ਹਿੰਸਾ ਅਤੇ ਨਫ਼ਰਤ ਫੈਲਾਉਣ ਵਾਲੇ ਹਿੰਦੂ ਨਹੀਂ: ਰਾਹੁਲ

ਹਿੰਸਾ ਅਤੇ ਨਫ਼ਰਤ ਫੈਲਾਉਣ ਵਾਲੇ ਹਿੰਦੂ ਨਹੀਂ: ਰਾਹੁਲ

ਪ੍ਰਧਾਨ ਮੰਤਰੀ ਨੇ ਕਾਂਗਰਸ ਆਗੂ ’ਤੇ ਪੂਰੇ ਹਿੰਦੂ ਸਮਾਜ ਨੂੰ ਹਿੰਸਕ ਆਖਣ ਦਾ ਲਾਇਆ ਦੋਸ਼

ਨਵੀਂ ਦਿੱਲੀ,- ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ’ਚ ਅੱਜ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਹੁਕਮਰਾਨ ਧਿਰ ਦੇ ਆਗੂ ਹਿੰਦੂ ਨਹੀਂ ਹਨ ਕਿਉਂਕਿ ਉਹ 24 ਘੰਟੇ ‘ਹਿੰਸਾ ਅਤੇ ਨਫ਼ਰਤ’ ਫੈਲਾਉਣ ’ਚ ਰੁੱਝੇ ਹੋਏ ਹਨ। ਇਸ ਬਿਆਨ ਦਾ ਸੱਤਾ ਧਿਰ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਆਗੂ ’ਤੇ ਦੋਸ਼ ਲਾਇਆ ਕਿ ਉਸ ਨੇ ਸਾਰੇ ਹਿੰਦੂ ਸਮਾਜ ਨੂੰ ਹਿੰਸਕ ਆਖਿਆ ਹੈ। ਉਂਜ ਰਾਹੁਲ ਨੇ ਮੋਦੀ ’ਤੇ ਵਰ੍ਹਦਿਆਂ ਕਿਹਾ ਕਿ ਉਹ ਭਾਜਪਾ ਬਾਰੇ ਗੱਲ ਕਰ ਰਿਹਾ ਹੈ ਅਤੇ ਹੁਕਮਰਾਨ ਧਿਰ, ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ) ਤੇ ਮੋਦੀ ਪੂਰੇ ਹਿੰਦੂ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੇ ਹਨ।

ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਚਰਚਾ ਦੌਰਾਨ ਰਾਹੁਲ ਦੇ ਸੰਬੋਧਨ ਦੌਰਾਨ ਮੋਦੀ ਨੇ ਦੋ ਵਾਰ ਜਦਕਿ ਪੰਜ ਕੈਬਨਿਟ ਮੰਤਰੀਆਂ ਨੇ ਵੀ ਟੋਕਾ-ਟਾਕੀ ਕੀਤੀ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਚਰਚਾ ਦਾ ਜਵਾਬ ਦੇਣਗੇ। ਰਾਹੁਲ ਦੇ ਕਰੀਬ ਇਕ ਘੰਟਾ 40 ਮਿੰਟ ਦੇ ਤਿੱਖੇ ਭਾਸ਼ਨ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਿੰਦੂਆਂ ਨੂੰ ਹਿੰਸਕ ਦਰਸਾਉਣ ਲਈ ਉਸ ਨੂੰ ਮੁਆਫ਼ੀ ਮੰਗਣ ਲਈ ਕਿਹਾ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਵਜੋਂ ਆਪਣੇ ਪਲੇਠੇ ਭਾਸ਼ਨ ਦੌਰਾਨ ਰਾਹੁਲ ਗਾਂਧੀ ਨੇ ਕਿਹਾ, ‘‘ਸਿਰਫ਼ ਇਕ ਧਰਮ ਹੀ ਨਹੀਂ ਸਗੋਂ ਸਾਡੇ ਸਾਰੇ ਧਰਮ ਨਿਡਰਤਾ ਬਾਰੇ ਗੱਲ ਕਰਦੇ ਹਨ।’’ ਇਸ ਮੌਕੇ ਵਿਜ਼ਿਟਰ ਗੈਲਰੀ ’ਚ ਰਾਹੁਲ ਦੀ ਮਾਂ ਸੋਨੀਆ ਗਾਂਧੀ ਅਤੇ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸਨ। ਰਾਹੁਲ ਨੇ ਪੈਗ਼ੰਬਰ ਮੁਹੰਮਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਵਿੱਤਰ ਕੁਰਾਨ ਵੀ ਨਿਡਰਤਾ ਬਾਰੇ ਗੱਲ ਕਰਦੀ ਹੈ ਅਤੇ ਕਿਹਾ ਕਿ ਜਦੋਂ ‘ਦੁਆ’ ’ਚ ਹੱਥ ਉੱਠਦੇ ਹਨ ਤਾਂ ਉਸੇ ਵਾਂਗ ਹੀ ‘ਅਭੈ ਮੁਦਰਾ’ ਵੀ ਹੁੰਦੀ ਹੈ। ਭਗਵਾਨ ਸ਼ਿਵ, ਗੁਰੂ ਨਾਨਕ ਅਤੇ ਯੀਸ਼ੂ ਮਸੀਹ ਦੀਆਂ ਤਸਵੀਰਾਂ ਦਿਖਾਉਂਦਿਆਂ ਉਨ੍ਹਾਂ ਨਿਡਰਤਾ ਦੀ ਅਹਿਮੀਅਤ ਦਰਸਾਉਣ ਲਈ ਹਿੰਦੂਤਵ, ਇਸਲਾਮ, ਸਿੱਖ, ਇਸਾਈ, ਬੁੱਧ ਅਤੇ ਜੈਨ ਧਰਮਾਂ ਦਾ ਹਵਾਲਾ ਦਿੱਤਾ। ਭਾਜਪਾ ਸੰਸਦ ਮੈਂਬਰਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, ‘‘ਸਾਰੇ ਧਰਮਾਂ ਅਤੇ ਦੇਸ਼ ਦੀਆਂ ਮਹਾਨ ਹਸਤੀਆਂ ਨੇ ‘ਡਰੋ ਨਾ ਅਤੇ ਦੂਜਿਆਂ ਨੂੰ ਡਰਾਓ ਨਾ’ ਦਾ ਹਮੇਸ਼ਾ ਸੁਨੇਹਾ ਦਿੱਤਾ ਹੈ। ਸ਼ਿਵਜੀ ਅਭੈ ਮੁਦਰਾ ’ਚ ਦਿਖਾਈ ਦਿੰਦੇ ਹਨ ਜੋ ਅਹਿੰਸਾ ਵੱਲ ਸੰਕੇਤ ਕਰਦੀ ਹੈ। ਪਰ ਜਿਹੜੇ ਆਪਣੇ ਆਪ ਨੂੰ ਹਿੰਦੂ ਅਖਵਾਉਂਦੇ ਹਨ, ਉਹ 24 ਘੰਟੇ ਨਫ਼ਰਤ, ਹਿੰਸਾ ਅਤੇ ਝੂਠ ਫੈਲਾਉਣ ਦਾ ਕੰਮ ਕਰਦੇ ਹਨ।’’