ਕਾਂਗਰਸ ਚਾਰ ਦਹਾਕਿਆਂ ਤੱਕ ਨਹੀਂ ਸਮਝ ਸਕਦੀ ਕਿ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਕਰਨਾ ਕਿੰਨਾ ਅਹਿਮ ਸੀ: ਮੋਦੀ

ਕਾਂਗਰਸ ਚਾਰ ਦਹਾਕਿਆਂ ਤੱਕ ਨਹੀਂ ਸਮਝ ਸਕਦੀ ਕਿ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਕਰਨਾ ਕਿੰਨਾ ਅਹਿਮ ਸੀ: ਮੋਦੀ

ਚੰਡੀਗੜ੍ਹ - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਚਾਰ ਦਹਾਕਿਆਂ ਤੱਕ ਇਹ ਨਹੀਂ ਸਮਝ ਸਕਦੀ ਕਿ ਆਜ਼ਾਦੀ ਮਗਰੋਂ ਪਿੰਡਾਂ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਲਾਗੂ ਕਰਨਾ ਕਿੰਨਾ ਅਹਿਮ ਸੀ। ਉਹ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਭਾਜਪਾ ਵੱਲੋਂ ਕਰਵਾਈ ਜਾ ਰਹੀ ਦੋ ਦਿਨਾਂ ‘ਹਰਿਆਣਾ ਖੇਤਰੀ ਪੰਚਾਇਤੀ ਰਾਜ ਪਰਿਸ਼ਦ’ ਵਰਕਸ਼ਾਪ ਦਾ ਉਦਘਾਟਨ ਵੀਡੀਓ ਕਾਨਫਰੰਸ ਰਾਹੀਂ ਕਰਨ ਮਗਰੋਂ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ,‘ਕਾਂਗਰਸ ਦੇ ਸ਼ਾਸਨ ਦੌਰਾਨ ਪੰਚਾਇਤੀ ਰਾਜ ਸੰਸਥਾਵਾਂ ਦੀ ਮਜ਼ਬੂਤੀ ਲਈ ਕੋਈ ਖ਼ਾਸ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਅੱਜ ਸਾਡਾ ਮੁਲਕ ਵਿਕਸਿਤ ਭਾਰਤ ਦੇ ਟੀਚੇ ਅਤੇ ‘ਅੰਮ੍ਰਿਤ ਕਾਲ’ ਦੇ ਮਹੱਤਵਪੂਰਨ ਉਦੇਸ਼ਾਂ ਦੀ ਪ੍ਰਾਪਤੀ ਲਈ ਇਕੱਠੇ ਹੋ ਕੇ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ,‘ਅੰਮ੍ਰਿਤ ਕਾਲ’ ਦੇ ਸਫ਼ਰ ਦੇ 25 ਸਾਲਾਂ ਦੌਰਾਨ ਸਾਨੂੰ ਪਿਛਲੇ ਦਹਾਕਿਆਂ ਦੇ ਅਨੁਭਵ ਧਿਆਨ ਵਿੱਚ ਰੱਖਣੇ ਪੈਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਜ਼ਿਲ੍ਹਾ ਪੰਚਾਇਤ ਪ੍ਰਣਾਲੀ ਵੀ ਖ਼ਤਮ ਕਰ ਦਿੱਤੀ ਸੀ। ਸ੍ਰੀ ਮੋਦੀ ਨੇ ਕਿਹਾ,‘ਸਿੱਟੇ ਵਜੋਂ ਪਿੰਡਾਂ ਵਿੱਚ ਰਹਿਣ ਵਾਲੀ ਮੁਲਕ ਦੀ ਦੋ-ਤਿਹਾਈ ਵਸੋਂ ਸੜਕਾਂ, ਬਿਜਲੀ, ਪਾਣੀ, ਬੈਂਕਾਂ ਤੇ ਘਰਾਂ ਜਿਹੀਆਂ ਮੁੱਢਲੀਆਂ ਲੋੜਾਂ ਲਈ ਤਰਸਦੀ ਰਹਿ ਗਈ। ਇਹੀ ਕਾਰਨ ਹੈ ਕਿ ਆਜ਼ਾਦੀ ਦੇ ਸੱਤ ਦਹਾਕਿਆਂ ਮਗਰੋਂ ਵੀ ਮੁਲਕ ਦੇ 18,000 ਪਿੰਡਾਂ ਵਿੱਚ ਅਜੇ ਵੀ ਬਿਜਲੀ ਨਹੀਂ ਹੈ। ਕਿਸਾਨਾਂ ਦੀ ਭਲਾਈ ਲਈ ਚੁੱਕੇ ਕਈ ਕਦਮਾਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ,‘ਮੋਦੀ ਦੀਆਂ ਗਾਰੰਟੀਆਂ ਚੋਣ ਵਾਅਦੇ ਨਹੀਂ ਹਨ। ਜਦੋਂ ਮੋਦੀ ਆਪਣੀ ਗਾਰੰਟੀ ਦਿੰਦਾ ਹੈ ਤਾਂ ਉਹ ਇਨ੍ਹਾਂ ਨੂੰ ਅਸਲ ’ਚ ਪੂਰਾ ਵੀ ਕਰਦਾ ਹੈ।’ ਸੂਰਜਕੁੰਡ ਵਿੱਚ ਸ਼ੁਰੂ ਹੋਏ ਇਸ ਸਮਾਗਮ ਵਿੱਚ ਭਾਜਪਾ ਪ੍ਰਧਾਨ ਜੇ ਪੀ ਨੱਢਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਭਾਜਪਾ ਦੇ ਸੂਬਾਈ ਪ੍ਰਧਾਨ ਓ ਪੀ ਧਨਖੜ ਤੇ ਹੋਰ ਭਾਜਪਾ ਆਗੂ ਵੀ ਹਾਜ਼ਰ ਸਨ। ਇਸ ਸਮਾਗਮ ਦੌਰਾਨ ਜ਼ਿਲ੍ਹਾ ਪਰਿਸ਼ਦਾਂ ਦੇ ਚੇਅਰਮੈਨ, ਜ਼ਿਲ੍ਹਾ ਪਰਿਸ਼ਦਾਂ ਦੇ ਮੁਖੀ ਅਤੇ ਜੰਮੂ ਕਸ਼ਮੀਰ ਤੇ ਲੱਦਾਖ ਸਮੇਤ ਉੱਤਰੀ ਭਾਰਤ ਦੇ ਹੋਰ ਕਈ ਸੂਬਿਆਂ ਤੋਂ ਪੁੱਜੇ ਅਧਿਕਾਰੀਆਂ ਸਮੇਤ ਕੁੱਲ 182 ਡੈਲੀਗੇਟਾਂ ਨੇ ਹਿੱਸਾ ਲਿਆ।