ਜਾਂਚ ਤਹਿਤ ਅੱਜ ਕਾਂਗਰਸ ਦੇ ਸੂਬਾ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਦੇ ਜੈਪੁਰ ਅਤੇ ਸੀਕਰ ਸਥਿਤ ਘਰ ਵਿੱਚ ਛਾਪੇ ਮਾਰੇ। ਸੂਤਰਾਂ ਨੇ ਦੱਸਿਆ ਕਿ ਸਾਬਕਾ ਸਕੂਲ ਸਿੱਖਿਆ ਮੰਤਰੀ ਡੋਟਾਸਰਾ (59) ਦੀ ਰਿਹਾਇਸ਼ ਤੋਂ ਇਲਾਵਾ ਦੌਸਾ ਵਿੱਚ ਮਹਵਾ ਸੀਟ ਤੋਂ ਪਾਰਟੀ ਦੇ ਉਮੀਦਵਾਰ ਓਮ ਪ੍ਰਕਾਸ਼ ਹੁਡਲਾ ਅਤੇ ਕੁੱਝ ਹੋਰ ਆਗੂਆਂ ਦੀਆਂ ਰਿਹਾਇਸ਼ਾਂ ਦੀ ਵੀ ਤਲਾਸ਼ੀ ਲਈ ਗਈ। ਈਡੀ ਦੀਆਂ ਟੀਮਾਂ ਨਾਲ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦਾ ਦਲ ਵੀ ਹੈ।