ਮੇਰਾ ਸਹੁਰਾ ਪਰਿਵਾਰ ਹੈ ਪੰਜਾਬ: ਪ੍ਰਿਯੰਕਾ ਗਾਂਧੀ

ਮੇਰਾ ਸਹੁਰਾ ਪਰਿਵਾਰ ਹੈ ਪੰਜਾਬ: ਪ੍ਰਿਯੰਕਾ ਗਾਂਧੀ

ਪਟਿਆਲਾ, -ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਅੱਜ ਚੋਣ ਪ੍ਰਚਾਰ ਕਰਨ ਪੁੱਜੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪੰਜਾਬ ਨਾਲ ਆਪਣੇ ਗੂੜ੍ਹੇ ਰਿਸ਼ਤੇ ਦੀ ਬਾਤ ਪਾਈ ਹੈ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ,‘‘ਤੁਸੀਂ ਤਾਂ ਮੇਰੇ ਸਹੁਰੇ ਵਾਲੇ ਹੋ ਕਿਉਂਕਿ ਮੇਰਾ ਵਿਆਹ ਠੇਠ ਪੰਜਾਬੀ ਪਰਿਵਾਰ ’ਚ ਹੋਇਆ ਹੈ।’’ ਇਸ ਮੌਕੇ ਉਨ੍ਹਾਂ ਨੇ ਆਪਣੀ ਦਾਦੀ ਇੰਦਰਾ ਗਾਂਧੀ ਦੇ ਸਖ਼ਤ ਸੁਭਾਅ ਬਾਰੇ ਵੀ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਪਰਿਵਾਰ ਵਿਚ ਉਨ੍ਹਾਂ ਦੇ ਹੁਕਮ ਤੋਂ ਬਗੈਰ ਡਾਇਨਿੰਗ ਟੇਬਲ ’ਤੇ ਵੀ ਕੋਈ ਬੇਅਸੂਲੀ ਗੱਲ ਨਹੀਂ ਕਰਦਾ ਸੀ ਤੇ ਸਾਰੇ ਬੱਚੇ ਉਨ੍ਹਾਂ ਤੋਂ ਡਰਦੇ ਸਨ।

ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਸ ਦਾ ਪੰਜਾਬ ਨਾਲ ਗੂੜ੍ਹਾ ਸਬੰਧ ਹੈ ਕਿਉਂਕਿ ਉਹ ਇਕ ਠੇਠ ਪੰਜਾਬੀ ਪਰਿਵਾਰ ਵਿਚ ਵਿਆਹੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਉਸ ਦੇ ਸਹੁਰਾ ਪਰਿਵਾਰ ਦੇ ਵੱਡੇ ਸਿਆਲਕੋਟ ਰਹਿੰਦੇ ਸਨ ਤੇ ਵੰਡ ਵੇਲੇ ਉਹ ਪੰਜਾਬ ਆਏ ਤੇ ਫਿਰ ਪਿੱਤਲ ਦਾ ਕਾਰੋਬਾਰ ਕਰਨ ਲਈ ਅੱਗੇ ਗਏ। ਉਨ੍ਹਾਂ ਦੱਸਿਆ ਕਿ ਜਦੋਂ ਉਸ ਦਾ ਵਿਆਹ ਹੋਇਆ ਤਾਂ ਉਸ ਵੇਲੇ ‘ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ’ ਗੀਤ ਗਾਇਆ ਜਾ ਰਿਹਾ ਸੀ ਤਾਂ ਜਦੋਂ ਉਹ ਹੱਸ ਰਹੇ ਸੀ ਤਾਂ ਉਸ ਦੀ ਸੱਸ ਨੇ ਉਨ੍ਹਾਂ ਨੂੰ ਰੋਕਿਆ। ਇਸ ਤੋਂ ਬਾਅਦ ਉਸ ਨੇ ਆਪਣੇ ਸਹੁਰੇ ਘਰ ਆ ਕੇ ਪੰਜਾਬੀ ਦਾ ਸੱਭਿਆਚਾਰ ਸਿੱਖਿਆ ਤੇ ਪੰਜਾਬੀ ਖਾਣਾ ਬਣਾਉਣਾ ਸਿੱਖਿਆ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ,‘‘ ਮੇਰੀ ਸੱਸ ਅੱਜ ਮੇਰੀ ਦੋਸਤ ਹੈ ਤੇ ਜਦੋਂ ਮੈਂ ਭਾਸ਼ਣ ਦੇ ਕੇ ਜਾਂਦੀ ਹਾਂ ਤਾਂ ਉਹ ਮੇਰਾ ਭਾਸ਼ਣ ਦਰੁੱਸਤ ਕਰਦੇ ਹਨ।’’ ਉਨ੍ਹਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਰਿਵਾਰ ਦੀ ਦੋਹਤੀ ਗੁਰਜੀਤ ਕੌਰ ਦਾ ਵੀ ਸਨਮਾਨ ਕੀਤਾ।