ਪੁਲੀਸ ਦੀ ਜਵਾਬੀ ਗੋਲੀਬਾਰੀ ਦੌਰਾਨ ਮੁੱਖ ਮੁਲਜ਼ਮ ਜ਼ਖ਼ਮੀ

ਪੁਲੀਸ ਦੀ ਜਵਾਬੀ ਗੋਲੀਬਾਰੀ ਦੌਰਾਨ ਮੁੱਖ ਮੁਲਜ਼ਮ ਜ਼ਖ਼ਮੀ

ਪਟਿਆਲਾ,-ਐੱਸ.ਐੱਸ.ਪੀ .ਵਰੁਣ ਸ਼ਰਮਾ ਦੀ ਅਗਵਾਈ ਹੇਠ ਅੱਜ ਇੱਥੇ ਪੁਲੀਸ ਨੇ ਕਤਲ, ਇਰਾਦਾ ਕਤਲ, ਲੁੱਟਾਂ ਖੋਹਾਂ ਆਦਿ ਕਈ ਕੇਸਾਂ ਵਿੱਚ ਲੋੜੀਂਦੇ ਪੁਨੀਤ ਸਿੰਘ ਗੋਲਾ ਨੂੰ ਜਵਾਬੀ ਗੋਲੀਬਾਰੀ ਵਿੱਚ ਜ਼ਖ਼ਮੀ ਹੋਣ ਉਪਰੰਤ ਗ੍ਰਿਫ਼ਤਾਰ ਕਰ ਲਿਆ। ਗੋਲਾ ਗੈਂਗਸਟਰ ਰਾਜੀਵ ਰਾਜਾ ਦਾ ਸਾਥੀ ਹੈ। ਐੱਸ.ਐੱਸ.ਪੀ.ਵਰੁਣ ਸ਼ਰਮਾ ਨੇ ਦੱਸਿਆ ਕਿ ਤੇਜਪਾਲ ਕਤਲ ਕੇਸ ਸਬੰਧੀ ਥਾਣਾ ਕੋਤਵਾਲੀ ਪਟਿਆਲਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਮੁੱਖ ਮੁਲਜ਼ਮ ਪੁਨੀਤ ਸਿੰਘ ਗੋਲਾ ਦੀ ਗ੍ਰਿਫ਼ਤਾਰੀ ਬਾਕੀ ਸੀ। ਉੁਨ੍ਹਾਂ ਦੱਸਿਆ ਕਿ ਗੋਲਾ ਦੀ ਤਲਾਸ਼ ਵਿੱਚ ਸੀਆਈਏ ਪਟਿਆਲਾ ਅਤੇ ਕੋਤਵਾਲੀ ਪਟਿਆਲਾ ਦੀ ਪੁਲੀਸ ਥਾਣਾ ਸਨੌਰ ਦੇ ਖੇਤਰ ਵਿੱਚ ਮੌਜੂਦ ਸੀ। ਗੁਪਤ ਸੂਚਨਾ ਮਿਲਣ ’ਤੇ ਸਨੌਰ ਤੋਂ ਨੂਰਖੇੜੀਆਂ ਰੋਡ ਨੇੜੇ ਖ਼ੁਸ਼ਹਾਲ ਫਾਰਮ ਕੋਲ ਲਾਏ ਨਾਕੇ ਦੌਰਾਨ ਮੋਟਰਸਾਈਕਲ ’ਤੇ ਆ ਰਹੇ ਗੋਲਾ ਰੁਕਣ ਦਾ ਇਸ਼ਾਰਾ ਕੀਤਾ ਗਿਆ। ਉਸ ਨੇ ਨਾਕੇ ਤੋਂ ਪਹਿਲਾਂ ਮੋਟਰਸਾਈਕਲ ਖੱਬੇ ਸਾਈਡ ਸੁੱਟ ਕੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਪੁਲੀਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਗਰੋਂ ਪੁਲੀਸ ਨੇ ਆਪਣੀ ਸੁਰੱਖਿਆ ਲਈ ਗੋਲੀਆਂ ਚਲਾਈਆਂ, ਜੋ ਉਸ ਦੀਆਂ ਦੋਵੇਂ ਲੱਤਾਂ ’ਤੇ ਲੱਗੀਆਂ। ਉਸ ਨੂੰ ਗ੍ਰਿਫ਼ਤਾਰ ਕਰਕੇ ਰਾਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ। ਮੁਲਜ਼ਮ ਕੋਲੋਂ ਪਿਸਤੌਲ 32 ਬੋਰ ਸਣੇ ਰੌਂਦ ਅਤੇ ਮੋਟਰਸਾਈਕਲ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਗੋਲਾ ’ਤੇ ਕਰੀਬ 15 ਮੁਕੱਦਮੇ ਦਰਜ ਹਨ। ਉਹ ਕਈ ਵਾਰੀ ਜੇਲ੍ਹ ਵੀ ਜਾ ਚੁੱਕਿਆ ਹੈ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਤੇ ਅਪਰਾਧਿਕ ਵਿਅਕਤੀਆਂ ਨਾਲ ਉਸ ਦੇ ਸਬੰਧ ਹਨ।