ਟਰਾਈਡੈਂਟ ਗਰੁੱਪ ’ਤੇ ਆਮਦਨ ਕਰ ਦੇ ਛਾਪੇ

ਟਰਾਈਡੈਂਟ ਗਰੁੱਪ ’ਤੇ ਆਮਦਨ ਕਰ ਦੇ ਛਾਪੇ

ਚੰਡੀਗੜ੍ਹ/ਭੁਪਾਲ-ਆਮਦਨ ਕਰ ਵਿਭਾਗ ਵੱਲੋਂ ਟੈਕਸ ਚੋਰੀ ਦੀ ਜਾਂਚ ਨਾਲ ਜੁੜੇ ਕੇਸ ਵਿੱਚ ਅੱਜ ਟਰਾਈਡੈਂਟ ਗਰੁੱਪ ਦੇ ਪੰਜਾਬ ਤੇ ਮੱਧ ਪ੍ਰਦੇਸ਼ ਵਿਚਲੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਟਰਾਈਡੈਂਟ ਗਰੁੱਪ ਟੈਕਸਟਾਈਲ, ਪੇਪਰ ਉਤਪਾਦ, ਕੈਮੀਕਲਜ਼ ਤੇ ਊਰਜਾ ਕਾਰੋਬਾਰ ਨਾਲ ਜੁੜਿਆ ਹੋਇਆ ਹੈ। ਗਰੁੱਪ ਦਾ ਰਜਿਸਟਰਡ ਦਫ਼ਤਰ ਪੰਜਾਬ ਵਿੱਚ ਹੈ ਤੇ ਚੰਡੀਗੜ੍ਹ ਸਥਿਤ ਆਈਟੀ ਵਿਭਾਗ ਦੇ ਤਫ਼ਤੀਸ਼ੀ ਵਿੰਗ ਵੱਲੋਂ ਇਹ ਛਾਪੇ ਮਾਰੇ ਗਏ ਹਨ। ਪੰਜਾਬ ਦੇ ਬਰਨਾਲਾ ਤੇ ਲੁਧਿਆਣਾ ਅਤੇ ਮੱਧ ਪ੍ਰਦੇਸ਼ ਦੇ ਸਿਹੋਰ ਜ਼ਿਲ੍ਹੇ ਦੇ ਬੁੱਧਨੀ ਵਿੱਚ ਲਗਪਗ 20-25 ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਦਸਤਕ ਦਿੱਤੀ। ਛਾਪਿਆਂ ਦੌਰਾਨ ਟੀਮਾਂ ਨੇ ਕੰਪਿਊਟਰ ਰਿਕਾਰਡ ਤੇ ਹੋਰ ਦਸਤਾਵੇਜ਼ ਕਬਜ਼ੇ ਵਿਚ ਲੈ ਲਏ। ਛਾਪਿਆਂ ਦਾ ਪਤਾ ਲੱਗਦੇ ਹੀ ਕਈ ਅਧਿਕਾਰੀ ਰੂਪੋਸ਼ ਹੋ ਗਏ। ਆਮਦਨ ਕਰ ਵਿਭਾਗ ਦੀਆਂ ਟੀਮਾਂ ਨੇ ਅੱਜ ਤੜਕੇ ਟਰਾਈਡੈਂਟ ਦੇ ਬਰਨਾਲਾ ਕੰਪਲੈਕਸ­ ਤੇ ਧੌਲਾ ਕੰਪਲੈਕਸ­ ਵਿੱਚ ਦਸਤਕ ਦਿੱਤੀ। ਬਰਨਾਲਾ ਦੀ ਲੱਖੀ ਕਲੋਨੀ ’ਚ ਰਹਿੰਦੇ ਟਰਾਈਡੈਂਟ ਦੇ ਉੱਚ ਅਧਿਕਾਰੀ ਰੁਪਿੰਦਰ ਗੁਪਤਾ ਦੇ ਘਰ ਵਿੱਚ ਵੀ ਆਮਦਨ ਕਰ ਵਿਭਾਗ ਦੀਆਂ ਟੀਮਾਂ ਪੁੱਜੀਆਂ। ਛਾਪੇ ਮੌਕੇ ਰੁਪਿੰਦਰ ਗੁਪਤਾ ਘਰ ਵਿੱਚ ਮੌਜੂਦ ਨਹੀਂ ਸਨ। ਉਹ ਇਲਾਜ ਲਈ ਪਤਨੀ ਨਾਲ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਗਏ ਹੋਏ ਸਨ। ਘਰ ਵਿੱਚ ਉਨ੍ਹਾਂ ਦਾ ਛੋਟਾ ਪੁੱਤਰ ਹੀ ਮੌਜੂਦ ਸੀ। ਖ਼ਬਰ ਲਿਖੇ ਜਾਣ ਤੱਕ ਛਾਪਾਮਾਰ ਟੀਮ ਗੁਪਤਾ ਦੇ ਘਰ ਵਿਚ ਹੀ ਮੌਜੂਦ ਸੀ। ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਟਰਾਈਡੈਂਟ ਦੇ ਬਰਨਾਲਾ ਅਤੇ ਧੌਲਾ ਯੂਨਿਟਾਂ ਦੇ ਹਰ ਵੱਡੇ ਛੋਟੇ ਦਫ਼ਤਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਛਾਪਿਆਂ ਦੌਰਾਨ ਟਰਾਈਡੈਂਟ ਦੇ ਬਰਨਾਲਾ ਅਤੇ ਧੌਲਾ ਫੈਕਟਰੀਆਂ ’ਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਦੇ ਮੋਬਾਈਲ ਫੋਨ ਜਮ੍ਹਾਂ ਕਰ ਲਏ ਗਏ। ਵਿਭਾਗ ਨੇ ਕਿਸੇ ਨੂੰ ਵੀ ਅੰਦਰ-ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਇਲਾਵਾ ਕੰਪਨੀ ਦੇ ਕੋਵਿਡ ਕੇਅਰ ਸੈਂਟਰ ਅਤੇ ਸ਼ਾਪਿੰਗ ਮਾਲ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਂਦਾ ਗਿਆ। ਉਂਜ ਆਮਦਨ ਕਰ ਵਿਭਾਗ ਦੇ ਛਾਪੇ ਦੀ ਖ਼ਬਰ ਲੱਗਦਿਆਂ ਹੀ ਕੰਪਨੀ ਦੇ ਕਈ ਅਧਿਕਾਰੀ ਰੂਪੋਸ਼ ਹੋ ਗਏ। ਆਮਦਨ ਕਰ ਵਿਭਾਗ ਦੀ ਟੀਮ ਨੇ ਨੀਮ ਫੌਜੀ ਬਲਾਂ ਦੇ ਚਾਰ ਜਵਾਨਾਂ ਨਾਲ ਅੱਜ ਸਵੇਰੇ 4 ਵਜੇ ਦੇ ਕਰੀਬ ਟਰਾਈਡੈਂਟ ਕੰਪਲੈਕਸ ਬਰਨਾਲਾ ਤੇ ਐਡਮਨਿ ਹੈੱਡ ਦੇ ਘਰ ਤੋਂ ਜਾਂਚ ਸ਼ੁਰੂ ਕੀਤੀ। ਅਧਿਕਾਰੀਆਂ ਦੀ ਛਾਪੇਮਾਰੀ ਚਾਰ ਘੰਟੇ ਤੱਕ ਜਾਰੀ ਰਹੀ। ਕਰੀਬ 16 ਇਨਕਮ ਟੈਕਸ ਅਧਿਕਾਰੀ ਕੰਪਨੀ ਦੇ ਕਾਰੋਬਾਰੀ ਦਸਤਾਵੇਜ਼ਾਂ ਦੀ ਜਾਂਚ ਵਿੱਚ ਰੁੱਝੇ ਰਹੇ। ਇਸ ਦੌਰਾਨ ਕੰਪਿਊਟਰ ’ਚ ਫੀਡ ਡੇਟਾ ਦੀ ਵੀ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਕਈ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।