
ਪਠਾਨਕੋਟ,(ਪੰਜਾਬੀ ਰਾਈਟਰ)- ਜੰਮੂ-ਤਵੀ ਰੇਲਵੇ ਸਟੇਸ਼ਨ ਦੇ ਸੁੰਦਰੀਕਰਨ ਅਤੇ ਪਲੈਟਫਾਰਮਾਂ ਦੀ ਮੁੜ ਉਸਾਰੀ ਦਾ ਕੰਮ ਚੱਲਣ ਕਰ ਕੇ ਵੰਦੇ ਭਾਰਤ ਰੇਲ ਗੱਡੀ ਸਣੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਜੰਮੂਤਵੀ, ਊਧਮਪੁਰ ਅਤੇ ਕਟੜਾ ਜਾਣ ਵਾਲੀਆਂ ਰੇਲ ਗੱਡੀਆਂ 2 ਮਾਰਚ ਤੱਕ ਰੱਦ ਕਰ ਦੇਣ ਕਾਰਨ ਯਾਤਰੀਆਂ ਦੀ ਦਿੱਕਤਾਂ ਵਧ ਗਈਆਂ ਹਨ। ਵਿਭਾਗ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਵਾਰਾਣਸੀ ਤੋਂ ਜੰਮੂਤਵੀ ਜਾਣ ਵਾਲੀ ਬੇਗਮਪੁਰਾ ਐੱਕਸਪ੍ਰੈੱਸ ਨੂੰ ਪਠਾਨਕੋਟ ਕੈਂਟ, ਬੇਰਾਵਲ ਤੋਂ ਜੰਮੂਤਵੀ ਜਾਣ ਵਾਲੀ ਸੋਮਨਾਥ ਐੱਕਸਪ੍ਰੈੱਸ ਨੂੰ ਪਠਾਨਕੋਟ ਸਿਟੀ, ਬਾੜਮੇਰ ਤੋਂ ਜੰਮੂ-ਤਵੀ ਜਾਣ ਵਾਲੀ ਸ਼ਾਲੀਮਾਰ ਐੱਕਸਪ੍ਰੈੱਸ ਨੂੰ ਵਿਜੇਪੁਰ ਅਤੇ ਟਾਟਾਨਗਰ ਤੋਂ ਜੰਮੂ ਤਵੀ ਨੂੰ ਜਾਣ ਵਾਲੀ ਮੂਰੀ ਐੱਕਸਪ੍ਰੈੱਸ ਨੂੰ ਅੰਮ੍ਰਿਤਸਰ ਤੋਂ ਚਲਾਉਣਾ ਸ਼ੁਰੂ ਕੀਤਾ ਗਿਆ ਹੈ। ਰੇਲ ਗੱਡੀਆਂ ਦੇ ਪਠਾਨਕੋਟ ਹੀ ਰੱਦ ਹੋਣ ਕਾਰਨ ਇੱਥੋਂ ਜੰਮੂ ਕਸ਼ਮੀਰ ਨੂੰ ਜਾਣ ਵਾਲੇ ਯਾਤਰੀਆਂ ਨੂੰ ਦਿੱਕਤ ਖੜ੍ਹੀ ਹੋ ਗਈ ਹੈ। ਉਨ੍ਹਾਂ ਨੂੰ ਬੱਸਾਂ ਰਾਹੀਂ (ਵਾਧੂ ਕਿਰਾਇਆ ਖ਼ਰਚ ਕੇ) ਜਾਣਾ ਪੈ ਰਿਹਾ ਹੈ। ਬੇਗਮਪੁਰਾ ਐੱਕਸਪ੍ਰੈੱਸ ਵਿੱਚੋਂ ਉਤਰੇ ਯਾਤਰੀ ਪਵਨ ਕੁਮਾਰ ਨੇ ਦੱਸਿਆ ਕਿ ਉਹ ਲਖਨਊ ਤੋਂ ਆਇਆ ਹੈ ਤੇ ਉਸ ਨੇ ਵੈਸ਼ਣੋ ਦੇਵੀ ਜਾਣਾ ਸੀ ਪਰ ਰੇਲ ਗੱਡੀ ਨੂੰ ਇੱਥੇ ਕੈਂਟ ਸਟੇਸ਼ਨ ’ਤੇ ਹੀ ਰੋਕ ਦਿੱਤਾ ਗਿਆ ਹੈ। ਇਸੇ ਤਰ੍ਹਾਂ ਲੱਲੂ ਰਾਮ ਵਰਮਾ ਨਾਂ ਦੇ ਯਾਤਰੀ ਦਾ ਕਹਿਣਾ ਸੀ ਕਿ ਉਹ ਵਾਰਾਣਸੀ ਤੋਂ ਆਇਆ ਤੇ ਉਸ ਨੇ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਕਟੜਾ ਜਾਣਾ ਸੀ। ਕੈਂਟ ਸਟੇਸ਼ਨ ’ਤੇ ਉਨ੍ਹਾਂ ਨੂੰ ਉਤਰ ਜਾਣ ਲਈ ਕਹਿ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਇਹ ਗੱਡੀ ਅੱਗੇ ਨਹੀਂ ਜਾਵੇਗੀ। ਸ਼ਾਮ ਨੂੰ 5 ਵਜੇ ਸਿੱਕਿਮ ਤੋਂ ਆ ਰਹੀ ਗੱਡੀ ਵਿੱਚ ਜਾਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਨੂੰ ਉਸ ਗੱਡੀ ਲਈ ਪੰਜ ਘੰਟੇ ਉਡੀਕ ਕਰਨੀ ਪਵੇਗੀ। ਇੱਕ ਹੋਰ ਯਾਤਰੀ ਦਾ ਕਹਿਣਾ ਸੀ ਕਿ ਜੰਮੂ ਜਾਣ ਲਈ ਬੱਸ ਵਿੱਚ 400 ਰੁਪਏ ਕਿਰਾਇਆ ਖ਼ਰਚਣਾ ਪਵੇਗਾ ਜਦੋਂਕਿ ਰੇਲ ਗੱਡੀ ਵਿੱਚ ਬਹੁਤ ਘੱਟ ਕਿਰਾਇਆ ਲੱਗਣਾ ਸੀ। ਰੇਲਵੇ ਵਿਭਾਗ ਅਧਿਕਾਰੀਆਂ ਅਨੁਸਾਰ ਜੰਮੂਤਵੀ ਰੇਲਵੇ ਸਟੇਸ਼ਨ ’ਤੇ ਕੇਵਲ ਤਿੰਨ ਹੀ ਪਲੈਟਫਾਰਮ ਹਨ। ਇਹ ਪਲੈਟਫਾਰਮ ਵੀ 30 ਸਾਲ ਪਹਿਲਾਂ ਦੇ ਬਣੇ ਹੋਏ ਹਨ। ਹੁਣ ਜੰਮੂਤਵੀ ਰੇਲਵੇ ਸਟੇਸ਼ਨ ’ਤੇ 20 ਤੋਂ ਜ਼ਿਆਦਾ ਰੇਲ ਗੱਡੀਆਂ ਹੋਰ ਵਧੀਆਂ ਹਨ। ਪਲੈਟਫਾਰਮ ਘੱਟ ਹੋਣ ਕਾਰਨ ਰੇਲ ਗੱਡੀਆਂ ਨੂੰ ਆਊਟਰ ਸਿਗਨਲ ਤੋਂ ਚਲਾਉਣਾ ਪੈ ਰਿਹਾ ਹੈ। ਇਸ ਨਾਲ ਰੇਲ ਗੱਡੀਆਂ ਦੇ ਆਉਣ-ਜਾਣ ’ਚ ਵਿਘਨ ਪੈਂਦਾ ਹੈ। ਨਵਾਂ ਪਲੈਟਫਾਰਮ ਬਣਾਉਣ ਵਿੱਚ ਇੰਡੀਅਨ ਆਇਲ ਦਾ ਡਿੱਪੂ ਸਭ ਤੋਂ ਵੱਡੀ ਰੁਕਾਵਟ ਸੀ ਜਦੋਂਕਿ ਚਾਰ ਨਵੇਂ ਪਲੈਟਫਾਰਮ ਅਤੇ ਪੰਜ ਨਵੀਆਂ ਵਾਸ਼ਿੰਗ ਲਾਈਨਾਂ ਬਣਾਉਣ ਦੀ ਯੋਜਨਾ ਹੈ। ਇਸ ਨੂੰ ਪੂਰਾ ਕਰਨ ਵਿੱਚ ਤਿੰਨ ਮਹੀਨਿਆਂ ਦਾ ਸਮਾਂ ਲੱਗੇਗਾ। ਇਸ ਲਈ ਉਸਾਰੀ ਕਾਰਜ ਚੱਲਣ ਕਰ ਕੇ ਇਨ੍ਹਾਂ ਰੇਲ ਗੱਡੀਆਂ ਨੂੰ ਪਠਾਨਕੋਟ-ਅੰਮ੍ਰਿਤਸਰ ਆਦਿ ਸਟੇਸ਼ਨਾਂ ’ਤੇ ਰੱਦ ਕੀਤਾ ਗਿਆ ਹੈ। ਜੰਮੂ ਤਵੀ ਰੇਲਵੇ ਸਟੇਸ਼ਨ ’ਤੇ ਨਵੇਂ ਪਲੈਟਫਾਰਮ ਬਣਾਉਣ ਅਤੇ ਵਾਸ਼ਿੰਗ ਲਾਈਨਾਂ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਕਈ ਰੇਲ ਗੱਡੀਆਂ ਨੂੰ ਵਿਚਕਾਰ ਰਸਤੇ ਵਿੱਚੋਂ ਚਲਾਇਆ ਜਾ ਰਿਹਾ ਹੈ ਜਦੋਂਕਿ ਕੁੱਝ ਕੁ ਰੇਲ ਗੱਡੀਆਂ ਨੂੰ ਮਾਰਚ ਮਹੀਨੇ ਤੱਕ ਰੱਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਤੱਕ ਟਿਕਟਾਂ ਲੈਣ ਵਾਲੇ ਯਾਤਰੂਆਂ ਦੇ ਪੈਸੇ ਮੋੜੇ ਜਾ ਰਹੇ ਹਨ।