ਕਿਸਾਨਾਂ ਵੱਲੋਂ ਮਹਾਂਪੰਚਾਇਤਾਂ ਦੀ ਸਫ਼ਲਤਾ ਲਈ ਲਾਮਬੰਦੀ

ਕਿਸਾਨਾਂ ਵੱਲੋਂ ਮਹਾਂਪੰਚਾਇਤਾਂ ਦੀ ਸਫ਼ਲਤਾ ਲਈ ਲਾਮਬੰਦੀ

ਕਿਸਾਨ ਮੋਰਚੇ ਨੂੰ ਸਾਲ ਪੂਰਾ ਹੋਣ ’ਤੇ ਹੋਣਗੀਆਂ ਮਹਾਂਪੰਚਾਇਤਾਂ; ਡੱਲੇਵਾਲ ਦਾ ਮਰਨ ਵਰਤ 70ਵੇਂ ਦਿਨ ਵੀ ਜਾਰੀ

ਪਟਿਆਲਾ/ਪਾਤੜਾਂ,(ਪੰਜਾਬੀ ਰਾਈਟਰ)- ਦਾਤਾ ਸਿੰਘ ਵਾਲਾ-ਖਨੌਰੀ ਕਿਸਾਨ ਮੋਰਚੇ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 70ਵੇਂ ਦਿਨ ਵੀ ਜਾਰੀ ਰਿਹਾ। ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠਾਂ 13 ਫਰਵਰੀ ਤੋਂ ਜਾਰੀ ਕਿਸਾਨ ਮੋਰਚੇ ਨੂੰ ਸਾਲ ਪੂਰਾ ਹੋਣ ’ਤੇ ਕੀਤੀਆਂ ਜਾਣ ਵਾਲੀਆਂ ਮਹਾਂਪੰਚਾਇਤਾਂ ਸਬੰਧੀ ਤਿਆਰੀਆਂ ਜਾਰੀ ਹਨ। ਇਸ ਦੌਰਾਨ ਰਾਤਨਪੁਰਾ ਬਾਰਡਰ ’ਤੇ 11 ਫਰਵਰੀ, ਢਾਬੀਗੁੱਜਰਾਂ ਬਾਰਡਰ ’ਤੇ 12 ਅਤੇ ਸ਼ੰਭੂ ਬਾਰਡਰ ’ਤੇ 13 ਫਰਵਰੀ ਨੂੰ ਮਹਾ ਪੰਚਾਇਤ ਕੀਤੀ ਜਾਵੇਗੀ। ਤਿੰਨਾਂ ਥਾਵਾਂ ’ਤੇ ਵੱਡੇ ਇਕੱਠ ਕਰਨ ਦੀ ਯੋਜਨਾ ਤਹਿਤ ਕਿਸਾਨ ਆਗੂਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਨਾ ਸਿਰਫ਼ ਪੰਜਾਬ ਅਤੇ ਹਰਿਆਣਾ ਸਗੋਂ ਪਹਿਲਾਂ ਵਾਂਗ ਦੇਸ਼ ਦੇ ਹੋਰਨਾਂ ਸੂਬਿਆਂ ਵਿੱਚੋਂ ਵੀ ਕਿਸਾਨਾਂ ਦੀ ਆਮਦ ਯਕੀਨੀ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ।

ਢਾਬੀਗੁੱਜਰਾਂ ਬਾਰਡਰ ’ਤੇ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡੇ ਅਤੇ ਅਭਿਮੰਨਿਊ ਕੋਹਾੜ, ਇੰਦਰਜੀਤ ਸਿੰਘ ਕੋਟਬੱਢੇ ਅਤੇ ਲਖਵਿੰਦਰ ਸਿੰਘ ਔਲਖ ਦਾ ਕਹਿਣਾ ਸੀ ਕਿ ਇਹ ਮਹਾਂਪੰਚਾਇਤਾਂ ਲਾ ਮਿਸਾਲ ਹੋਣਗੀਆਂ। ਉਧਰ, ਜਗਜੀਤ ਸਿੰਘ ਡੱਲੇਵਾਲ ਨੇ ਵੀ ਕਿਸਾਨਾਂ ਅਤੇ ਮਜ਼ਦੂਰਾਂ ਸਣੇ ਸਮੂਹ ਇਨਸਾਫ ਅਤੇ ਜਮਹੂਰੀਅਤਪਸੰਦ ਲੋਕਾਂ ਨੂੰ ਮਹਾਂ ਪੰਚਾਇਤਾਂ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਦੂਜੇ ਬੰਨ੍ਹੇ, ਸ਼ੰਭੂ ਮੋਰਚੇ ’ਤੇ ਕੱਲ੍ਹ ਦੇਰ ਰਾਤ ਹੋਈ ਮੀਟਿੰਗ ਵਿੱਚ ਵੀ ਇਨ੍ਹਾਂ ਮਹਾਂਪੰਚਾਇਤਾਂ ਦੀਆਂ ਤਿਆਰੀਆਂ ਵਜੋਂ ਹੀ ਚਰਚਾ ਕਰਦਿਆਂ ਡਿਊਟੀਆਂ ਲਗਾਈਆਂ ਗਈਆਂ। ਕਿਸਾਨ ਆਗੂਆਂ ਨੇ ਦੱਸਿਆ ਕਿ 14 ਫਰਵਰੀ ਨੂੰ ਸਰਕਾਰ ਨਾਲ ਹੋਣ ਵਾਲੀ ਗੱਲਬਾਤ ਸਬੰਧੀ ਰਣਨੀਤੀ ਉਡੀਕਣ ਲਈ ਜਲਦ ਹੀ ਦੋਵੇਂ ਫੋਰਮਾਂ ਦੀ ਮੀਟਿੰਗ ਦੁਬਾਰਾ ਤੋ ਕੀਤੀ ਜਾਵੇਗੀ। ਇਸ ਦੌਰਾਨ ਗੱਲਬਾਤ ਲਈ ਜਾਣ ਵਾਲੇ ਡੈਲੀਗੇਸ਼ਨ ਦੇ ਨਾਮ ਤੈਅ ਕੀਤੇ ਜਾਣਗੇ। ਇਸ ਮੀਟਿੰਗ ’ਚ ਮਨਜੀਤ ਰਾਏ, ਸਰਵਣ ਪੰਧੇਰ ਸਣੇ ਕਈ ਹੋਰਨਾਂ ਨੇ ਵੀ ਸ਼ਿਰਕਤ ਕੀਤੀ।