
-ਅਰਜਨ ਰਿਆੜ (ਮੁੱਖ ਸੰਪਾਦਕ)
ਅੱਜ ਪੰਜਾਬੀ ਫਿਲਮ ਜਗਤ ਵਿਚ ਫਿਲਮਾਂ ਦਾ ਹੜ੍ਹ ਆਇਆ ਹੋਇਆ ਹੈ। ਜ਼ਿਆਦਾਤਰ ਫਿਲਮਾਂ ਮਨੋਰੰਜਨ ਨਾਲ ਹੀ ਸਬੰਧਿਤ ਹਨ ਅਤੇ ਜਿਸ ਵਿਚ ਜ਼ਿਆਦਾਤਰ ਹਾਸਾ ਠੱਠਾ ਹੀ ਦਿਖਾਇਆ ਜਾਂਦਾ ਹੈ। ਇਸ ਦੇ ਨਾਲ ਫਿਲਮਾਂ ਵਿਚ ਅਸ਼ਲੀਲਤਾ ਵੀ ਪਰੋਸੀ ਜਾ ਰਹੀ ਹੈ ਅਤੇ ਗਾਲਾਂ ਤਾਂ ਆਮ ਜਿਹੀ ਗੱਲ ਹੀ ਹੋ ਗਈ ਹੈ। ਪੰਜਾਬ ਫਿਲਮ ਇੰਡਸਟਰੀ ਉੱਤੇ ਲਗਭਗ ਗਿੱਪੀ ਗਰੇਵਾਲ ਗਰੁੱਪ ਦਾ ਹੀ ਕਬਜ਼ਾ ਦਿਖਾਈ ਦਿੰਦਾ ਹੈ ਪਰ ਤਰਸੇਮ ਜੱਸੜ ਨੇ ‘ਮਸਤਾਨੇ’ ਫਿਲਮ ਨਾਲ ਇਕ ਵਾਰ ਦੱਸ ਦਿੱਤਾ ਹੈ ਕਿ ਗੰਭੀਰਤਾ, ਇਤਿਹਾਸ ਦੱਸਣ ਅਤੇ ਸੰਦੇਸ਼ ਦੇਣ ਵਾਲੀਆਂ ਫਿਲਮਾਂ ਨਾਲ ਵੀ ਸਿਰੇ ਦੀ ਚਰਚਾ ਕਰਵਾਈ ਜਾ ਸਕਦੀ ਹੈ। ‘ਮਸਤਾਨੇ’ ਫ਼ਿਲਮ ਦੀ ਜੇਕਰ ਗੱਲ ਕਰੀਏ ਤਾਂ 18ਵੀ ਸਦੀ ਵਿਚ ਜਦੋਂ ਨਾਦਰ ਸ਼ਾਹ ਅਬਦਾਲੀ ਵਲੋਂ ਦਿੱਲੀ ਤੇ ਬੇਖੌਫ਼ ਹੋ ਕੇ ਹਮਲੇ ਕੀਤੇ ਜਾ ਰਹੇ ਸਨ ਤੇ ਦਿੱਲੀ ਦੇ ਸੋਨਾ, ਚਾਂਦੀ, ਹੀਰੇ, ਜਵਾਹਰਾਤ ਤੇ ਇੱਥੋਂ ਤੱਕ ਕੇ ਨੌਜਵਾਨ ਖੂਬਸੂਰਤ ਔਰਤਾਂ ਤੇ ਕੁੜੀਆਂ ਨੂੰ ਕੈਦ ਕਰਕੇ ਆਪਣੇ ਨਾਲ ਕਾਬੁਲ ਲਿਜਾਇਆ ਜਾ ਰਿਹਾ ਸੀ। ਪਰ ਹਿੰਦੁਸਤਾਨ ਦੇ ਕਿਸੇ ਵੀ ਰਾਜੇ ਜਾ ਯੋਧਿਆਂ ਵਲੋਂ ਉਸ ਵੱਲ ਦੇਖਣ ਦੀ ਹਿੰਮਤ ਨਹੀਂ ਕੀਤੀ ਜਾ ਰਹੀ ਸੀ। ਉਸ ਸਮੇਂ ਜੰਗਲਾਂ ਵਿੱਚ ਰਹਿ ਰਹੇ ਸਿੱਖਾਂ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਫਿਰ ਸ. ਜੱਸਾ ਸਿੰਘ ਆਹਲੂਵਾਲੀਆਂ, ਸ. ਜੱਸਾ ਸਿੰਘ ਰਾਮਗੜ੍ਹੀਆ, ਸ. ਬਘੇਲ ਸਿੰਘ ਵਲੋਂ ਰਾਤ ਦੇ ਸਮੇਂ ਟਿੱਡੀ ਦੱਲ ਵਲੋਂ ਨਾਦਰ ਸ਼ਾਹ ਦੀ ਫੌਜ਼ ’ਤੇ ਹਮਲਾ ਕਰਕੇ ਕੈਦ ਕੀਤੀਆਂ ਕੁੜੀਆਂ ਤੇ ਔਰਤਾਂ ਨੂੰ ਵਾਪਿਸ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾਇਆ ਜਾਂਦਾ ਸੀ। ਜਿਸ ’ਤੇ ਨਾਦਰ ਸ਼ਾਹ ਅਬਦਾਲੀ ਤਿਲਮਿਲਾ ਉੱਠਿਆ ਤੇ ਗੁੱਸੇ ਦਾ ਭਰਿਆ ਪੀਤਾ ਲਾਹੌਰ ਪਹੁੰਚ ਗਿਆ। ਲਾਹੌਰ ਜਾ ਕੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਨ ਤੋਂ ਪੁੱਛਿਆ ਕਿ ਇਹ ਲੋਕ ਕੌਣ ਹਨ? ਜੋ ਕਿ ਮੈਨੂੰ ਲੁੱਟਣ ਦਾ ਜੇਰਾ ਕਰ ਰਹੇ ਹਨ। ਮੈਂ ਦਿੱਲੀ ਨੂੰ ਬੇਖੌਫ਼ ਹੋ ਕੇ ਲੁੱਟਿਆ, ਇਹ ਪੰਜਾਬ ਵਿੱਚ ਮੈਨੂੰ ਲੁੱਟ ਰਹੇ ਹਨ। ਇਹ ਲੋਕ ਕਿੱਥੇ ਰਹਿੰਦੇ ਹਨ ਤੇ ਕੌਣ ਹਨ? ਇਹਨਾਂ ਦੇ ਘਰ ਕਿੱਥੇ ਹਨ? ਪਰਿਵਾਰ ਕਿੱਥੇ ਰਹਿੰਦਾ ਹੈ? ਇਹ ਖਾਂਦੇ ਕੀ ਹਨ ਤੇ ਪਹਿਨਦੇ ਕੀ ਹਨ? ਮੈਨੂੰ ਇਹਨਾਂ ਬਾਰੇ ਸਾਰੀ ਜਾਣਕਾਰੀ ਚਾਹੀਦੀ ਹੈ ਇਸ ਬਾਰੇ ਫਿਰ ਜ਼ਕਰੀਆ ਖਾਨ ਨੇ ਨਾਦਿਰ ਸ਼ਾਹ ਨੂੰ ਦੱਸਿਆ ਕੀ ਇਹ ਆਪਦੇ ਆਪ ਨੂੰ ਸਿੱਖ ਕਹਾਉਂਦੇ ਹਨ। ਇਹਨਾਂ ਦਾ ਪਹਿਲਾ ਵਲੀ ਗੁਰੂ ਨਾਨਕ ਹੋਇਆ ਹੈ ਤੇ ਦਸਵਾਂ ਗੁਰੂ ਗੋਬਿੰਦ ਸਿੰਘ ਹੋਇਆ ਹੈ। ਜਿਸਨੇ ਇਹਨਾ ਨੂੰ ਆਬੇ-ਹਿਯਾਤ ਦੇ ਕੇ ਅਮਰ ਬਣਾ ਦਿੱਤਾ ਹੈ। ਇਹ ਕਿਸੇ ਦਾ ਡਰ ਨਹੀਂ ਮੰਨਦੇ, ਇਹ ਜੰਗਲਾਂ ਵਿੱਚ ਰਹਿੰਦੇ ਹਨ ਤੇ ਛੋਲਿਆਂ ਨੂੰ ਬਦਾਮ ਕਹਿ ਕੇ ਖਾਂਦੇ ਹਨ। ਇਹ ਘੋੜਿਆਂ ਦੀਆਂ ਕਾਠੀਆਂ ’ਤੇ ਹੀ ਸੌਂ ਜਾਂਦੇ ਹਨ। ਇਹ ਮਜ਼ਲੂਮਾਂ ਤੇ ਬੇਸਹਾਰਿਆ ਦੀ ਰੱਖਿਆ ਕਰਦੇ ਹਨ। ਜਿਸ ਤੇ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਸਿੰਘਾਂ ਨੂੰ ਉਸਦੇ ਸਾਹਮਣੇ ਪੇਸ਼ ਕਰਨ ਲਈ ਕਿਹਾ।
ਇਸ ਤੋਂ ਬਾਅਦ ਸਾਰੀ ਫ਼ਿਲਮ ਦੇ ਵਿੱਚ ਸਿੱਖਾਂ ਨੂੰ ਨਾਦਰ ਸ਼ਾਹ ਦੇ ਸਾਹਮਣੇ ਪੇਸ਼ ਕਰਨ ਦੇ ਲਈ ਕਿਸ ਤਰਾਂ ਜ਼ਕਰੀਆਂ ਖਾਨ ਦੇ ਵਜ਼ੀਰ ਵੱਲੋਂ ਮਸਖ਼ਰਿਆ ਤੇ ਭੰਡਾਂ ਨੂੰ ਨਕਲੀ ਸਿੰਘ ਬਣਾ ਕੇ ਪੇਸ਼ ਕਰਨ ਦੀ ਤਿਆਰੀ ਕੀਤੀ ਜਾਂਦੀ ਹੈ, ਉਹ ਸਭ ਕੁਝ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ।
ਫ਼ਿਲਮ ਦੇ ਵਿੱਚ ਗੁਰਪ੍ਰੀਤ ਘੁੱਗੀ (ਕਲੰਦਰ), ਤਰਸੇਮ ਜੱਸੜ (ਜਹੂਰ), ਕਰਮਜੀਤ ਅਨਮੋਲ (ਬਸ਼ੀਰ), ਹਨੀ ਮੱਟੂ , ਬਨਿੰਦਰ ਬੰਨੀ, ਸਿਮੀ ਚਾਹਲ (ਨੂਰ), ਰਾਹੁਲ ਦੇਵ (ਨਾਦਰ ਸ਼ਾਹ), ਅਵਤਾਰ ਗਿੱਲ (ਜ਼ਕਰੀਆਂ ਖਾਨ), ਆਰਿਫ਼ ਜ਼ਕਾਰੀਆਂ (ਵਜ਼ੀਰ) ਵੱਲੋਂ ਬਾਖੂਬੀ ਅਦਾਕਾਰੀ ਕੀਤੀ ਗਈ ਹੈ। ਫ਼ਿਲਮ ਦੇ ਵਿੱਚ ਉਸ ਸਮੇਂ ਨੂੰ ਪਰਦੇ ਤੇ ਪੇਸ਼ ਕਰਨ ਲਈ ‘ਵੇਹਲੀ ਜਨਤਾ’ ਦੀ ਆਰਟ ਟੀਮ ਵੱਲੋਂ ਬਹੁਤ ਵਧੀਆ ਕੋਸ਼ਿਸ਼ ਕੀਤੀ ਗਈ ਹੈ। ਉਸ ਸਮੇਂ ਦੀ ਬੋਲੀ ਜਾਂਦੀ ਬੋਲੀ ਨੂੰ ਪੇਸ਼ ਕਰਨ ਲਈ ਅਦਾਕਾਰਾਂ ਵਲੋਂ ਬਾਖੂਬੀ ਤਿਆਰੀ ਕੀਤੀ ਗਈ ਹੈ। ਫ਼ਿਲਮ ਦਾ ਸੰਗੀਤ ਬਹੁਤ ਵਧੀਆ ਹੈ ਤੇ ਗੀਤ ਜੋ ਕੇ ਤਰਸੇਮ ਜੱਸੜ, ਦਲੇਰ ਮਹਿੰਦੀ, ਵਲੋਂ ਗਾਏ ਗਏ ਹਨ ਬਹੁਤ ਹੀ ਨਿਭੇ।
ਅਦਾਕਾਰੀ ਦੇ ਵਿੱਚ ਗੁਰਪ੍ਰੀਤ ਘੁੱਗੀ ਨੇ ਕਲੰਦਰ ਦਾ ਆਪਣਾ ਰੋਲ ਬਹੁਤ ਵਧੀਆ ਅਦਾ ਕੀਤਾ ਹੈ ਤੇ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ ਵੱਲੋਂ ਸੁਲਤਾਨ ਬਾਹੂ ਦੀ ਲਿਖਤ ਨੂੰ ਵੀ ਬਹੁਤ ਗਾਇਨ ਕਰਕੇ ਬਖੂਬੀ ਪੇਸ਼ ਕੀਤਾ ਗਿਆ ਹੈ। ਤਰਸੇਮ ਜੱਸੜ ਵੱਲੋਂ ਜਹੂਰ ਦਾ ਪਾਤਰ ਬਹੁਤ ਵਧੀਆ ਪੇਸ਼ ਕੀਤਾ ਗਿਆ ਹੈ। ਉਸ ਦੀਆਂ ਆਪਣੇ ਪਾਤਰ ਦੇ ਅਨੁਸਾਰ ਕੋਹਲੂ ਭਰੀਆਂ ਅੱਖਾਂ ਦੀ ਅਦਾਕਾਰੀ ਤੇ ਬੇਤੁੱਕੇ ਵਿਵਹਾਰਾਂ ਨੇ ਦਰਸ਼ਕਾਂ ਨੂੰ ਆਪਣੀ ਸੀਟ ਤੋਂ ਨਹੀਂ ਹਿਲਣ ਦਿੱਤਾ। ਕਰਮਜੀਤ ਅਨਮੋਲ ਵੱਲੋਂ (ਬਸ਼ੀਰ) ਦੇ ਕਿਰਦਾਰ ਨੂੰ ਆਪਣੀਆਂ ਬਾਕੀ ਦੀਆਂ ਫ਼ਿਲਮਾਂ ਦੇ ਅਨੁਸਾਰ ਇੱਕ ਵਾਰੀ ਫਿਰ ਤੋਂ ਜ਼ਿੰਦਾ ਕਰ ਦਿੱਤਾ ਹੈ, ਤੇ ਮਰਾਸੀਆਂ ਵੱਲੋਂ ਕੀਤੇ ਜਾਂਦੇ ਉਸ ਸਮੇਂ ਦੇ ਕੰਮਾਂ ਨੂੰ ਬਾਖੂਬੀ ਪੇਸ਼ ਕੀਤਾ ਹੈ। ਜਿੱਥੇ ਇੱਕ ਪਾਸੇ ਉਸਨੂੰ ਆਪਣੇ ਪਰਿਵਾਰ ਦੀ ਫ਼ਿਕਰ ਹੁੰਦੀ ਹੈ, ਉੱਥੇ ਹੀ ਦੂਸਰੇ ਪਾਸੇ ਉਹ ਆਪਣੇ ਦੋਸਤਾਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਵੀ ਤਿਆਰ ਰਹਿੰਦਾ ਹੈ। ਹਨੀ ਮੱਟੂ ਵੱਲੋਂ ਆਪਣੇ ਕਿਰਦਾਰ ਨੂੰ ਜ਼ਿੰਦਾਦਿਲੀ ਨਾਲ ਪੇਸ਼ ਕੀਤਾ ਗਿਆ ਹੈ। ਸਿਮੀ ਚਾਹਲ (ਨੂਰ) ਦੀ ਭੂਮਿਕਾ ਬੇਸ਼ੱਕ ਬਹੁਤ ਛੋਟੀ ਹੈ, ਪਰ ਉਸ ਨਾਲ ਇਨਸਾਫ਼ ਕੀਤਾ ਗਿਆ ਹੈ ਤੇ ਉਸ ਸਮੇਂ ਦੀ ਔਰਤਾਂ ਦੇ ਹਾਲਾਤ ਨੂੰ ਪਰਦੇ ਤੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਫ਼ਿਲਮ ਦੇ ਅੱਧ ਤੋਂ ਪਹਿਲਾਂ ਫ਼ਿਲਮ ਦੀ ਗਤੀ ਕੁਝ ਹੌਲੀ ਹੋ ਜਾਂਦੀ ਹੈ ਅਤੇ ਦਰਸ਼ਕਾਂ ਵਿਚ ਅੱਚੋਆਈ ਲੱਗਦੀ ਹੈ ਪਰ ਫਿਲਮ ਦੇ ਅੱਧ ਤੋਂ ਬਾਅਦ ਫਿਲਮ ਇੱਕਦਮ ਤੇਜ਼ੀ ਨਾਲ ਅੱਗੇ ਨੂੰ ਵੱਧਦੀ ਹੈ। ਅੱਧ ਤੋਂ ਬਾਅਦ ਫ਼ਿਲਮ ਵਿੱਚ ਸਿੱਖਾਂ ਦੇ ਕਿਰਦਾਰ ਨੂੰ ਨਿਹੰਗ ਸਿੰਘ ਫੌਜਾਂ ਵੱਲੋਂ ਕਿਸੇ ਫ਼ਿਲਮ ਵਿੱਚ ਪਹਿਲੀ ਵਾਰੀ ਸਹੀ ਅਤੇ ਮੁਕੰਮਲ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਨਿਹੰਗ ਸਿੰਘ ਫੌਜਾਂ ਵੱਲੋਂ ਉਸ ਸਮੇਂ ਨੂੰ ਸਿੰਘਾਂ ਵੱਲੋਂ ਕਿਸ ਤਰ੍ਹਾਂ ਬਤੀਤ ਕੀਤਾ ਜਾਂਦਾ ਸੀ, ਬਾਖੂਬੀ ਢੰਗ ਨਾਲ ਦਿਖਾਇਆ ਗਿਆ ਹੈ। ਨਿਹੰਗ ਸਿੰਘ ਫੌਜ ਵੱਲੋਂ ਕੈਦ ਕੀਤੀਆਂ ਔਰਤਾਂ ਤੇ ਕੁੜੀਆਂ ਨੂੰ ਨਾਦਿਰ ਸ਼ਾਹ ਦੀ ਕੈਦ ’ਚੋਂ ਛੁਡਵਾ ਕੇ ਉਨ੍ਹਾਂ ਦੇ ਘਰ ਵਿੱਚ ਭੇਜਣਾ ਬਾਖੂਬੀ ਦਿਖਾਇਆ ਗਿਆ ਹੈ।
ਖਾਸ ਗੱਲ ਇਹ ਹੈ ਕਿ ਇਸ ਫਿਲਮ ਨੂੰ ਵੇਖਣ ਲਈ ਨਿਹੰਗ ਸਿੰਘ ਵੀ ਵੱਡੀ ਗਿਣਤੀ ਵਿਚ ਜਾ ਰਹੇ ਹਨ ਅਤੇ ਬਹੁਤਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲੀ ਵਾਰ ਸਿਨਮਾ ਦੇਖਿਆ ਹੈ। ਤਰਸੇਮ ਜੱਸੜ ਦੇ ਇਸ ਉਪਰਾਲੇ ਨੂੰ ਸਲਾਹੁਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਫਿਲਮਾਂ ਹੀ ਹਨ ਜੋ ਸਾਡੇ ਅਮੀਰ ਇਤਿਹਾਸ ਨੂੰ ਨਵੀਂ ਪੀੜ੍ਹੀ ਤੱਕ ਲੈ ਕੇ ਜਾਣਗੀਆਂ ਅਤੇ ਉਨ੍ਹਾਂ ਨੂੰ ਸਾਖਸ਼ਾਤ ਦਰਸ਼ਨ ਕਰਵਾਉਣਗੀਆਂ ਕਿ ਸਾਡੇ ਬਜ਼ੁਰਗ ਕਿੰਨੇ ਦਲੇਰ, ਦਿ੍ਰੜ ਅਤੇ ਯੋਧੇ ਸਨ। ‘ਮਸਤਾਨੇ’ ਫਿਲਮ ਨੇ ਹਰ ਵਰਗੇ ਦਰਸ਼ਕਾਂ ਨੂੰ ਆਪਣੇ ਦੀਵਾਨੇ ਬਣਾ ਲਿਆ ਹੈ, ਤੇ ਅੱਜ ਹਰ ਜ਼ੁਬਾਨ ਉੱਤੇ ‘ਮਸਤਾਨੇ’ ਫਿਲਮ ਦਾ ਹੀ ਜ਼ਿਕਰ ਹੈ ਅਤੇ ਬੜੀ ਦੇਰ ਬਾਅਦ ਇਕ ਅਜਿਹੀ ਫਿਲਮ ਦੇਖਣ ਨੂੰ ਮਿਲੀ ਜਿਸ ਨੂੰ ਦੇਖਣ ਲਈ ਦਰਸ਼ਕ ਬੇਝਿਜਕ ਆਪਣੇ ਪਰਿਵਾਰਾਂ ਨੂੰ ਨਾਲ ਲਿਜਾ ਰਹੇ ਹਨ।
ਆਸ ਕਰਦੇ ਹਾਂ ਕਿ ਪੰਜਾਬੀ ਫਿਲਮ ਇੰਡਸਟਰੀ ਦਾ ਮਿਆਰ ਇਵੇਂ ਹੀ ‘ਮਸਤਾਨੇ’ ਵਰਗੀਆਂ ਫਿਲਮਾਂ ਵਾਂਗ ਉੱਚਾ ਹੁੰਦਾ ਰਹੇ ਅਤੇ ਜੇਕਰ ਇਹ ਕਹਿ ਲਿਆ ਜਾਵੇ ਕਿ ਤਰਸੇਮ ਜੱਸੜ ਦੀ ਫਿਲਮ ‘ਮਸਤਾਨੇ’ ਕਾਲੇ ਦੌਰ ’ਚ ਸੁਨਹਿਰੀ ਚਮਕ ਵਰਗੀ ਹੈ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਅਸੀਂ ਅਦਾਰਾ ‘ਪੰਜਾਬੀ ਰਾਈਟਰ’ ਵਲੋਂ ਤਰਸੇਮ ਜੱਸੜ ਅਤੇ ਫਿਲਮ ਨਾਲ ਜੁੜੀ ਹਰ ਇਕ ਸਖਸ਼ੀਅਤ ਨੂੰ ਵਧਾਈ ਪੇਸ਼ ਕਰਦੇ ਹਾਂ। ਆਮੀਨ!