ਕ੍ਰਿਪਟੋ ਕਰੰਸੀ ਬਾਰੇ ਆਲਮੀ ਢਾਂਚੇ ਦੀ ਲੋੜ: ਮੋਦੀ

ਕ੍ਰਿਪਟੋ ਕਰੰਸੀ ਬਾਰੇ ਆਲਮੀ ਢਾਂਚੇ ਦੀ ਲੋੜ: ਮੋਦੀ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਪਟੋ ਕਰੰਸੀ ਬਾਰੇ ਆਲਮੀ ਢਾਂਚੇ ਅਤੇ ਮਸਨੂਈ ਬੌਧਿਕਤਾ (ਏਆਈ) ਦੀ ਸਹੀ ਵਰਤੋਂ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਥੇ ਸੀਆਈਆਈ ਵੱਲੋਂ ਕਰਵਾਏ ਗਏ ਬੀ-20 ਸਿਖਰ ਸੰਮੇਲਨ ਇੰਡੀਆ-2023 ’ਚ ‘ਕੌਮਾਂਤਰੀ ਖਪਤਕਾਰ ਸੇਵਾ’ ਦਿਵਸ ਮਨਾਉਣ ਅਤੇ ਕਾਰਬਨ ਕਰੈਡਿਟ ਟਰੇਡਿੰਗ ਦੀ ਮੌਜੂਦਾ ਰਵਾਇਤ ਨੂੰ ਛੱਡ ਕੇ ਗਰੀਨ ਕਰੈਡਿਟ ਅਪਣਾਉਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਭਾਰਤ ਹਰਿਤ ਕਰੈਡਿਟ ਲਈ ਇਕ ਆਲਮੀ ਢਾਂਚਾ ਤਿਆਰ ਕਰ ਰਿਹਾ ਹੈ ਅਤੇ ਵੱਡੇ ਸਨਅਤਕਾਰਾਂ ਨੂੰ ਧਰਤੀ ਮੁਤਾਬਕ ਕਾਰੋਬਾਰ ਅਤੇ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ। ਮੋਦੀ ਨੇ ਜਲਵਾਯੂ ਪਰਿਵਰਤਨ, ਊਰਜਾ ਖੇਤਰ ਦੇ ਸੰਕਟ, ਖੁਰਾਕ ਸਪਲਾਈ ਚੇਨ ’ਚ ਅਸਾਵੇਂਪਣ, ਜਲ ਸੁਰੱਖਿਆ ਨਾਲ ਸਬੰਧਤ ਮੁੱਦਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਦਾ ਕਾਰੋਬਾਰ ’ਤੇ ਵੱਡਾ ਅਸਰ ਪੈਂਦਾ ਹੈ ਅਤੇ ਇਨ੍ਹਾਂ ਚੁਣੌਤੀਆਂ ਦੇ ਟਾਕਰੇ ਲਈ ਕੋਸ਼ਿਸ਼ਾਂ ਵਧਾਉਣ ਦੀ ਲੋੜ ਹੈ। ਉਨ੍ਹਾਂ ਇਸ ਗੱਲ ’ਤੇ ਚਿੰਤਾ ਜਤਾਈ ਕਿ ਅਹਿਮ ਪਦਾਰਥਾਂ ਅਤੇ ਬੇਸ਼ਕੀਮਤੀ ਧਾਤਾਂ ਦੀ ਇਕ ਸਮਾਨ ਉਪਲੱਬਧਤਾ ਨਹੀਂ ਹੈ ਜਦਕਿ ਉਨ੍ਹਾਂ ਦੀ ਸਾਰਿਆਂ ਨੂੰ ਲੋੜ ਹੈ। ਉਨ੍ਹਾਂ ਕਿਹਾ,‘‘ਜਿਨ੍ਹਾਂ ਕੋਲ ਇਹ ਹਨ, ਜੇਕਰ ਉਹ ਇਸ ਨੂੰ ਆਲਮੀ ਜਵਾਬਦੇਹੀ ਵਜੋਂ ਨਹੀਂ ਦੇਖਦੇ ਹਨ ਤਾਂ ਇਹ ਬਸਤੀਵਾਦ ਦੇ ਇਕ ਨਵੇਂ ਮਾਡਲ ਨੂੰ ਉਤਸ਼ਾਹਿਤ ਕਰੇਗਾ।’’ ਉਨ੍ਹਾਂ ਕਿਹਾ ਕਿ ਇਕ ਫਾਇਦੇ ਵਾਲਾ ਬਾਜ਼ਾਰ ਤਾਂ ਹੀ ਕਾਇਮ ਰਹਿ ਸਕਦਾ ਹੈ, ਜਦੋਂ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ’ਚ ਤਵਾਜ਼ਨ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਜੇ ਮੁਲਕਾਂ ਨੂੰ ਸਿਰਫ਼ ਬਾਜ਼ਾਰ ਮੰਨਣ ਨਾਲ ਕੰਮ ਨਹੀਂ ਚੱਲੇਗਾ ਅਤੇ ਇਸ ਨਾਲ ਅਖੀਰ ’ਚ ਉਤਪਾਦਕ ਮੁਲਕਾਂ ਨੂੰ ਹੀ ਨੁਕਸਾਨ ਹੋਵੇਗਾ।
ਸਾਲ ’ਚ ਇਕ ਦਿਨ ਕੌਮਾਂਤਰੀ ਖਪਤਕਾਰ ਸੇਵਾ ਦਿਵਸ ਵਜੋਂ ਮਨਾਉਣ ਦਾ ਸੁਝਾਅ ਦਿੰਦਿਆਂ ਉਨ੍ਹਾਂ ਕਿਹਾ ਕਿ ਉਦਯੋਗ ਜਗਤ ਨੂੰ ਖਪਤਕਾਰ ਅਧਿਕਾਰਾਂ ਦਾ ਜਸ਼ਨ ਮਨਾਉਣ ਦੀ ਬਜਾਏ ਖਪਤਕਾਰ ਕੇਂਦਰਿਤ ਬਣਨ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਚੰਦਰਯਾਨ-3 ਮਿਸ਼ਨ ’ਚ ਕਈ ਕਲਪੁਰਜ਼ੇ ਨਿੱਜੀ ਖੇਤਰ ਅਤੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਨੇ ਉਪਲੱਬਧ ਕਰਵਾਏ। ਉਨ੍ਹਾਂ ਕਿਹਾ ਕਿ ਇਹ ਵਿਗਿਆਨ ਅਤੇ ਉਦਯੋਗ ਦੋਹਾਂ ਦੀ ਸਫ਼ਲਤਾ ਹੈ।