ਖਾਦ ਸੰਕਟ ਦਰਮਿਆਨ ਪੰਜਾਬ ਵਿੱਚ ਕਣਕ ਦੀ ਬਿਜਾਈ ਅੱਜ ਤੋਂ

ਖਾਦ ਸੰਕਟ ਦਰਮਿਆਨ ਪੰਜਾਬ ਵਿੱਚ ਕਣਕ ਦੀ ਬਿਜਾਈ ਅੱਜ ਤੋਂ

ਚੰਡੀਗੜ੍ਹ-ਪੰਜਾਬ ਵਿੱਚ ਭਲਕੇ ਬੁੱਧਵਾਰ ਤੋਂ ਕਣਕ ਦੀ ਬਿਜਾਈ ਸ਼ੁਰੂ ਹੋ ਰਹੀ ਹੈ ਪਰ ਕਿਸਾਨ ਡੀਏਪੀ ਖਾਦ ਦੀ ਕਮੀ ਨਾਲ ਜੂਝ ਰਹੇ ਹਨ। ਨਵੰਬਰ ਦੇ ਪਹਿਲੇ ਹਫ਼ਤੇ ਇਕਦਮ ਕਣਕ ਦੀ ਬਿਜਾਈ ਸਿਖਰ ਲੈ ਲਵੇਗੀ ਅਤੇ ਇਸ ਹਾਲਾਤ ਵਿੱਚ ਕਿਸਾਨਾਂ ਦੀ ਪ੍ਰਾਈਵੇਟ ਮਾਰਕੀਟ ’ਚ ਲੁੱਟ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਪੰਜਾਬ ਖੇਤੀ ਯੂਨੀਵਰਸਿਟੀ ਅਨੁਸਾਰ ਕਣਕ ਦੀ ਬਿਜਾਂਦ ਲਈ 25 ਅਕਤੂਬਰ ਤੋਂ 15 ਨਵੰਬਰ ਤੱਕ ਦਾ ਸਮਾਂ ਢੁਕਵਾਂ ਹੈ। ਐਤਕੀਂ ਸ਼ੁਰੂ ਵਿਚ ਪੰਜਾਬ ਸਰਕਾਰ ਨੇ ਡੀਏਪੀ ਖਾਦ ਦਾ ਵੱਡਾ ਹਿੱਸਾ ਪ੍ਰਾਈਵੇਟ ਡੀਲਰਾਂ ਨੂੰ ਦੇ ਦਿੱਤਾ ਸੀ ਅਤੇ ਮਗਰੋਂ ਹਿੱਸੇਦਾਰੀ ਦੇਣੀ ਬੰਦ ਕਰ ਦਿੱਤੀ ਸੀ। ਪੰਜਾਬ ਸਰਕਾਰ ਨੇ ਸਹਿਕਾਰੀ ਸਭਾਵਾਂ ਨੂੰ ਡੀਏਪੀ ਖਾਦ ਦੀ 80 ਫ਼ੀਸਦੀ ਹਿੱਸੇਦਾਰੀ ਅਤੇ ਪ੍ਰਾਈਵੇਟ ਖਾਦ ਡੀਲਰਾਂ ਨੂੰ 20 ਫ਼ੀਸਦੀ ਹਿੱਸੇਦਾਰੀ ਦਿੱਤੀ ਹੈ। ਹੁਣ ਜਦੋਂ ਕਣਕ ਦੀ ਬਿਜਾਈ ਸਿਰ ’ਤੇ ਹੈ ਤਾਂ ਡੀਏਪੀ ਦੇ ਸੰਕਟ ਨੇ ਕਿਸਾਨਾਂ ਦੇ ਫ਼ਿਕਰ ਵਧਾ ਦਿੱਤੇ ਹਨ। ਪੰਜਾਬ ਸਰਕਾਰ ਨੇ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਦੇ ਪ੍ਰਬੰਧਾਂ ਵਾਸਤੇ ਬਹੁਤੀ ਭੱਜ-ਨੱਠ ਨਹੀਂ ਕੀਤੀ। ਉੱਧਰ, ਪ੍ਰਾਈਵੇਟ ਡੀਲਰ ਆਪਣਾ ਰੋਣਾ ਰੋ ਰਹੇ ਹਨ ਕਿ ਉਨ੍ਹਾਂ ਦੀ ਸਪਲਾਈ ’ਤੇ ਵੱਡਾ ਕੱਟ ਆਖ਼ਰ ਕਿਸਾਨਾਂ ਨੂੰ ਮੁਸ਼ਕਲ ’ਚ ਪਾਵੇਗਾ। ਪੰਜਾਬ ਵਿੱਚ ਹਾੜ੍ਹੀ ਵਾਸਤੇ ਕਰੀਬ 5.50 ਲੱਖ ਮੀਟਰਿਕ ਟਨ ਡੀਏਪੀ ਖਾਦ ਦੀ ਲੋੜ ਹੈ ਜਦੋਂਕਿ ਪੰਜਾਬ ਨੂੰ ਹੁਣ ਤੱਕ 3.80 ਲੱਖ ਮੀਟਰਿਕ ਟਨ ਖਾਦ ਮਿਲੀ ਹੈ। ਕਰੀਬ ਪੌਣੇ ਦੋ ਲੱਖ ਮੀਟਰਿਕ ਟਨ ਡੀਏਪੀ ਦੀ ਕਮੀ ਹੈ। ਇਸ ਦੌਰਾਨ ਮਾਰਕਫੈੱਡ ਦੇ ਅਧਿਕਾਰੀ ਨੇ ਕਿਹਾ ਕਿ ਅਗਲੇ ਦਿਨਾਂ ਵਿਚ 60 ਹਜ਼ਾਰ ਮੀਟਰਿਕ ਟਨ ਖਾਦ ਹੋਰ ਪੁੱਜ ਰਹੀ ਹੈ। ਸੂਬੇ ਵਿਚ 3521 ਪੇਂਡੂ ਸਹਿਕਾਰੀ ਸਭਾਵਾਂ ਹਨ। ਇਨ੍ਹਾਂ ਸਭਾਵਾਂ ਦੇ ਅਧਿਕਾਰੀ ਰੌਲਾ ਪਾ ਰਹੇ ਹਨ ਕਿ ਉਨ੍ਹਾਂ ਨੂੰ ਮੰਗ ਮੁਤਾਬਕ ਖਾਦ ਦੀ ਸਪਲਾਈ ਨਹੀਂ ਹੋਈ ਜਿਸ ਕਰਕੇ ਕਿਸਾਨ ਝਗੜਾ ਕਰ ਰਹੇ ਹਨ। ਬਰਨਾਲਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਦੇ ਕਿਸਾਨ ਗੁਰਮੀਤ ਸਿੰਘ ਨੇ ਕਿਹਾ ਕਿ ਡੀਏਪੀ ਦੇ ਪ੍ਰਬੰਧਾਂ ਨੂੰ ਲੈ ਕੇ ਕਿਸਾਨਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ ਅਤੇ ਕਿਸਾਨ ਸਹਿਕਾਰੀ ਸਭਾਵਾਂ ਦੇ ਚੱਕਰ ਕੱਟ ਰਹੇ ਹਨ। ਏਦਾਂ ਦੇ ਹਾਲਾਤ ਵਿਚ ਪ੍ਰਾਈਵੇਟ ਡੀਲਰ ਫ਼ਾਇਦਾ ਚੁੱਕਣਗੇ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਖ ਚੁੱਕੇ ਹਨ ਕਿ ਜੇਕਰ ਕੋਈ ਖਾਦ ਡੀਲਰ ਡੀਏਪੀ ਨਾਲ ਜਬਰੀ ਹੋਰ ਉਤਪਾਦ ਦਿੰਦਾ ਹੈ ਤਾਂ ਮਾਮਲਾ ਫ਼ੌਰੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਬਠਿੰਡਾ ਦੇ ਪਿੰਡ ਜਲਾਲ ਦੀ ਪੇਂਡੂ ਸਹਿਕਾਰੀ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਭਾ ਦੀ ਮੰਗ ਦੇ ਮੁਤਾਬਿਕ ਸਿਰਫ਼ ਪੰਜਾਹ ਫ਼ੀਸਦੀ ਡੀਏਪੀ ਖਾਦ ਹੀ ਮਿਲੀ ਹੈ। ਇਸੇ ਤਰ੍ਹਾਂ ਪ੍ਰਾਈਵੇਟ ਖਾਦ ਡੀਲਰ ਆਖਦੇ ਹਨ ਕਿ ਸਰਕਾਰ ਨੂੰ ਆਪਣੀ ਨੀਤੀ ਵਿੱਚ ਸੋਧ ਕਰਕੇ ਵੰਡ ਦਾ ਅਨੁਪਾਤ ਬਰਾਬਰ ਕਰਨਾ ਚਾਹੀਦਾ ਹੈ ਕਿਉਂਕਿ ਬਹੁਤੇ ਕਿਸਾਨ ਤਾਂ ਸਭਾਵਾਂ ਦੇ ਮੈਂਬਰ ਨਾ ਹੋਣ ਕਾਰਨ ਪ੍ਰਾਈਵੇਟ ਮਾਰਕੀਟ ’ਤੇ ਹੀ ਨਿਰਭਰ ਹਨ। ਪਿਛਲੇ ਹਫ਼ਤੇ ਬਾਰਸ਼ ਹੋਣ ਕਰਕੇ ਝੋਨੇ ਦੀ ਵਾਢੀ ਥੋੜ੍ਹੀ ਪੱਛੜ ਗਈ ਹੈ। ਜੇਕਰ ਅਜਿਹਾ ਨਾ ਹੁੰਦਾ ਤਾਂ ਕਣਕ ਦੀ ਬਿਜਾਈ ਪਹਿਲਾਂ ਸ਼ੁਰੂ ਹੋ ਜਾਣੀ ਸੀ। ਪੇਂਡੂ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਬਹਾਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਡੀਲਰਾਂ ਨੇ ਖਾਦ ਭੰਡਾਰ ਕਰ ਲਈ ਹੈ ਅਤੇ ਜਿਉਂ ਹੀ ਬਿਜਾਈ ਤੇਜ਼ ਹੋਵੇਗੀ, ਕਾਲਾ ਬਾਜ਼ਾਰੀ ਦੀ ਸੰਭਾਵਨਾ ਵਧ ਜਾਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਡੀਏਪੀ ਦੀ ਸਪਲਾਈ ’ਚ ਸੁਧਾਰ ਕੀਤਾ ਜਾਵੇ।