
ਚੰਡੀਗੜ੍ਹ-ਪੰਜਾਬ, ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਅੱਜ ਪਈ ਸੰਘਣੀ ਧੁੰਦ ਤੇ ਸੀਤ ਲਹਿਰ ਕਾਰਨ ਜਨ-ਜੀਵਨ ਪ੍ਰਭਾਵਿਤ ਰਿਹਾ। ਸੰਘਣੀ ਧੁੰਦ ਕਰਕੇ ਜਿੱਥੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਸੜਕੀ ਹਾਦਸਿਆਂ ਦੀ ਗਿਣਤੀ ਵੀ ਵਧ ਗਈ ਹੈ। ਪੰਜਾਬ ਦਾ ਗੁਰਦਾਸਪੁਰ ਤੇ ਹਰਿਆਣਾ ਦਾ ਹਿਸਾਰ ਸ਼ਹਿਰ ਸਭ ਤੋਂ ਠੰਢੇ ਰਹੇ ਹਨ। ਗੁਰਦਾਸਪੁਰ ਵਿੱਚ ਘੱਟ ਤੋਂ ਘੱਟ ਤਾਪਮਾਨ 5.8 ਡਿਗਰੀ ਤੇ ਮਹਿੰਦਰਗੜ੍ਹ ਵਿੱਚ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ ਇਕ ਤੋਂ ਦੋ ਡਿਗਰੀ ਘੱਟ ਸੀ। ਪੰਜਾਬ ਵਿੱਚ ਸੰਘਣੀ ਧੁੰਦ ਕਰ ਕੇ ਲੋਕ ਦੁਪਹਿਰ ਤੱਕ ਘਰਾਂ ਵਿੱਚ ਤੜੇ ਰਹੇ। ਸੰਘਣੀ ਧੁੰਦ ਕਰ ਕੇ ਦਿਸਣ ਹੱਦ ਵੀ ਘਟ ਗਈ। ਧੁੰਦ ਸਵੇਰੇ 11-12 ਵਜੇ ਦੇ ਕਰੀਬ ਜਾ ਕੇ ਘਟੀ ਹੈ। ਉਸ ਤੋਂ ਬਾਅਦ ਮੱਧਮ ਧੁੱਪ ਨਿਕਲਣ ਕਰਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਮੌਸਮ ਵਿਭਾਗ ਨੇ ਅਗਲੇ ਚਾਰ ਦਿਨ ਸੰਘਣੀ ਧੁੰਦ ਪੈਣ ਸਬੰਧੀ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 26 ਤੇ 27 ਦਸੰਬਰ ਨੂੰ ਸੰਘਣੀ ਧੁੰਦ ਪਵੇਗੀ। ਅਗਲੇ ਦੋ ਦਿਨ 28 ਤੇ 29 ਦਸੰਬਰ ਨੂੰ ਵੀ ਧੁੰਦ ਪੈਣ ਦਾ ਅਮਲ ਜਾਰੀ ਰਹੇਗਾ। ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿੱਚ 30 ਤੇ 31 ਦਸੰਬਰ ਨੂੰ ਹਲਕਾ ਮੀਂਹ ਪੈ ਸਕਦਾ ਹੈ। ਪੰਜਾਬ ਵਿੱਚ ਆਉਣ ਵਾਲੇ ਦਿਨਾਂ ਵਿੱਚ ਘੱਟ ਤੋਂ ਘੱਟ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਜਾਵੇਗੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 7.8 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 7.2 ਡਿਗਰੀ, ਲੁਧਿਆਣਾ ਵਿੱਚ 7.1, ਪਟਿਆਲਾ ਵਿੱਚ 8.7, ਪਠਾਨਕੋਟ ਵਿੱਚ 6.5, ਬਠਿੰਡਾ ਵਿੱਚ 6.2, ਫਰੀਦਕੋਟ ਵਿੱਚ 7.5, ਨਵਾਂ ਸ਼ਹਿਰ ਵਿੱਚ 6.4, ਬਰਨਾਲਾ ਵਿੱਚ 9.2, ਫਤਹਿਗੜ੍ਹ ਸਾਹਿਬ ਵਿੱਚ 10, ਫਿਰੋਜ਼ਪੁਰ ਵਿੱਚ 8.9 ਅਤੇ ਮੋਗਾ ਵਿੱਚ 8.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਇਹ ਤਾਪਮਾਨ ਆਮ ਨਾਲੋਂ 1 ਤੋਂ 4 ਡਿਗਰੀ ਸੈਲਸੀਅਸ ਤੱਕ ਘੱਟ ਸੀ। ਹਰਿਆਣਾ ਦੇ ਅੰਬਾਲਾ ਵਿੱਚ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਸੈਲਸੀਅਸ, ਹਿਸਾਰ ਵਿੱਚ 7.3, ਕਰਨਾਲ ਵਿੱਚ 7.8, ਰੋਹਤਕ ਵਿੱਚ 7.6, ਭਿਵਾਨੀ ਵਿੱਚ 8, ਸਿਰਸਾ ਵਿੱਚ 9.2, ਫਤਿਆਬਾਦ ਵਿੱਚ 7, ਗੁਰੂਗ੍ਰਾਮ ਵਿੱਚ 9.9, ਝੱਜਰ ਵਿੱਚ 7.3, ਜੀਂਦ ਵਿੱਚ 7.3, ਪਾਣੀਪਤ ਵਿੱਚ 7, ਯਮੁਨਾਨਗਰ ਵਿੱਚ 7 ਅਤੇ ਸੋਨੀਪਤ ਵਿੱਚ 7.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਸ੍ਰੀਨਗਰ/ਨਵੀਂ ਦਿੱਲੀ: ਸੰਘਣੀ ਧੁੰਦ ਕਰਕੇ ਕਸ਼ਮੀਰ ਦੇ ਬਹੁਤੇ ਹਿੱਸਿਆਂ ਵਿੱਚ ਅੱਜ ਲਗਾਤਾਰ ਦੂਜੇ ਦਿਨ ਰਾਤ ਦਾ ਤਾਪਮਾਨ ਡਿੱਗਣ ਦਾ ਅਮਲ ਜਾਰੀ ਰਿਹਾ। ਕਸ਼ਮੀਰ ਦੀ ਡੱਲ ਝੀਲ ਤੇ ਵਾਦੀ ਵਿੱਚ ਕਈ ਥਾਵਾਂ ’ਤੇ ਪਾਣੀ ਦੀਆਂ ਸਪਲਾਈ ਲਾਈਨਾਂ ’ਚ ਪਾਣੀ ਜੰਮ ਗਿਆ। ਉਧਰ ਨਵੀਂ ਦਿੱਲੀ ਦੇ ਪਾਲਮ ਵਿਚ ਅੱਜ ਸਵੇਰੇ ਇਕ ਵੇਲੇ ਦਿਸਣ ਹੱਦ ਸਿਫਰ ਹੋਣ ਕਰਕੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਈ ਉਡਾਣਾਂ ਅਸਰਅੰਦਾਜ਼ ਹੋਈਆਂ। ਧੁੰਦ ਕਰਕੇ ਉਡਾਣਾਂ ਦੇ ਚੜ੍ਹਨ ਤੇ ਉਤਰਨ ਮੌਕੇ ਕੈਟ 111ਬੀ ਅਪਰੇਸ਼ਨਜ਼ ਲਾਗੂ ਕੀਤੇ ਗਏ ਹਨ। ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿੱਚ ਮਨਫ਼ੀ 2.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜਦੋਂਕਿ ਪਿਛਲੀ ਰਾਤ ਇਹ ਅੰਕੜਾ ਮਨਫੀ 2.1 ਡਿਗਰੀ ਸੀ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਪਹਿਲਗਾਮ ਵਿੱਚ ਮਨਫ਼ੀ 4.3 ਡਿਗਰੀ ਤਾਪਮਾਨ ਰਿਹਾ। ਅਧਿਕਾਰੀਆਂ ਮੁਤਾਬਕ ਕਸ਼ਮੀਰ ਵਾਦੀ ਵਿੱਚ ਪਹਿਲਗਾਮ ਸਭ ਤੋਂ ਠੰਢਾ ਰਿਹਾ। ਬਾਰਾਮੁੱਲਾ ਜ਼ਿਲ੍ਹੇ ਦੇ ਮਕਬੂਲ ਸਕੀਅ ਰਿਜ਼ੌਰਟ ਗੁਲਮਰਗ ਤੇ ਕਾਜ਼ੀਗੁੰਡ ਵਿੱਚ ਮਨਫ਼ੀ 2.6 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ।