ਰੇਲ ਗੋਲੀਬਾਰੀ: ਜਾਂਚ ਲਈ ਮੁੰਬਈ ਪੁੱਜੇ ਕਮੇਟੀ ਮੈਂਬਰ

ਰੇਲ ਗੋਲੀਬਾਰੀ: ਜਾਂਚ ਲਈ ਮੁੰਬਈ ਪੁੱਜੇ ਕਮੇਟੀ ਮੈਂਬਰ

ਮੁੰਬਈ - ਰੇਲਵੇ ਸੁਰੱਖਿਆ ਫੋਰਸ (ਆਰਪੀਐੱਫ) ਦੇ ਇੱਕ ਕਾਂਸਟੇਬਲ ਵੱਲੋਂ ਰੇਲ ਗੱਡੀ ’ਚ ਚਾਰ ਵਿਅਕਤੀਆਂ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਘਟਨਾ ਦੀ ਜਾਂਚ ਲਈ ਬਣਾਈ ਗਈ ਉੱਚ ਪੱਧਰੀ ਕਮੇਟੀ ਦੇ ਮੈਂਬਰ ਇੱਥੇ ਪਹੁੰਚ ਗਏ ਹਨ। ਦੂਜੇ ਪਾਸੇ ਸਥਾਨਕ ਅਦਾਲਤ ਨੇ ਇਸ ਘਟਨਾ ਦੇ ਮੁੱਖ ਮੁਲਜ਼ਮ ਚੇਤਨ ਸਿੰਘ ਨੂੰ 7 ਅਗਸਤ ਤੱਕ ਆਰਪੀਐੱਫ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਆਰਪੀਐੱਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੀਆਰਪੀ ਰੇਲ ਗੱਡੀ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਰੇਲਵੇ ਬੋਰਡ ਨੇ ਜੈਪੁਰ-ਮੁੰਬਈ ਸੈਂਟਰਲ ਐਕਸਪ੍ਰੈੱਸ ’ਚ ਬੀਤੇ ਦਿਨ ਵਾਪਰੀ ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਬਣਾਈ ਹੈ। ਜਾਂਚ ਕਮੇਟੀ ਨੂੰ ਇਸ ਮਾਮਲੇ ’ਚ ਤਿੰਨ ਮਹੀਨੇ ਅੰਦਰ ਰੇਲਵੇ ਬੋਰਡ ਨੂੰ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਇਸੇ ਦੌਰਾਨ ਪੱਛਮੀ ਰੇਲਵੇ ਨੇ ਇੱਕ ਬਿਆਨ ’ਚ ਕਿਹਾ ਕਿ ਇਸ ਘਟਨਾ ’ਚ ਮਾਰੇ ਗਏ ਮੁਸਾਫਰਾਂ ਲਈ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਦੂਜੇ ਪਾਸੇ ਪੁਲੀਸ ਨੇ ਦੱਸਿਆ ਕਿ ਮੁਲਜ਼ਮ ਚੇਤਨ ਸਿੰਘ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲੀਸ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਦੀ ਮਾਨਸਿਕ ਸਥਿਤੀ ਬਾਰੇ ਜਾਂਚ ਕਰਨੀ ਅਜੇ ਬਾਕੀ ਹੈ ਅਤੇ ਉਹ ਜਾਂਚ ’ਚ ਸਹਿਯੋਗ ਨਹੀਂ ਕਰ ਰਿਹਾ। ਇਸ ਮਗਰੋਂ ਅਦਾਲਤ ਨੇ ਮੁਲਜ਼ਮ ਨੂੰ 7 ਅਗਸਤ ਤੱਕ ਆਰਪੀਐੱਫ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮੁਲਜ਼ਮ ਚੇਤਨ ਸਿੰਘ ਨੇ ਬੀਤੇ ਦਿਨ ਪਾਲਘਰ ਰੇਲਵੇ ਸਟੇਸ਼ਨ ਨੇੜੇ ਆਰਪੀਐੱਫ ਦੇ ਏਐੱਸਆਈ ਟੀਕਾਰਾਮ ਮੀਨਾ ਤੇ ਤਿੰਨ ਹੋਰ ਮੁਸਾਫਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।