ਲੋਕ ਸਭਾ ਚੋਣਾਂ ਦਾ 5ਵਾਂ ਗੇੜ: 49 ਸੀਟਾਂ ਲਈ ਵੋਟਿੰਗ ਜਾਰੀ, ਬਾਅਦ ਦੁਪਹਿਰ 3 ਵਜੇ ਤੱਕ 47 ਫ਼ੀਸਦ ਤੋਂ ਵੱਧ ਪੋਲਿੰਗ

ਲੋਕ ਸਭਾ ਚੋਣਾਂ ਦਾ 5ਵਾਂ ਗੇੜ: 49 ਸੀਟਾਂ ਲਈ ਵੋਟਿੰਗ ਜਾਰੀ, ਬਾਅਦ ਦੁਪਹਿਰ 3 ਵਜੇ ਤੱਕ 47 ਫ਼ੀਸਦ ਤੋਂ ਵੱਧ ਪੋਲਿੰਗ

ਨਵੀਂ ਦਿੱਲੀ,- ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਵਿੱਚ ਉੱਤਰ ਪ੍ਰਦੇਸ਼ ਦੇ ਪਿੰਡ ਵਿੱਚ ਕੁਝ ਥਾਵਾਂ ’ਤੇ ਈਵੀਐੱਮ ਖ਼ਰਾਬ ਹੋਣ ਅਤੇ ਚੋਣਾਂ ਦੇ ਬਾਈਕਾਟ ਦੀਆਂ ਰਿਪੋਰਟਾਂ ਦਰਮਿਆਨ ਛੇ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ’ਤੇ ਬਾਅਦ ਦੁਪਹਿਰ 3 ਵਜੇ ਤੱਕ 47.53 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਦੇ ਨਾਲ ਹੀ ਉੜੀਸਾ ਵਿਧਾਨ ਸਭਾ ਦੀਆਂ 35 ਸੀਟਾਂ ’ਤੇ ਵੀ ਵੋਟਿੰਗ ਹੋ ਰਹੀ ਹੈ। ਪੰਜਵੇਂ ਗੇੜ ਵਿੱਚ ਘੱਟੋ-ਘੱਟ 8.95 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ। ਵੋਟਰਾਂ ਲਈ ਲਗਪਗ 94,732 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਲੋਕ ਸਭਾ ਚੋਣਾਂ ਦੇ ਆਖ਼ਰੀ ਤੇ ਸੱਤਵੇਂ ਗੇੜ ਲਈ ਮਤਦਾਨ ਪਹਿਲੀ ਜੂਨ ਨੂੰ ਹੋਵੇਗਾ, ਜਦ ਕਿ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ। ਪੰਜਵੇਂ ਗੇੜ ਦੀ ਵੋਟਿੰਗ ਦੌਰਾਨ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਅਤੇ ਸਮ੍ਰਿਤੀ ਇਰਾਨੀ ਸਮੇਤ ਜਿੱਥੇ ਪੰਜ ਕੇਂਦਰੀ ਮੰਤਰੀਆਂ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ, ਉਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਵੀ ਪ੍ਰੀਖਿਆ ਹੈ। ਯੂਪੀ ਵਿੱਚ ਪੰਜਵੇਂ ਗੇੜ ਦੌਰਾਨ 14 ਲੋਕ ਸਭਾ ਸੀਟਾਂ ਅਤੇ ਇੱਕ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਲਈ ਅੱਜ ਮਤਦਾਨ ਹੋ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ-ਲਖਨਊ, ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ-ਅਮੇਠੀ, ਕੇਂਦਰੀ ਮੰਤਰੀ ਕੌਸ਼ਲ ਕਿਸ਼ੋਰ-ਮੋਹਨਲਾਲਗੰਜ, ਕੇਂਦਰੀ ਮੰਤਰੀ ਭਾਨੂ ਪ੍ਰਤਾਪ ਸਿੰਘ ਵਰਮਾ-ਜਲੌਨ, ਕੇਂਦਰੀ ਮੰਤਰੀ ਸਾਧਵੀ ਨਿਰੰਜਨ ਜੋਤੀ-ਫਤਿਹਪੁਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ, ਜਦੋਂਕਿ ਰਾਹੁਲ ਗਾਂਧੀ ਰਾਏਬਰੇਲੀ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।