ਨਵੀਂ ਸਰਕਾਰ ’ਚ ਅਹਿਮ ਮੰਤਰਾਲੇ ਭਾਜਪਾ ਦੀ ਝੋਲੀ

ਨਵੀਂ ਸਰਕਾਰ ’ਚ ਅਹਿਮ ਮੰਤਰਾਲੇ ਭਾਜਪਾ ਦੀ ਝੋਲੀ

* ਅਮਿਤ ਸ਼ਾਹ, ਸੀਤਾਰਾਮਨ, ਜੈਸ਼ੰਕਰ ਤੇ ਰਾਜਨਾਥ ਦੇ ਵਿਭਾਗ ਬਰਕਰਾਰ * ਲੁਧਿਆਣਾ ਤੋਂ ਚੋਣ ਹਾਰਨ ਵਾਲੇ ਰਵਨੀਤ ਬਿੱਟੂ ਨੂੰ ਰਾਜ ਮੰਤਰੀ ਬਣਾਇਆ 

* ਭਾਈਵਾਲ ਪਾਰਟੀਆਂ ਨੂੰ ਵੀ ਸੌਂਪੇ ਅਹਿਮ ਮੰਤਰਾਲੇ

* ਐੱਨਡੀਏ ਦੀ ਅਹਿਮ ਭਾਈਵਾਲ ਟੀਡੀਪੀ ਨੂੰ ਮਿਲਿਆ ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਜੇਡੀਯੂ ਨੂੰ ਪੰਚਾਇਤੀ ਰਾਜ ਤੇ ਪਸ਼ੂ ਪਾਲਣ

* ਸ਼ਿਵਰਾਜ ਚੌਹਾਨ ਨੂੰ ਖੇਤੀ ਤੇ ਮਨੋਹਰ ਲਾਲ ਨੂੰ ਬਿਜਲੀ ਮਹਿਕਮਾ

ਨਵੀਂ ਦਿੱਲੀ,(ਪੰਜਾਬੀ ਰਾੲੀਟਰ) -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਨਵੀਂ ਐੱਨਡੀਏ ਸਰਕਾਰ ਵਿਚ ਭਾਜਪਾ ਨੇ ਗ੍ਰਹਿ, ਰੱਖਿਆ, ਵਿੱਤ, ਵਿਦੇਸ਼ ਮੰਤਰਾਲੇ ਤੇ ਰੇਲਵੇ ਸਣੇ ਕਈ ਅਹਿਮ ਮੰਤਰਾਲੇ ਆਪਣੇ ਕੋਲ ਰੱਖੇ ਹਨ। ਪਾਰਟੀ ਨੇ ਆਪਣੇ ਸਿਖਰਲੇ ਚਾਰ ਆਗੂਆਂ- ਅਮਿਤ ਸ਼ਾਹ, ਰਾਜਨਾਥ ਸਿੰਘ, ਨਿਰਮਲਾ ਸੀਤਾਰਮਨ ਤੇ ਐੱਸ.ਜੈਸ਼ੰਕਰ ਨੂੰ ਨਵੀਂ ਕੈਬਨਿਟ ਵਿਚ ਕ੍ਰਮਵਾਰ ਪੁਰਾਣੇ ਮੰਤਰਾਲਿਆਂ- ਗ੍ਰਹਿ, ਰੱਖਿਆ, ਵਿੱਤ, ਵਿਦੇਸ਼ ਮਾਮਲੇ ਨਾਲ ਨਿਵਾਜਿਆ ਹੈ। ਅਸ਼ਵਨੀ ਵੈਸ਼ਨਵ ਰੇਲ ਮੰਤਰੀ ਅਤੇ ਮਨਸੁਖ ਮਾਂਡਵੀਆ ਕਿਰਤ ਤੇ ਰੁਜ਼ਗਾਰ ਦੇ ਨਾਲ ਖੇਡ ਮੰਤਰੀ ਹੋਣਗੇ। ਕੇਂਦਰੀ ਕੈਬਨਿਟ ਵਿਚ ਨਵੇਂ ਚਿਹਰਿਆਂ ਵਜੋਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਸ਼ਾਮਲ ਕੀਤਾ ਗਿਆ ਹੈ। ਚੌਹਾਨ ਨੂੰ ਖੇਤੀ ਤੇ ਪੇਂਡੂ ਵਿਕਾਸ, ਨੱਢਾ ਨੂੰ ਸਿਹਤ ਜਦੋਂਕਿ ਖੱਟਰ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਮਾਮਲੇ ਅਤੇ ਬਿਜਲੀ ਮੰਤਰਾਲੇ ਮਿਲੇ ਹਨ। ਨੱਢਾ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਵੀ ਸਿਹਤ ਮੰਤਰੀ ਰਹਿ ਚੁੱਕੇ ਹਨ। ਲੁਧਿਆਣਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਵਜੋਂ ਫੂਡ ਪ੍ਰੋਸੈਸਿੰਗ ਤੇ ਰੇਲ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਹੈ। ਨਵੀਂ ਕੈਬਨਿਟ ਵਿਚ ਨਿਤਿਨ ਗਡਕਰੀ ਪਹਿਲਾਂ ਵਾਂਗ ਸੜਕੀ ਆਵਾਜਾਈ ਮੰਤਰੀ ਤੇ ਧਰਮੇਂਦਰ ਪ੍ਰਧਾਨ ਸਿੱਖਿਆ ਮੰਤਰੀ ਵਜੋਂ ਜ਼ਿੰਮੇਵਾਰੀਆਂ ਨਿਭਾਉਣਗੇ। ਕਿਰਨ ਰਿਜਿਜੂ ਨੂੰ ਧਰਤ ਵਿਗਿਆਨ ਮੰਤਰਾਲੇ ਤੋਂ ਸੰਸਦੀ ਮਾਮਲੇ ਮੰਤਰਾਲੇ ’ਚ ਭੇਜ ਦਿੱਤਾ ਹੈ ਜਦੋਂਕਿ ਅਰਜੁਨ ਰਾਮ ਮੇਘਵਾਲ ਕਾਨੂੰਨ ਮੰਤਰੀ ਬਣੇ ਰਹਿਣਗੇ। ਸਰਬਾਨੰਦ ਸੋਨੋਵਾਲ ਜਹਾਜ਼ਰਾਨੀ ਮੰਤਰਾਲਾ ਆਪਣੇ ਕੋਲ ਰੱਖਣਗੇ। ਅਸ਼ਵਨੀ ਵੈਸ਼ਨਵ ਨੂੰ ਇਕ ਵਾਰ ਫਿਰ ਰੇਲਵੇ ਅਤੇ ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲਿਆਂ ਦਾ ਭਾਰ ਸੰਭਾਲਿਆ ਗਿਆ ਹੈ। ਇਨ੍ਹਾਂ ਦੋ ਮਹਿਕਮਿਆਂ ਤੋਂ ਇਲਾਵਾ ਉਨ੍ਹਾਂ ਨੂੰ ਸੂਚਨਾ ਤੇ ਪ੍ਰਸਾਰਨ ਜਿਹਾ ਅਹਿਮ ਮੰਤਰਾਲਾ ਵੀ ਦਿੱਤਾ ਗਿਆ ਹੈ। ਪਿਊਸ਼ ਗੋਇਲ ਦੀ ਝੋਲੀ ਮੁੜ ਵਣਜ ਤੇ ਸਨਅਤ ਮੰਤਰਾਲਾ ਪਿਆ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਹਰਦੀਪ ਸਿੰਘ ਪੁਰੀ ਕੋਲ ਹੀ ਰਹੇਗਾ