ਸੰਸਦੀ ਕਮੇਟੀ ਅੱਗੇ ਭਲਕੇ ਪੇਸ਼ ਹੋਵੇਗੀ ਮਹੂਆ ਮੋਇਤਰਾ

ਸੰਸਦੀ ਕਮੇਟੀ ਅੱਗੇ ਭਲਕੇ ਪੇਸ਼ ਹੋਵੇਗੀ ਮਹੂਆ ਮੋਇਤਰਾ

ਨਵੀਂ ਦਿੱਲੀ-ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਅੱਜ ਕਿਹਾ ਕਿ ਉਹ 2 ਨਵੰਬਰ ਨੂੰ ਲੋਕ ਸਭਾ ਦੀ ਸਦਾਚਾਰ ਕਮੇਟੀ ਅੱਗੇ ਪੇਸ਼ ਹੋਵੇਗੀ, ਪਰ ਉਸ ਨੇ ਨਾਲ ਹੀ ਕਿਹਾ ਕਿ ਉਹ ਆਪਣੇ ਉਤੇ ਲੱਗੇ ਦੋਸ਼ਾਂ ’ਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਨੂੰ ਵੀ ਸਵਾਲ ਕਰਨਾ ਚਾਹੇਗੀ। ਜ਼ਿਕਰਯੋਗ ਹੈ ਕਿ ਟੀਐਮਸੀ ਆਗੂ ਮੋਇਤਰਾ ਸੰਸਦ ਵਿਚ ਪੁੱਛੇ ਸਵਾਲਾਂ ਬਦਲੇ ਨਗ਼ਦੀ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ। ਇਸ ਤੋਂ ਪਹਿਲਾਂ ਮੋਇਤਰਾ ਨੇ ਬੇਨਤੀ ਕੀਤੀ ਸੀ ਕਿ ਸੁਣਵਾਈ ਦੀ ਤਰੀਕ 5 ਨਵੰਬਰ ਤੋਂ ਬਾਅਦ ਤੈਅ ਕੀਤੀ ਜਾਵੇ ਤਾਂ ਕਿ ਉਹ ਆਪਣੇ ਹੋਰ ਰੁਝੇਵੇਂ ਮੁਕਾ ਸਕੇ। ਹਾਲਾਂਕਿ ਕਮੇਟੀ ਨੇ ਉਸ ਨੂੰ 2 ਨਵੰਬਰ ਤੱਕ ਦੀ ਹੀ ਮੋਹਲਤ ਦਿੱਤੀ ਸੀ। ਮਹੂਆ ਨੇ ਅੱਜ ਸਵਾਲ ਕੀਤਾ ਕਿ ਕੀ ਐਥਿਕਸ ਕਮੇਟੀ ਇਨ੍ਹਾਂ ਕਥਤਿ ਦੋਸ਼ਾਂ ਦੀ ਜਾਂਚ ਲਈ ਢੁੱਕਵਾਂ ਮੰਚ ਹੈ। ਮੋਇਤਰਾ ਨੇ ਕਿਹਾ ਕਿ ਸੰਸਦੀ ਕਮੇਟੀ ਦੇ ਅਧਿਕਾਰ ਖੇਤਰ ਵਿਚ ਅਪਰਾਧਕ ਮਾਮਲੇ ਨਹੀਂ ਆਉਂਦੇ ਤੇ ਇਸ ਤਰ੍ਹਾਂ ਦੇ ਕੇਸਾਂ ਵਿਚ ਕਿਸੇ ਕਾਨੂੰਨੀ ਏਜੰਸੀ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਮੋਇਤਰਾ ਨੇ ਕਿਹਾ ਕਿ ਉਹ ਰੋਸ ਜ਼ਾਹਿਰ ਕਰਦੀ ਹੈ ਪਰ 2 ਨਵੰਬਰ ਨੂੰ ਸਵੇਰੇ 11 ਵਜੇ ਕਮੇਟੀ ਅੱਗੇ ਪੇਸ਼ ਹੋਵੇਗੀ। ਇਸੇ ਦੌਰਾਨ ਤ੍ਰਿਣਮੂਲ ਕਾਂਗਰਸ (ਟੀਐਮਸੀ) ਸੰਸਦ ਮੈਂਬਰ ਮਹੂਆ ਮੋਇਤਰਾ ਨੇ ਆਪਣੇ ਵਿਰੁੱਧ ਕਥਤਿ ਫ਼ਰਜ਼ੀ ਤੇ ਅਪਮਾਨਜਨਕ ਸਮੱਗਰੀ ਦੇ ਪ੍ਰਸਾਰਨ ਵਿਰੁੱਧ ਦਿੱਲੀ ਹਾਈ ਕੋਰਟ ਵਿਚ ਦਾਇਰ ਆਪਣੀ ਪਟੀਸ਼ਨ ’ਚ ਧਿਰ ਬਣਾਏ ਗਏ ਕਈ ਮੀਡੀਆ ਅਦਾਰਿਆਂ ਨੂੰ ਇਸ ਵਿਚੋਂ ਹਟਾਉਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਮੁਕੱਦਮਾ ਸਿਰਫ਼ ਦੋ ਜਣਿਆਂ- ਭਾਜਪਾ ਦੇ ਨਿਸ਼ੀਕਾਂਤ ਦੂਬੇ ਤੇ ਵਕੀਲ ਜੈ ਅਨੰਤ ਦੇਹਦ੍ਰਾਈ ਵਿਰੁੱਧ ਜਾਰੀ ਰਹੇਗਾ।