
‘ਆਪ’ ਉਮੀਦਵਾਰ ਖੁੱਡੀਆਂ ਨੂੰ 51 ਹਜ਼ਾਰ ਵੋਟਾਂ ਨਾਲ ਹਰਾਇਆ
ਤੀਜੇ ਨੰਬਰ ’ਤੇ ਕਾਂਗਰਸ ਅਤੇ ਚੌਥੇ ’ਤੇ ਭਾਜਪਾ ਰਹੀ
ਬਠਿੰਡਾ,- ਬਠਿੰਡਾ ਲੋਕ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਬਾਜ਼ੀ ਮਾਰ ਗਏ ਹਨ । ਹਰਸਿਮਰਤ ਕੌਰ ਬਾਦਲ ਨੇ 3,76,558 ਵੋਟਾਂ ਪ੍ਰਾਪਤ ਕਰਦਿਆਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 49,656 ਵੋਟਾਂ ਦੇ ਫਰਕ ਨਾਲ ਹਰਾਇਆ। ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ 3,26,902 ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ 2 ਲੱਖ 2011 ਵੋਟਾਂ ਮਿਲੀਆਂ। ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ 1,10,762 ਵੋਟਾਂ ਹਾਸਲ ਹੋਈਆਂ। ਅਕਾਲੀ ਦਲ ਅੰਮ੍ਰਿਤਸਰ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰ ਲਖਬੀਰ ਸਿੰਘ ਲੱਖਾ ਸਿਧਾਣਾ ਨੂੰ 84,684 ਵੋਟਾਂ ਮਿਲੀਆਂ। ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ 3 ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ ਅਤੇ ਉਹ 2019 ਤੋਂ 2023 ਤੱਕ ਦੀ ਮੋਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਵੀ ਰਹੇ ਹਨ। ਇਸ ਅਰਸੇ ਦੌਰਾਨ ਉਨ੍ਹਾਂ ਨੂੰ ਕਿਸਾਨੀ ਸੰਘਰਸ਼ ਦੌਰਾਨ ਅਸਤੀਫ਼ਾ ਦੇਣ ਲਈ ਮਜੂਬਰ ਹੋਣਾ ਪਿਆ ਸੀ। ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਗੁਰਮੀਤ ਸਿੰਘ ਖੁੱਡੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੇ ਫਰਕ ਨਾਲ ਹਰਾਇਆ ਸੀ। ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ ਮਾਤ ਦਿੱਤੀ ਹੈ। ਵੋਟਾਂ ਦੀ ਗਿਣਤੀ ਦੌਰਾਨ ਅੱਜ ਸਵੇਰ ਤੋਂ ਹੀ ਹਰਸਿਮਰਤ ਕੌਰ ਬਾਦਲ ਅਤੇ ਖੁੱਡੀਆਂ ਵਿਚਕਾਰ ਮੁਕਾਬਲਾ ਫਸਵਾਂ ਰਿਹਾ। ਪਹਿਲੇ ਗੇੜ ਵਿੱਚ ਭਾਵੇਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸਾਰੇ ਹਲਕਿਆਂ ਵਿੱਚ ਚੰਗੀ ਲੀਡ ਬਣਾ ਲਈ ਸੀ ਪਰ ਮਗਰੋਂ ਹਰਸਿਮਰਤ ਨੇ ਵਾਪਸੀ ਕੀਤੀ।