Punjab MC Elections: (ਪੰਜਾਬੀ ਰਾਈਟਰ)- ਪੰਜਾਬ ਵਿੱਚ ਅੱਠ ਨਗਰ ਨਿਗਮ, 75 ਨਗਰ ਕੌਂਸਲ ਅਤੇ 20 ਨਗਰ ਪੰਚਾਇਤਾਂ ਦੇ 1896 ਵਾਰਡਾਂ ਦੀ ਚੋਣ ਦੌਰਾਨ ਵੋਟਿੰਗ ਦਾ ਕੰਮ ਅੱਜ ਸਵੇਰੇ ਹੀ ਸ਼ੁਰੂ ਹੋ ਗਿਆ ਹੈ। ਮੌਸਮ ਗਰਮ ਹੋਣ ਕਰਕੇ ਵੱਡੀ ਗਿਣਤੀ ਲੋਕ ਸਵੇਰੇ ਹੀ ਆਪਣੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਉੱਤੇ ਪਹੁੰਚ ਗਏ ਹਨ। ਉਧਰ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸਥਾਨਕ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ।
ਉਧਰ ਰਾਏਕੋਟ ਨਗਰ ਕੌਂਸਲ ਚੋਣਾਂ ਵਿੱਚ ਆਮ ਕਾਂਗਰਸ ਪਾਰਟੀ ਦੇ 4 ਨੰਬਰ ਵਾਰਡ ਤੋਂ ਉਮੀਦਵਾਰ ਜਗਦੇਵ ਸਿੰਘ ਜੱਗਾ ਉੱਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਹੈ, ਮਿਲੀ ਜਾਣਕਾਰੀ ਅਨੁਸਾਰ ਜਗਦੇਵ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਲੁਧਿਆਣਾ ਡੀਐਮਸੀ ਹਸਪਤਾਲ ਵਿਚ ਭੇਜਿਆ ਗਿਆ ਹੈ। ਰਾਏਕੋਟ ਕਾਂਗਰਸ ਵੱਲੋਂ ਹਮਲੇ ਲਈ ਸੱਤਾਧਾਰੀ ਧਿਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਇਸ ਤੋਂ ਇਲਾਵਾ ਬਠਿੰਡਾ ਵਿੱਚ ਸੁੱਚਾ ਸਿੰਘ ਨਗਰ ਸਥਿਤ ਵਾਰਡ ਨੰਬਰ 3 ਵਿੱਚ ਸਵੇਰੇ ਕਰੀਬ 5 ਵਜੇ ਤਣਾਅਪੂਰਨ ਸਥਿਤੀ ਬਣ ਗਈ, ਜਿੱਥੇ ਇਕ ਆਜ਼ਾਦ ਉਮੀਦਵਾਰ ਅਤੇ ਸੱਤਾਧਾਰੀ ਧਿਰ ਨਾਲ ਸੰਬੰਧਤ ਵਿਅਕਤੀਆਂ ਵਿਚਾਲੇ ਤਕਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੀੜਤ ਧਿਰ ਵੱਲੋਂ ਦੋਸ਼ ਲਗਾਇਆ ਗਿਆ ਕਿ ਸ਼ਹਿਰ ਦੀ ਸੱਤਾਧਾਰੀ ਧਿਰ ਨਾਲ ਸੰਬੰਧਤ ਇਕ ਪ੍ਰਭਾਵਸ਼ਾਲੀ ਵਿਅਕਤੀ ਦੇ ਨੇੜਲਿਆਂ ਵੱਲੋਂ ਫਾਇਰਿੰਗ ਵੀ ਕੀਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਹੋ ਰਹੀਆਂ ਸਥਾਨਕ ਚੋਣਾਂ ਲਈ ਕੁੱਲ 7555 ਉਮੀਦਵਾਰ ਚੋਣ ਮੈਦਾਨ ’ਚ ਹਨ ਜਿਨ੍ਹਾਂ ਦੀ ਕਿਸਮਤ ਦਾ ਅੱਜ 35.45 ਲੱਖ ਵੋਟਰਾਂ ਵੱਲੋਂ ਕੀਤਾ ਜਾਵੇਗਾ। ਇਨ੍ਹਾਂ ਚੋਣਾਂ ਲਈ ਸੂਬੇ ਭਰ ’ਚ 1,014 ਪੋਲਿੰਗ ਬੂਥ ਬਣਾਏ ਗਏ ਹਨ ਅਤੇ 35 ਹਜ਼ਾਰ ਦੇ ਕਰੀਬ ਚੋਣ ਅਮਲਾ ਭਲਕੇ ਜਮਹੂਰੀ ਪ੍ਰਕਿਰਿਆ ’ਚ ਡਿਊਟੀ 'ਤੇ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਚੋਣਾਂ ਦਾ ਅਮਲ ਅਮਨ ਅਮਾਨ ਨਾਲ ਨਿਬੇੜਨ ਲਈ 32 ਹਜ਼ਾਰ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਇਹਨਾਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ। ਇਹ ਚੋਣਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਣ ਜਾ ਰਹੀਆਂ ਹਨ, ਇਸ ਲਈ ਇਸ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਵੀ ਮੰਨਿਆ ਜਾ ਰਿਹਾ। ਪੰਜਾਬ ਵਿੱਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਵਿਰੋਧੀ ਧਿਰ ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਵਿੱਚ ਡਟੇ ਹੋਏ ਹਨ।
ਬਠਿੰਡਾ ਨਿਗਮ ਚੋਣਾਂ ਦੌਰਾਨ ਸਿਆਸੀ ਮਾਹੌਲ ਗਰਮਾਇਆ
ਬਠਿੰਡਾ ਨਗਰ ਨਿਗਮ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਣ ਨਾਲ ਹੀ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ। ਅਤਿ ਦੀ ਗਰਮੀ ਦੇ ਬਾਵਜੂਦ ਵੋਟਰਾਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਕਈ ਪੋਲਿੰਗ ਬੂਥਾਂ ’ਤੇ ਸਵੇਰ ਤੋਂ ਹੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਨਗਰ ਨਿਗਮ ਦੇ 50 ਵਾਰਡਾਂ ਲਈ ਹੋ ਰਹੀ ਚੋਣ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 243 ਉਮੀਦਵਾਰ ਮੈਦਾਨ ਵਿੱਚ ਹਨ, ਜਿਸ ਕਾਰਨ ਚੋਣ ਮੁਕਾਬਲਾ ਕਾਫੀ ਰੌਚਕ ਬਣਿਆ ਹੋਇਆ ਹੈ। ਵੋਟਿੰਗ ਵਾਲੇ ਦਿਨ ਵੀ ਸਾਰੀਆਂ ਸਿਆਸੀ ਧਿਰਾਂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਈਆਂ ਅਤੇ ਪੋਲਿੰਗ ਬੂਥਾਂ ਦੇ ਬਾਹਰ ਵਰਕਰਾਂ ਦੀ ਚਲਹ-ਪਹਿਲ ਦਿਖਾਈ ਦਿੱਤੀ। ਇਸ ਦੌਰਾਨ ਬਠਿੰਡਾ ਦੇ ਸੁੱਚਾ ਸਿੰਘ ਨਗਰ ਸਥਿਤ ਵਾਰਡ ਨੰਬਰ 3 ਵਿੱਚ ਸਵੇਰੇ ਕਰੀਬ 5 ਵਜੇ ਤਣਾਅਪੂਰਨ ਸਥਿਤੀ ਬਣ ਗਈ, ਜਿੱਥੇ ਇਕ ਆਜ਼ਾਦ ਉਮੀਦਵਾਰ ਅਤੇ ਸੱਤਾਧਾਰੀ ਧਿਰ ਨਾਲ ਸੰਬੰਧਤ ਵਿਅਕਤੀਆਂ ਵਿਚਾਲੇ ਤਕਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੀੜਤ ਧਿਰ ਵੱਲੋਂ ਦੋਸ਼ ਲਗਾਇਆ ਗਿਆ ਕਿ ਸ਼ਹਿਰ ਦੀ ਸੱਤਾਧਾਰੀ ਧਿਰ ਨਾਲ ਸੰਬੰਧਤ ਇਕ ਪ੍ਰਭਾਵਸ਼ਾਲੀ ਵਿਅਕਤੀ ਦੇ ਨੇੜਲਿਆਂ ਵੱਲੋਂ ਫਾਇਰਿੰਗ ਵੀ ਕੀਤੀ ਗਈ। ਹਾਲਾਂਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਐੱਸਐੱਸਪੀ ਬਠਿੰਡਾ ਨਾਲ ਫੋਨ ’ਤੇ ਗੱਲਬਾਤ ਕਰਕੇ ਸ਼ਹਿਰ ਵਿੱਚ ਨਿਰਪੱਖ ਅਤੇ ਸ਼ਾਂਤੀਪੂਰਨ ਵੋਟਿੰਗ ਯਕੀਨੀ ਬਣਾਉਣ ਦੀ ਮੰਗ ਕੀਤੀ। ਵੋਟਿੰਗ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਸੰਵੇਦਨਸ਼ੀਲ ਬੂਥਾਂ ’ਤੇ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਚੋਣ ਅਧਿਕਾਰੀਆਂ ਮੁਤਾਬਕ ਸ਼ਾਮ 5 ਵਜੇ ਤੱਕ ਵੋਟਿੰਗ ਜਾਰੀ ਰਹੇਗੀ।
Punjab MC Elections: ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਪਤਨੀ ਨਾਲ ਵੋਟ ਪਾਈ, ਜਿੱਤ ਦਾ ਕੀਤਾ ਦਾਵਾ
ਬਰਨਾਲਾ ਦੇ ਐੱਸਡੀ ਕਾਲਜ ਦੇ ਪੋਲਿੰਗ ਬੂਥ ਨੰਬਰ 49 ਵਿੱਚ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤਹਰ ਵੱਲੋਂ ਆਪਣੀ ਪਤਨੀ ਡਾ. ਗੁਰਵੀਨ ਕੌਰ ਨਾਲ ਵੋਟ ਪਾਈ । ਇਸ ਮੌਕੇ ਗੱਲਬਾਤ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਮੀਤ ਹੇਅਰ ਨੇ ਆਮ ਆਦਮੀ ਪਾਰਟੀ ਦੀ ਨਗਰ ਨਿਗਮ ਚੋਣਾਂ ਵਿੱਚ ਵੱਡੀ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ ਪਹਿਲੀ ਵਾਰ ਨਗਰ ਦੀਆਂ ਚੋਣਾਂ ਹੋਈਆਂ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣਾ ਪਹਿਲਾ ਮੇਅਰ ਬਣਾਵੇਗੀ। ਉੱਥੇ ਹੀ ਕੇਂਦਰ ਵਿੱਚ ਮੋਦੀ ਸਰਕਾਰ ਦੇ 14 ਸਾਲ ਪੂਰੇ ਹੋਣ ਤੇ ਕਿਹਾ ਕਿ ਪਿਛਲੇ 14 ਸਾਲਾਂ ਦੌਰਾਨ ਦੇਸ਼ ਨੀ ਮਾੜੇ ਹਾਲਾਤ ਦੇਖੇ ਹਨ। ਮੋਦੀ ਸਰਕਾਰ ਨੇ ਜੋ ਵੀ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ। ਰੁਜ਼ਗਾਰ ਦੇਣ ਦੇ ਨਾਂ ਤੇ ਨੌਜਵਾਨਾਂ ਨਾਲ ਧੋਖਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹਨਾਂ ਦੋ ਸਾਲਾਂ ਦੌਰਾਨ ਲੋਕਤੰਤਰ ਦਾ ਘਾਣ ਹੀ ਹੋਇਆ ਹੈ।
Punjab MC Elections: ਕੋਟ ਈਸੇ ਖਾਂ ਦੇ ਵਾਰਡ ਨੰਬਰ 7 ’ਚ ਤਲਖ਼ੀ ਵਾਲਾ ਮਾਹੌਲ ਬਣਿਆ
ਇੱਥੇ ਦੇ ਵਾਰਡ ਨੰਬਰ 7 ਵਿੱਚ ਚੋਣ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਮਾਹੌਲ ਤਲਖ਼ੀ ਵਾਲਾ ਬਣਿਆ ਹੋਇਆ ਹੈ। ਇੱਥੇ ਈਟੀਟੀ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਆਪ ਆਗੂ ਜਸਵਿੰਦਰ ਸਿੰਘ ਸਿੱਧੂ ਦੇ ਨਜ਼ਦੀਕੀ ਰਿਸ਼ਤੇਦਾਰ ਬੀਬੀ ਮਨਜੀਤ ਕੌਰ ਅਤੇ ਆਪ ਉਮੀਦਵਾਰ ਸੁਖਨਜੀਤ ਕੌਰ ਵਿਚਾਲੇ ਜ਼ਬਰਦਸਤ ਮੁਕਾਬਲਾ ਹੈ। ਪਿਛਲੀ ਵਾਰ ਵੀ ਇਸ ਵਾਰਡ ਤੋਂ ਜਸਵਿੰਦਰ ਸਿੱਧੂ ਦੇ ਛੋਟੇ ਭਰਾ ਸੋਨੂ ਸਿੱਧੂ ਆਪ ਵਲੋਂ ਕੌਂਸਲਰ ਸਨ। ਪਰ ਇਸ ਵਾਰ ਸਿੱਧੂ ਪਰਿਵਾਰ ਆਜ਼ਾਦ ਚੋਣ ਲੜ ਰਿਹਾ ਹੈ। ਇਸ ਵਾਰਡ ਦਾ ਪੋਲਿੰਗ ਬੂਥ ਬਲਾਕ ਪੰਚਾਇਤ ਅਫ਼ਸਰ ਵਿਖੇ ਬਣਾਇਆ ਗਿਆ ਹੈ। ਵੋਟਿੰਗ ਸ਼ੁਰੂ ਹੁੰਦੇ ਹੀ ਆਪ ਉਮੀਦਵਾਰ ਦੇ ਵੱਡੀ ਗਿਣਤੀ ਵਿੱਚ ਸਮੱਰਥਕ ਅਮਨ ਟੱਕਰ ਦੀ ਅਗਵਾਈ ਹੇਠ ਚੋਣ ਬੂਥ ਪਾਸ ਆਏ ਤਾਂ ਪੁਲੀਸ ਅਧਿਕਾਰੀ ਜਨਕ ਰਾਜ ਦੀ ਅਗਵਾਈ ਹੇਠ ਉੱਥੇ ਤਾਇਨਾਤ ਪੁਲੀਸ ਪਾਰਟੀ ਨੇ ਉਨ੍ਹਾਂ ਨੂੰ ਪੋਲਿੰਗ ਸਟੇਸ਼ਨ ਅੰਦਰ ਜਾਣ ਤੋਂ ਰੋਕ ਦਿੱਤਾ ਜਿਸ ਕਾਰਨ ਭੀੜ ਦੀ ਪੁਲੀਸ ਨਾਲ ਤਕਰਾਰਬਾਜ਼ੀ ਹੋ ਗਈ। ਪੁਲੀਸ ਨੇ ਪੂਰੀ ਸਖ਼ਤੀ ਨਾਲ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ। ਇਸਦੀ ਜਾਣਕਾਰੀ ਮਿਲ਼ਦੇ ਹੀ ਡੀਐੱਸਪੀ ਸੁਖਵਿੰਦਰ ਸਿੰਘ ਬਰਾੜ ਮੌਕੇ ਤੇ ਪੁੱਜ ਗਏ। ਉਨ੍ਹਾਂ ਪੋਲਿੰਗ ਸਟੇਸ਼ਨ ਦੇ ਬਾਹਰ ਸੁਰੱਖਿਆ ਦੇ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਹਿਦਾਇਤ ਕੀਤੀ। ਕੁਝ ਚਿਰ ਦੇ ਰੌਲ਼ੇ ਰੱਪੇ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ। ਪੁਲੀਸ ਨੇ ਉਮੀਦਵਾਰਾਂ ਦੇ ਸਮੱਰਥਕਾਂ ਨੂੰ ਪੋਲਿੰਗ ਸਟੇਸ਼ਨ ਨੇੜੇ ਨਿਰਧਾਰਤ ਜਗ੍ਹਾ ਤੋਂ ਅੱਗੇ ਜਾਣ ਤੋਂ ਸਖ਼ਤੀ ਨਾਲ ਰੋਕ ਦਿੱਤਾ ਗਿਆ ਹੈ ਉਝ ਸਟੇਸ਼ਨ ਅੰਦਰ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ।
Punjab MC Elections: ਰਾਏਕੋਟ ਵਿੱਚ ਕਾਂਗਰਸ ਉਮੀਦਵਾਰ ’ਤੇ ਜਾਨਲੇਵਾ ਹਮਲਾ
ਰਾਏਕੋਟ ਨਗਰ ਕੌਂਸਲ ਚੋਣਾਂ ਵਿੱਚ ਆਮ ਕਾਂਗਰਸ ਪਾਰਟੀ ਦੇ 4 ਨੰਬਰ ਵਾਰਡ ਤੋਂ ਉਮੀਦਵਾਰ ਜਗਦੇਵ ਸਿੰਘ ਜੱਗਾ ਉੱਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਹੈ, ਮਿਲੀ ਜਾਣਕਾਰੀ ਅਨੁਸਾਰ ਜਗਦੇਵ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਲੁਧਿਆਣਾ ਡੀਐਮਸੀ ਹਸਪਤਾਲ ਵਿਚ ਭੇਜਿਆ ਗਿਆ ਹੈ। ਰਾਏਕੋਟ ਕਾਂਗਰਸ ਵੱਲੋਂ ਹਮਲੇ ਲਈ ਸੱਤਾਧਾਰੀ ਧਿਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
Punjab MC Elections: ਬਜ਼ੁਰਗ ਅਤੇ ਅਪਾਹਜ ਵੋਟਰਾਂ ਲਈ ਵੀਲ ਚੇਅਰ ਦਾ ਨਹੀਂ ਪ੍ਰਬੰਧ
ਸਮਰਾਲਾ- ਸ਼ਹਿਰ ਦੇ 12 ਵਾਰਡਾਂ ਲਈ ਅੱਜ ਹੋ ਰਹੀਆਂ ਨਗਰ ਕੌਂਸਲ ਚੋਣਾਂ ਦੌਰਾਨ ਸਥਾਨਕ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਣ ਦੇ ਦਾਅਵਿਆਂ ਦੀ ਫੂਕ ਨਿਕਲਦੀ ਹੋਈ ਨਜ਼ਰ ਆਈ। ਜ਼ਿਆਦਾਤਰ ਪੋਲਿੰਗ ਬੂਥਾਂ ਤੇ ਆਪਣੀ ਬੋਟ ਦੇ ਹੱਕ ਦਾ ਇਸਤੇਮਾਲ ਕਰਨ ਆਏ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਨੂੰ ਭਾਰੀ ਪਰੇਸ਼ਾਨੀਆਂ ਝੱਲਣੀਆਂ ਪਈਆਂ। ਇਨ੍ਹਾਂ ਪੋਲਿੰਗ ਬੂਥਾਂ ਅੰਦਰ ਵ੍ਹੀਲ ਚੇਅਰ ਨਾ ਹੋਣ ਕਾਰਨ ਬਜ਼ੁਰਗ ਅਤੇ ਅਪਾਹਜ ਵੋਟਰਾਂ ਨੂੰ ਬੜੀ ਮੁਸ਼ਕਿਲ ਨਾਲ ਪੋਲਿੰਗ ਬੂਥ ਦੇ ਅੰਦਰ ਤੱਕ ਲਿਜਾਣਾ ਪਿਆ। ਹਾਲਾਂਕਿ ਸਥਾਨਕ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਣ ਦੇ ਦਾਅਵੇ ਕੀਤੇ ਜਾ ਰਹੇ ਸਨ। ਮੌਕੇ ਤੇ ਮੌਜੂਦ ਡੀਐੱਸਪੀ ਸਮਰਾਲਾ ਤੋਂ ਜਦੋਂ ਪੱਤਰਕਾਰਾਂ ਵੱਲੋਂ ਪੋਲਿੰਗ ਬੂਥਾਂ ਅੰਦਰ ਵੀਲ ਚੇਅਰ ਨਾ ਹੋਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਕਿ ਬਾਕੀ ਤਾਂ ਸਾਰੇ ਪ੍ਰਬੰਧ ਪੂਰੇ ਹਨ, ਪਰੰਤੂ ਵ੍ਹੀਲ ਚੇਅਰ ਬਾਰੇ ਉਹ ਹੁਣੇ ਐੱਸਡੀਐੱਮ ਕੰਮ ਰਿਟਰਨਿੰਗ ਅਫਸਰ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਇਸ ਮੁਸ਼ਕਿਲ ਦਾ ਤੁਰੰਤ ਹੱਲ ਕਰ ਰਹੇ ਹਨ। ਦੂਜੇ ਪਾਸੇ ਉੱਥੇ ਵੋਟ ਪਾਉਣ ਆਈ ਇੱਕ ਬਜ਼ੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ, ਕਿ ਉਹਨਾਂ ਦੀ ਮਾਤਾ ਬਿਰਧ ਹੋਣ ਕਾਰਨ ਤੁਰਨ ਫਿਰਨ ਤੋਂ ਅਸਮਰਥ ਹੈ ਅਤੇ ਉਹ ਬੜੀ ਮੁਸ਼ਕਿਲ ਆਪਣੀ ਬਿਰਧ ਮਾਤਾ ਨੂੰ ਪੋਲਿੰਗ ਬੂਥ ਤੱਕ ਲੈ ਕੇ ਆਏ ਪਰ ਇੱਥੇ ਵ੍ਹੀਲ ਚੇਅਰ ਨਾ ਹੋਣ ਕਾਰਨ ਉਹਨਾਂ ਨੂੰ ਆਪਣੀ ਮਾਤਾ ਨੂੰ ਚੁੱਕ ਕੇ ਪੋਲਿੰਗ ਬੂਥ ਦੇ ਅੰਦਰ ਵੋਟ ਪਾਉਣ ਲਈ ਲਿਜਾਣਾ ਪਿਆ। ਉਧਰ ਦੂਜੇ ਪਾਸੇ ਚੋਣ ਡਿਊਟੀ ਅਧਿਕਾਰੀ ਜੀਵਨ ਜੋਤ ਸਿੰਘ ਨੇ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕਰਦਿਆਂ ਆਖਿਆ ਕਿ, ਵੋਟਰਾਂ ਲਈ ਪੋਲਿੰਗ ਬੂਥਾਂ ਦੇ ਅੰਦਰ ਪੀਣ ਵਾਲਾ ਪਾਣੀ ਅਤੇ ਛਾਂ ਵਿੱਚ ਬੈਠਣ ਸਮੇਤ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਪੋਲਿੰਗ ਬੂਥਾਂ ਅੰਦਰ ਵ੍ਹੀਲ ਚੇਅਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਪਰ ਫਿਰ ਵੀ ਜਿੱਥੇ ਕਿਤੇ ਕੋਈ ਮੁਸ਼ਕਿਲ ਆਈ ਹੈ ਉਹ ਹੁਣੇ ਦੁਬਾਰਾ ਇਸ ਗੱਲ ਦੀ ਪੜਤਾਲ ਕਰ ਰਹੇ ਹਨ।
ਬਨੂੜ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ
ਨਗਰ ਕੌਂਸਲ ਬਨੂੜ ਦੀਆਂ ਅੱਜ ਪੈ ਰਹੀਆਂ ਵੋਟਾਂ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਵੋਟਰ ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੋਲਿੰਗ ਬੂਥਾਂ ਦੇ ਬਾਹਰ ਲਾਈਨਾਂ ਲਗਾ ਕੇ ਖੜੇ ਹੋ ਗਏ। ਬਨੂੜ ਦੇ 13 ਵਾਰਡਾਂ ਲਈ 40 ਉਮੀਦਵਾਰ ਮੈਦਾਨ ਵਿੱਚ ਹਨ ਅਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਰਮਿਆਨ ਜਿਆਦਾਤਰ ਵਾਰਡਾਂ ਵਿਚ ਸਿੱਧਾ ਮੁਕਾਬਲਾ ਹੈ। ਸਮੁੱਚੀ ਪੋਲਿੰਗ ਪ੍ਰਕਿਰਿਆ ਅਮਨ ਅਮਾਨ ਨਾਲ ਆਰੰਭ ਹੋਈ। ਵੱਖ ਵੱਖ ਉਮੀਦਵਾਰਾਂ ਵੱਲੋਂ ਲਗਾਏ ਹੋਏ ਟੈਂਟਾਂ ਵਿੱਚ ਵੋਟਰਾਂ ਤੇ ਸਮਰਥਕਾਂ ਦੀ ਭਾਰੀ ਭੀੜ ਜੁਟੀ ਹੋਈ ਹੈ। ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਵੋਟਰਾਂ ਲਈ ਟੈਂਟ ਅਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਬਨੂੜ ਦੇ ਸਮੁੱਚੇ ਪੋਲਿੰਗ ਬੂਥਾਂ ਦੇ ਅੰਦਰ ਤੇ ਬਾਹਰ ਸੀ ਸੀ ਟੀ ਵੀ ਕੈਮਰੇ ਵੀ ਲਗਵਾਏ ਗਏ ਹਨ।
ਮਜੀਠਾ ਅਤੇ ਰਮਦਾਸ ਨਗਰ ਕੌਂਸਲ ਚੋਣਾਂ ਲਈ ਵੋਟਾਂ ਪਾਉਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ
ਮਜੀਠਾ ਅਤੇ ਰਮਦਾਸ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੁੰਦਿਆਂ ਹੀ ਲੋਕ ਵੱਡੀ ਗਿਣਤੀ ਵਿੱਚ ਘਰਾਂ ਤੋਂ ਵੋਟ ਪਾਉਣ ਲਈ ਨਿਕਲੇ ਹਨ। ਔਰਤਾਂ ਵੀ ਵੱਡੀ ਗਿਣਤੀ ਵਿਚ ਵੋਟ ਪਾਉਣ ਨਿਕਲੀਆਂ ਹਨ। ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਭਾਰੀ ਗਰਮੀ ਦੇਖਦਿਆਂ ਲੋਕ ਸਵੇਰੇ ਠੰਡਾ ਮੌਸਮ ਹੋਣ ਕਰਕੇ ਘਰਾਂ ਤੋਂ ਨਿਕਲ ਆਏ ਹਨ। ਨਗਰ ਕੌਂਸਲ ਮਜੀਠਾ ਦੇ 13 ਵਾਰਡਾਂ ਵਿੱਚੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਨਿਰਵਿਰੋਧ ਜੇਤੂ ਐਲਾਨੇ ਜਾ ਚੁੱਕੇ ਹਨ। ਅੱਜ ਬਾਕੀ ਰਹਿਦੀਆਂ 11 ਵਾਡਾਂ ਵਿੱਚ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ ਸ਼ੁਰੂ ਹੋ ਚੁੱਕੀ ਹੈ। ਲੋਕ ਸਵੇਰੇ ਸਵੇਰੇ ਹੀ ਕਤਾਰਾਂ ਵਿੱਚ ਆਪਣੀ ਵੋਟ ਪਾਉਣ ਲਈ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਪੁਲਿਸ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਉਧਰ ਰਮਦਾਸ ਵਿੱਚ ਵੀ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਚੱਲ ਰਿਹਾ ਹੈ। ਰਮਦਾਸ ਕੌਂਸਲ ਦੀਆਂ ਕੁਲ 11 ਵਾਰਡਾਂ ਦੀਆਂ ਵੋਟਾਂ ਪੈਣੀਆਂ ਹਨ। ਮਜੀਠਾ ਨੂੰ ਸੰਵੇਦਨਸ਼ੀਲ ਹੋਣ ਕਰਕੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ। ਹਰ ਵਿਅਕਤੀ ਉਪਰ ਨਜ਼ਰ ਰੱਖੀ ਜਾ ਰਹੀ ਹੈ।
ਜੰਡਿਆਲਾ ਗੁਰ ਵਿੱਚ ਨਗਰ ਕੌਂਸਲ ਚੋਣਾਂ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਅਮਨ ਅਮਾਨ ਨਾਲ ਸ਼ੁਰੂ ਹੋਈ
ਜੰਡਿਆਲਾ ਗੁਰੂ ਵਿੱਚ ਨਗਰ ਕੌਂਸਲ ਚੋਣਾਂ ਵਿੱਚ ਵੋਟਾਂ ਪਾਉਣ ਦੀ ਪ੍ਰਕਿਰਿਆ ਅਮਾਨ ਨਾਲ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਨਗਰ ਕੌਂਸਲ ਦੇ 15 ਵਾਰਡਾਂ ਵਿੱਚੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਬਿਨ੍ਹਾਂ ਮੁਕਾਬਲਾ ਜੇਤੂ ਐਲਾਨੇ ਜਾ ਚੁੱਕੇ ਹਨ। ਅੱਜ ਬਾਕੀ ਰਹਿਦੀਆਂ 13 ਵਾਡਾਂ ਵਿੱਚ ਚੋਣ ਪ੍ਰਕਿਰਿਆ ਅਮਨ ਅਮਾਨ ਨਾਲ ਸ਼ੁਰੂ ਹੋ ਚੁੱਕੀ ਹੈ। ਲੋਕ ਸਵੇਰੇ ਸਵੇਰੇ ਹੀ ਕਤਾਰਾਂ ਵਿੱਚ ਆਪਣੀ ਵੋਟ ਪਾਉਣ ਲਈ ਖੜੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਪੁਲੀਸ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿੱਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿੱਚ ਵੇਖਣ ਨੂੰ ਮਿਲ ਰਿਹਾ ਹੈ।
Punjab MC Elections: ਬਰਨਾਲਾ ਵਿੱਚ ਵੋਟਿੰਗ ਸ਼ੁਰੂ, ਨਗਰ ਨਿਗਮ ਦੇ ਪਹਿਲੇ ਮੇਅਰ ਦੀ ਚੋਣ ਲਈ ਵੋਟਰਾਂ ਵਿੱਚ ਭਾਰੀ ਉਤਸ਼ਾਹ
ਬਰਨਾਲਾ ਨਗਰ ਨਿਗਮ ਸਮੇਤ ਜ਼ਿਲ੍ਹੇ ਦੀਆਂ ਪ੍ਰਮੁੱਖ ਨਗਰ ਕੌਂਸਲਾਂ ਤਪਾ ਮੰਡੀ, ਧਨੌਲਾ ਅਤੇ ਭਦੋੜ ਵਿੱਚ ਅੱਜ ਸਵੇਰੇ 8 ਵਜੇ ਤੋਂ ਵੋਟਿੰਗ ਪ੍ਰਕਿਰਿਆ ਪੂਰੇ ਉਤਸ਼ਾਹ ਅਤੇ ਸ਼ਾਂਤਮਈ ਢੰਗ ਨਾਲ ਸ਼ੁਰੂ ਹੋ ਗਈ ਹੈ। ਬਰਨਾਲਾ ਲਈ ਇਹ ਚੋਣਾਂ ਇਤਿਹਾਸਕ ਹਨ ਕਿਉਂਕਿ ਇੱਥੇ ਨਗਰ ਨਿਗਮ ਬਣਨ ਤੋਂ ਬਾਅਦ ਪਹਿਲੀ ਵਾਰ ਸ਼ਹਿਰ ਨੂੰ ਆਪਣਾ ਮੇਅਰ ਮਿਲੇਗਾ। ਬਰਨਾਲਾ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿੱਚੋਂ 2 ਵਾਰਡਾਂ ਵਿੱਚ ਉਮੀਦਵਾਰ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ, ਜਦਕਿ ਬਾਕੀ 48 ਵਾਰਡਾਂ ਲਈ ਕਰੀਬ 88 ਹਜ਼ਾਰ ਵੋਟਰ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰ ਰਹੇ ਹਨ। ਇਸੇ ਤਰ੍ਹਾਂ ਤਪਾ ਮੰਡੀ ਦੇ 15 ਵਾਰਡਾਂ ਲਈ 16,199 ਵੋਟਰ, ਭਦੋੜ ਦੇ 13 ਵਾਰਡਾਂ ਅਤੇ ਧਨੌਲਾ ਦੇ 13 ਵਾਰਡਾਂ ਵਿੱਚ ਵੀ ਵੋਟਾਂ ਦਾ ਅਮਲ ਨਿਰਵਿਘਨ ਜਾਰੀ ਹੈ। ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਅਤੇ ਕਈ ਆਜ਼ਾਦ ਉਮੀਦਵਾਰਾਂ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਉਮੀਦਵਾਰਾਂ ਵੱਲੋਂ ਜ਼ਮੀਨੀ ਪੱਧਰ 'ਤੇ ਆਪਣੀ ਜਿੱਤ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਪੋਲਿੰਗ ਬੂਥਾਂ 'ਤੇ ਸਵੇਰ ਤੋਂ ਹੀ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ, ਜਿਸ ਤੋਂ ਲੋਕਾਂ ਵਿੱਚ ਭਾਰੀ ਉਤਸਾਹ ਦਾ ਪ੍ਰਗਟਾਵਾ ਹੁੰਦਾ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵੋਟਿੰਗ ਨੂੰ ਸ਼ਾਂਤਮਈ ਅਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈਂਦਿਆਂ ਬਰਨਾਲਾ ਦੇ ਐਸ.ਡੀ. ਕਾਲਜ ਸਥਿਤ ਪੋਲਿੰਗ ਬੂਥ 'ਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੇ ਪਿਤਾ ਚਮਕੌਰ ਸਿੰਘ ਹੇਅਰ ਅਤੇ ਮਾਤਾ ਸਰਬਜੀਤ ਕੌਰ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ।
.jpg)
.jpg)
.jpg)
.jpg)




































.jpg)


























.jpg)





.jpg)






















.jpg)







