ਐੱਸ.ਟੀ.ਐੱਫ. ਵੱਲੋਂ ਕਿਲੋ ਹੈਰੋਇਨ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ

ਐੱਸ.ਟੀ.ਐੱਫ. ਵੱਲੋਂ ਕਿਲੋ ਹੈਰੋਇਨ ਸਣੇ ਦੋ ਮੁਲਜ਼ਮ ਗ੍ਰਿਫ਼ਤਾਰ

ਐਸ.ਏ.ਐਸ. ਨਗਰ (ਮੁਹਾਲੀ), - ਐੱਸ.ਟੀ.ਐੱਫ. ਮੁਹਾਲੀ ਦੀ ਟੀਮ ਨੇ ਦੋ ਜਣਿਆਂ ਨੂੰ ਕਿਲੋ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਅੱਜ ਇੱਥੇ ਐੱਸ.ਟੀ.ਐੱਫ. ਦੇ ਐੱਸ.ਪੀ.ਆਕਾਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਹਿਤ ਕੁਮਾਰ ਤੇ ਬਬਲੂ ਵਾਸੀ ਬਸੀਰਪੁਰਾ (ਜਲੰਧਰ) ਇੱਥੇ ਮੁਹਾਲੀ ਤੇ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਹੈਰੋਇਨ ਤਸਕਰੀ ਕਰਦੇ ਹਨ। ਸੂਚਨਾ ਦੇ ਆਧਾਰ ’ਤੇ ਐੱਸ.ਟੀ.ਐੱਫ .ਥਾਣਾ ਮੁਹਾਲੀ ਦੇ ਐੱਸ.ਐੱਚ.ਓ. ਰਾਮ ਦਰਸ਼ਨ ਦੀ ਅਗਵਾਈ ਵਾਲੀ ਟੀਮ ਨੇ ਐਮਾਰ ਸਿਟੀ ਸੈਕਟਰ-105 ਨੇੜਿਓਂ ਮੋਹਿਤ ਅਤੇ ਬਬਲੂ ਨੂੰ ਗ੍ਰਿਫ਼ਤਾਰ ਕਰ ਲਿਆ। ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਐੱਸ.ਪੀ. ਔਲਖ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁੱਛ-ਪੜਤਾਲ ਦੌਰਾਨ ਦੱਸਿਆ ਕਿ ਉਹ ਸੋਨੀਪਤ ਦੇ ਕਿਸੇ ਵਿਅਕਤੀ ਤੋਂ ਨਸ਼ੀਲਾ ਪਦਾਰਥ ਲਿਆਏ ਸਨ। ਮੋਹਿਤ ਕੁਮਾਰ ਦੇ ਭਰਾ ਦੀਪਕ ਨੇ ਦੋਵਾਂ ਜਣਿਆਂ ਨੂੰ ਹੈਰੋਇਨ ਸਪਲਾਈ ਲੈਣ ਲਈ ਭੇਜਿਆ ਸੀ। ਦੀਪਕ ’ਤੇ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਦਾ ਕੇਸ ਦਰਜ ਹੈ ਅਤੇ ਉਹ ਘਰੋਂ ਫ਼ਰਾਰ ਹੈ। ਐੱਸਪੀ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਰਾਮ ਦਰਸ਼ਨ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਐੱਸ.ਪੀ. ਔਲਖ ਨੇ ਦੱਸਿਆ ਕਿ ਐੱਸ.ਟੀ.ਐੱਫ. ਵੱਲੋਂ 17 ਜੁਲਾਈ ਨੂੰ ਪੰਜਾਬ ਪੁਲੀਸ ਦੇ ਸਿਪਾਹੀ ਗੁਰਮੀਤ ਸਿੰਘ ਅਤੇ ਉਸ ਦੀ ਸਹਿਯੋਗੀ ਔਰਤ ਨਵਦੀਪ ਕੌਰ ਨੂੰ 440 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਗਿਆ ਸੀ। ਉਨ੍ਹਾਂ ਨੇ ਪੁੱਛਗਿੱਛ ਮਗਰੋਂ ਗਗਨਦੀਪ ਅਤੇ ਸੰਦੀਪ ਦੋਵੇਂ ਵਾਸੀ ਫਗਵਾੜਾ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਕਾਬੂ ਕੀਤਾ ਸੀ। ਗਗਨਦੀਪ ਕੋਲੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਜੇਲ੍ਹ ਵਿੱਚ ਬੰਦ ਗੁਰਵਿੰਦਰ ਸਿੰਘ ਉਰਫ਼ ਸ਼ੈਲੀ, ਰਣਦੀਪ ਕੌਰ, ਸੋਹਨ ਲਾਲ ਉਰਫ਼ ਕਾਲਾ, ਰਜਨੀਸ਼ ਉਰਫ਼ ਪ੍ਰੀਤ ਵੀ ਇਨ੍ਹਾਂ ਨਾਲ ਮਿਲੇ ਹੋਏ ਹਨ। ਇਨ੍ਹਾਂ ਨੂੰ ਵੀ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ। ਸ੍ਰੀ ਔਲਖ ਨੇ ਦੱਸਿਆ ਕਿ ਨਵਦੀਪ ਕੌਰ ਤੇ ਸਿਪਾਹੀ ਗੁਰਮੀਤ ਸਿੰਘ ਨੇ ਪੜਤਾਲ ਦੌਰਾਨ ਦੱਸਿਆ ਕਿ ਗਗਨਦੀਪ ਤੋਂ ਉਹ ਅੱਧਾ ਕਿਲੋ ਹੈਰਇਨ ਲੈ ਕੇ ਆਏ ਸਨ। ਇਸ ’ਚੋਂ 30 ਗਰਾਮ ਹੈਰੋਇਨ ਗੁਲਸ਼ਨ ਕੌਰ ਤੇ ਲਵਪ੍ਰੀਤ ਸਿੰਘ ਵਾਸੀ ਜਲੰਧਰ ਨੂੰ ਵੇਚ ਦਿੱਤੀ ਸੀ। ਪੁਲੀਸ ਨੇ ਇਨ੍ਹਾਂ ਦੋਵਾਂ ਨੂੰ ਵੀ ਕੇਸ ਵਿੱਚ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 11 ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਅਤੇ ਦੋ ਕਿਲੋ 940 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।