
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਬਦਲਾਅ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਬਦਲਾਅ ਕਿਹੜਾ ਲਿਆਉਣਾ ਹੈ। ਹੁਣ ਸਮਝ ਲੱਗਣ ਲੱਗੀ ਹੈ ਕਿ ਸਰਕਾਰ ਤਾਂ ਲੋਕਾਂ ਨੂੰ ਦੇ ਦੁੱਖ ਦਰਦ ਨੂੰ ਹੋਰ ਵੱਡਾ ਕਰਨ ਵਾਲਾ ਬਦਲਾਅ ਲਿਆਉਣਾ ਚਾਹੁੰਦੀ ਸੀ। ਲੋਕਾਂ ਨੇ ਭੁਲੇਖੇ ਵਿਚ ਆ ਕੇ ਆਮ ਆਦਮੀ ਪਾਰਟੀ ਨੂੰ ਏਡੀ ਵੱਡੀ ਜਿੱਤ ਦੇ ਦਿੱਤੀ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗਦਾ ਹੈ ਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ। ਪਰ ਯਾਦ ਰੱਖਣਾ ਚਾਹੀਦਾ ਹੈ ਕਿ 25 ਸਾਲ ਲਗਾਤਾਰ ਰਾਜ ਕਰਨ ਦਾ ਸੁਪਨਾ ਲੈਣ ਅਤੇ ਦਾਅਵਾ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਇਸ ਵੇਲੇ ਡਿਪਰਸ਼ੈਨ ਦੇ ਹਾਲਾਤਾਂ ਵਿਚ ਹੈ ਅਤੇ ਉਸਨੂੰ ਹੁਣ ਇਹ ਲੱਗਣ ਲੱਗ ਪਿਆ ਕਿ ਅਕਾਲੀ ਦਾ ਰਾਜ ਘੱਟੋ-ਘੱਟ 25 ਸਾਲ ਨਹੀਂ ਆ ਸਕਦਾ। ਇਸ ਲਈ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਸਮਾਂ ਰਹਿੰਦਿਆਂ ਪੰਜਾਬ ਦੇ ਲੋਕਾਂ ਦੀ ਬਾਂਹ ਫੜ ਲੈਣ ਨਹੀਂ ਤਾਂ ਜੇਕਰ ਲੋਕਾਂ ਨੇ ਮੁੱਖ ਮੋੜ ਲਿਆ ਤਾਂ ਫਿਰ ਕਿਸੇ ਹੋਰ ਸੂਬੇ ਨੇ ਬਾਂਹ ਨਹੀਂ ਫੜਨੀ।
ਪੰਜਾਬ ਵਿਚ ਮਸਲੇ ਤਾਂ ਬਹੁਤ ਹਨ ਪਰ ਜਿਹੜਾ ਮਸਲਾ ਇਸ ਵੇਲੇ ਪੂਰਾ ਸਰਗਰਮ ਹੈ ਉਹ ਕਿਸਾਨਾਂ ਦਾ ਮੰਡੀਆਂ ਵਿਚ ਰੁਲਣ ਦਾ ਹੈ। ਝੋਨੇ ਦੀ ਫਸਲ ਦੀ ਵਾਢੀ ਚੱਲ ਰਹੀ ਹੈ, ਕਿਸਾਨਾਂ ਨੇ ਜੂਨ ਜੁਲਾਈ ਦੇ ਗਰਮਾਇਸ਼ ਵਾਲੇ ਮਹੀਨਿਆਂ ਵਿਚ ਬੜੀਆਂ ਤੰਗੀਆਂ ਤੁਰਸ਼ੀਆਂ ਝੱਲ ਕੇ ਝੋਨਾ ਪਾਲਿਆ ਪਰ ਹੁਣ ਜਦੋਂ ਉਸਦਾ ਫਲ ਖਾਣ ਦੀ ਵਾਰੀ ਆਈ ਤਾਂ ਸਰਕਾਰ ਨੇ ਹੱਥ ਖੜੇ ਕਰ ਦਿੱਤੇ ਹਨ। ਪੰਦਰਾਂ-ਪੰਦਰਾਂ ਦਿਨਾਂ ਤੋਂ ਕਿਸਾਨ ਆਪਣੀ ਜਿਣਸ ਲੈ ਕੇ ਮੰਡੀਆਂ ਵਿਚ ਬੈਠੇ ਹਨ। ਕਿਸਾਨ ਦੀ ਪੱਕੀ ਹੋਈ ਫਸਲ ਨੂੰ ਕਈ ਪਾਸਿਆਂ ਤੋਂ ਮਾਰ ਪੈਣ ਦਾ ਖਤਰਾ ਵਧ ਜਾਂਦਾ ਹੈ। ਇਕ ਤਾਂ ਖੜੀ ਫਸਲ ਨੂੰ ਅੱਗ ਲੱਗਣ ਦਾ ਖਤਰਾ, ਦੂਜਾ ਮੌਸਮ ਖਰਾਬ ਹੋਣ ਦਾ ਖਤਰਾ ਤੀਜਾ ਅਗਲੀ ਫਸਲ ਦੀ ਤਿਆਰੀ ਵਿਚ ਲੇਟ ਹੋਣ ਦਾ ਖਤਰਾ। ਇਸ ਵੇਲੇ ਸਮੱੁਚੇ ਪੰਜਾਬ ਦਾ ਕਿਸਾਨ ਸੜਕਾਂ ਉੱਤੇ ਹੈ। ਉਸਦੀ ਫ਼ਸਲ ਮੰਡੀਆਂ ਵਿਚ ਰੁਲ ਰਹੀ ਹੈ, ਖੇਤਾਂ ਵਿਚ ਖੜੀ ਫ਼ਸਲ ’ਤੇ ਖ਼ਤਰੇ ਦੇ ਬੱਦਲ ਮੰਡਰਾ ਰਹੇ ਹਨ। ਕਿਸਾਨ ਜਾਵੇ ਤਾਂ ਜਾਵੇ ਕਿੱਧਰ?
ਪਾਠਕਾਂ ਦੇ ਧਿਆਨ ਹਿੱਤ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸਲ ਵਿਚ ਇਹ ਮੱੁਦਾ ਹੈ ਕੀ। ਪਹਿਲੀ ਗੱਲ ਤਾਂ ਸਰਕਾਰ ਨੂੰ ਕਟਿਹਰੇ ਵਿਚ ਖੜਾ ਕੀਤਾ ਜਾਣਾ ਬਣਦਾ ਹੈ ਜਿਸਨੇ ਸਮਾਂ ਰਹਿੰਦਿਆਂ ਫ਼ਸਲ ਚੱੁਕਣ ਦੇ ਮੰਡੀਆਂ ਵਿਚ ਪ੍ਰਬੰਧ ਨਹੀਂ ਕੀਤੇ। ਝੋਨੇ ਦੀ ਪਿੜਾਈ ਕਰਨ ਵਾਲੇ ਸ਼ੈਲਰਾਂ ਦਾ ਕਹਿਣਾ ਹੈ ਕਿ ਐੱਫ.ਸੀ.ਆਈ ਗਡਾਊਨ ਅਜੇ ਖਾਲੀ ਨਹੀਂ ਕੀਤੇ ਗਏ ਜਿਸ ਕਾਰਨ ਜੇਕਰ ਅਸੀਂ ਝੋਨਾ ਲੁਆ ਲਿਆ ਤਾਂ ਅਸੀਂ ਚੌਲ ਕਿੱਥੇ ਰੱਖਾਂਗੇ? ਦੂਜਾ ਜੇਕਰ ਚੌਲ ਲੇਟ ਹੋ ਗਿਆ ਤਾਂ ਸਮਾਂ ਪੈਣ ਨਾਲ ਉਹ ਸੁੱਕ ਜਾਵੇਗਾ, ਉਸਦਾ ਘਾਟਾ ਕੌਣ ਜਰੇਗਾ? ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਪੀ.ਆਰ. 126 ਅਤੇ ਹੋਰ ਹਾਈਬਿ੍ਰਡ ਬੀਜਾਂ ਦੇ ਝੋਨੇ ਦੀ ਸੋਕ ਸਰਕਾਰ ਨੇ 33 ਫੀਸਦ ਮਿਥੀ ਹੈ ਭਾਵ ਝੋਨੇ ਵਿਚੋਂ ਸਰਕਾਰ ਨੂੰ 67 ਫੀਸਦੀ ਚੌਲ ਦੇਣੇ ਹੋਣਗੇ, ਪਰ ਨਿਕਲ 62 ਫੀਸਦ ਰਿਹਾ ਹੈ। ਜੇਕਰ ਮਾਰਚ ਤੱਕ ਚੌਲ ਲੱਗ ਜਾਂਦਾ ਹੈ ਤਾਂ ਠੀਕ ਹੈ ਜੇਕਰ ਨਹੀਂ ਤਾਂ ਸੋਕ ਹੋਰ ਵੀ ਵਧ ਸਕਦੀ ਹੈ।
ਜੇਕਰ ਪੂਰੇ ਮਾਮਲੇ ਉੱਤੇ ਨਜ਼ਰ ਮਾਰੀ ਜਾਵੇ ਤਾਂ ਹਰ ਪਾਸੇ ਹੀ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਹੀ ਸਾਹਮਣੇ ਆਉਂਦੀਆਂ ਹਨ। ਮੰਡੀਆਂ ਵਿਚ ਆਪਣੀ ਫਸਲ ਵੇਚ ਕੇ ਘਰਾਂ ਨੂੰ ਜਾਣ ਦੀ ਸੋਚ ਰੱਖਣ ਵਾਲਾ ਕਿਸਾਨ ਅੱਜ ਸੜਕਾਂ ਉੱਤੇ ਬੈਠਣ ਲਈ ਮਜਬੂਰ ਹੈ। ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਖਬਰਾਂ ਵਿਚ ਤਾਂ ਕਹਿ ਰਹੇ ਹਨ ਕਿ ਉਹ ਹੱਲ ਕਰਨ ਦੀ ਕੋਸ਼ਿਸ਼ ਵਿਚ ਹਨ ਪਰ ਕੋਈ ਵੀ ਨਤੀਜਾ ਸਾਹਮਣੇ ਨਹੀਂ ਆ ਰਿਹਾ। ਸਿਆਣੇ ਕਹਿੰਦੇ ਨੇ ਕਿ ‘ਝੋਟੇ ਨਾਲ ਹੀ ਚੰਮ ਜੂਆਂ ਹੁੰਦੀਆਂ ਨੇ’ ਭਾਵ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਜੇਕਰ ਇੱਥੇ ਕਿਸਾਨੀ ਦੀ ਹਾਲਤ ਮਾੜੀ ਹੋ ਗਈ ਤਾਂ ਹੋਰ ਵਪਾਰਾਂ ਨੂੰ ਵੀ ਵੱਡਾ ਨੁਕਸਾਨ ਹੋਵੇਗਾ ਅਤੇ ਸੂਬੇ ਦੇ ਹਾਲਾਤ ਮਾੜੇ ਹੋ ਜਾਣਗੇ। ਕਿਸਾਨਾਂ ਦੀ ਖੁਸ਼ਹਾਲੀ ਨਾਲ ਹੀ ਹਰ ਪਾਸੇ ਖੁਸ਼ਹਾਲੀ ਆਉਂਦੀ ਹੈ। ਸੋ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸੜਕਾਂ ’ਤੇ ਬੈਠੇ ਕਿਸਾਨਾਂ ਦੀ ਮੰਗ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਹੱਲ ਕੀਤਾ ਜਾਵੇ, ਜੇਕਰ ਇਹ ਕਿਸਾਨ ਬਾਗੀ ਹੋ ਗਏ ਤਾਂ ਫਿਰ ਜੇਕਰ ਕੇਂਦਰ ਸਰਕਾਰ ਨੂੰ ਹਿਲਾ ਸਕਦੇ ਹਨ ਤਾਂ ਤੁਸੀਂ ਕੋਈ ਬਹੁਤੀ ਵੱਡੀ ਸ਼ਕਤੀ ਨਹੀਂ ਹੋ। ਇਸ ਲਈ ਸਮਾਂ ਰਹਿੰਦੀਆਂ ਹੱਲ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਆਮੀਨ!