ਪੰਜਾਬ ’ਚ ਪਰਾਲੀ ਦਾ ਮਸਲਾ ਤੇ ਕਿਸਾਨਾਂ ਦਾ ਰਵੱਈਆ

ਪੰਜਾਬ ’ਚ ਪਰਾਲੀ ਦਾ ਮਸਲਾ ਤੇ ਕਿਸਾਨਾਂ ਦਾ ਰਵੱਈਆ

-ਅਰਜਨ ਰਿਆੜ (ਮੁੱਖ ਸੰਪਾਦਕ)
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹੁਤ॥
ਦਿਵਸੁ ਰਾਤਿ ਦੁਇ ਦਾਈ ਦਾਇਅ ਖੇਲੈ ਸਗਲ ਜਗਤੁ॥
ਸਿੱਖ ਪੰਥ ਦੇ ਬਾਨੀ ਪਹਿਲੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਰਚੀ ਇਲਾਹੀ ਬਾਣੀ ਵਿਚ ਸੰਗਤਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਹਵਾ ਗੁਰੂ, ਪਾਣੀ ਪਿਤਾ ਅਤੇ ਧਰਤੀ ਮਾਤਾ ਹੈ। ਸੋ ਇਹਨਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਸਭ ਦਾ ਫਰਜ਼ ਹੈ। ਕਿਸਾਨ ਭਾਈਚਾਰਾ ਸਭ ਲਈ ਬਹੁਤ ਹੀ ਸਤਿਕਾਰਯੋਗ ਹੈ ਕਿ ਕਿਉਂਕਿ ਕਿਸਾਨ ਮਨੁੱਖਤਾ ਲਈ ਅੰਨ ਉਗਾਉਂਦਾ ਹੈ ਅਤੇ ਇਸ ਨੂੰ ਅੰਨਦਾਤਾ ਵੀ ਕਿਹਾ ਜਾਂਦਾ ਹੈ। ਪਰ ਕਿਸਾਨ ਜਿਸ ਢੰਗ ਨਾਲ ਖੇਤੀ ਕਰ ਰਿਹਾ ਹੈ ਉਸ ਨਾਲ ਵਾਤਾਵਰਣ, ਧਰਤੀ, ਪਾਣੀ ਸਭ ਕੁਝ ਦਾ ਨੁਕਸਾਨ ਦਿਨ ਪੁਰ ਦਿਨ ਹੋ ਰਿਹਾ ਹੈ ਜਿਸ ਦੇ ਮਾਰੂ ਨਤੀਜੇ ਵੀ ਸਾਹਮਣੇ ਆ ਰਹੇ ਹਨ। ਸਿਆਣਿਆਂ ਦੀ ਇਕ ਕਹਾਵਤ ਹੈ ਕਿ ‘ਭੱਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ’ ਭਾਵ ਜੇਕਰ ਕੋਈ ਫ਼ਾਇਦੇ ਵਾਲੀ ਚੀਜ਼ ਨੁਕਸਾਨ ਕਰੇ ਤਾਂ ਉਸਦੀ ਲੋੜ ਖ਼ਤਮ ਹੋ ਜਾਂਦੀ ਹੈ। ਜੇਕਰ ਕਹਿ ਲਈਏ ਕਿ ਅੱਜ ਦੀ ਕਿਰਸਾਨੀ ਜਿਸ ਡਾਹਣੇ ਉੱਤੇ ਬੈਠੀ ਹੈ ਉਸ ਨੂੰ ਹੀ ਵੱਢ ਰਹੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅੱਜਕਲ ਜੋ ਮਸਲਾ ਚੱਲ ਰਿਹਾ ਹੈ ਉਹ ਝੋਨੇ ਦੀ ਪਰਾਲੀ ਦਾ ਹੈ। ਕਿਸਾਨ ਝੋਨਾ ਵੱਢਦੇ ਸਾਰ ਕਣਕ ਲਈ ਖੇਤ ਨੂੰ ਤਿਆਰ ਕਰਨ ਲਈ ਝੋਨੇ ਦੇ ਵੱਢ ਨੂੰ ਅੱਗ ਲਾ ਦਿੰਦੇ ਹਨ। ਇਹ ਰਵਾਇਤ ਬਹੁਤ ਸਾਲਾਂ ਤੋਂ ਚੱਲੀ ਆਉਂਦੀ ਹੈ ਪਰ ਇਸਦੇ ਨਤੀਜੇ ਬਹੁਤ ਹੀ ਭੈੜੇ ਆ ਰਹੇ ਹਨ। ਪਹਿਲੀ ਗੱਲ ਤਾਂ ਪ੍ਰਦੂਸ਼ਣ ਵਧ ਰਿਹਾ ਹੈ ਕਿ ਦੂਜਾ ਧਰਤੀ ਦੀ ਉਪਜਾਊ ਸ਼ਕਤੀ ਦਿਨ ਪੁਰ ਦਿਨ ਘਟ ਰਹੀ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਧਰਤੀ ਹੇਠਲੇ ਮਿੱਤਰ ਕੀੜੇ ਮਰਦੇ ਹਨ ਉੱਥੇ ਅੱਗ ਦੇ ਸੇਕ ਨਾਲ ਮਿੱਟੀ ਵੀ ਕਮਜ਼ੋਰ ਹੁੰਦੀ ਜਾਂਦੀ ਹੈ। ਸਰਕਾਰਾਂ ਇਸ ਪ੍ਰਤੀ ਚਿੰਤਤ ਹਨ ਅਤੇ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਉਪਰਾਲੇ ਕਰਦੀਆਂ ਹਨ। ਇਸੇ ਲੜੀ ਤਹਿਤ ਕਿਸੇ ਪਿੰਡ ਵਿਚ ਗਏ ਇਕ ਅਫ਼ਸਰ ਨਾਲ ਕਿਸਾਨਾਂ ਨੇ ਜੋ ਕੀਤਾ ਉਹ ਸਭ ਦੇ ਸਾਹਮਣੇ ਹੈ। ਝੋਨੇ ਦੇ ਵੱਢ ਨੂੰ ਅੱਗ ਨਾ ਲਗਾਉਣ ਦੀ ਪ੍ਰੇਰਨਾ ਦੇਣ ਗਏ ਇਕ ਅਫ਼ਸਰ ਤੋਂ ਹੀ ਝੋਨੇ ਦੀ ਪਰਾਲੀ ਧੱਕੇ ਸ਼ਾਹੀ ਨਾਲ ਕਿਸਾਨਾਂ ਵਲੋਂ ਅੱਗ ਲਗਵਾਈ ਗਈ।
ਖਬਰ ਅਨੁਸਾਰ ਦੋ ਕੁ ਦਿਨ ਪਹਿਲਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿੱਚ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤੇ ਗਏ ਨੋਡਲ ਅਫ਼ਸਰ ਨੂੰ ਕਿਸਾਨਾਂ ਵੱਲੋਂ ਘੇਰ ਕੇ ਉਸੇ ਦੇ ਹੱਥੋਂ ਜਬਰੀ ਪਰਾਲੀ ਨੂੰ ਅੱਗ ਲਵਾਏ ਜਾਣ ਦੀ ਘਟਨਾ ਮਗਰੋਂ ਜ਼੍ਹਿਲਾ ਪ੍ਰਸ਼ਾਸਨ ਸਖਤ ਹੋ ਗਿਆ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਐੱਸ.ਐੱਸ.ਪੀ. ਗੁਲਨੀਤ ਸਿੰਘ ਖੁਰਾਣਾ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਸਪੱਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਕਾਨੂੰਨ ਤੋਂ ਬਾਹਰ ਹੋ ਕੇ ਕਾਰਵਾਈ ਕਰਨ ਵਾਲੇ ਹਰੇਕ ਸ਼ਖ਼ਸ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਜ਼ਿਲ੍ਹਾ ਪੁਲੀਸ ਮੁਖੀ ਸ੍ਰੀ ਖੁਰਾਣਾ ਨੇ ਦੱਸਿਆ ਕਿ ਇਸ ਸਬੰਧੀ ਨੌਂ ਵਿਅਕਤੀਆਂ ਖ਼ਿਲਾਫ਼ ਥਾਣਾ ਨੇਹੀਆਂਵਾਲਾ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਘਟਨਾ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਨਾ ਲੈਣ।  ਡਿਪਟੀ ਕਮਿਸ਼ਨਰ ਸ੍ਰੀ ਪਰੇ ਨੇ ਕਿਹਾ ਕਿ ਜਿਸ ਕਿਸੇ ਨੇ ਸਰਕਾਰੀ ਅਧਿਕਾਰੀਆਂ ਦੇ ਫ਼ਰਜ਼ਾਂ ਵਿੱਚ ਅੜਿੱਕਾ ਪਾ ਕੇ ਉਨ੍ਹਾਂ ਨੂੰ ਗ਼ੈਰਕਾਨੂੰਨੀ ਕੰਮ ਕਰਨ ਲਈ ਮਜਬੂਰ ਕੀਤਾ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹਰ ਹੀਲੇ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਘਟਨਾ ਦਾ ਮੁੱਖ ਮੰਤਰੀ ਨੇ ਵੀ ਫੌਰੀ ਨੋਟਿਸ ਲੈਂਦਿਆਂ, ਪ੍ਰਸ਼ਾਸਨ ਨੂੰ ਤੁਰੰਤ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਸਨ। ਇਸ ਘਟਨਾ ਦੀ ਸਰਕਾਰ ਦੇ ਵਿਰੋਧੀਆਂ ਵੱਲੋਂ ਵੀ ਨਿੰਦਾ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਲੋੜੀਂਦੇ ਬੇਲਰਾਂ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀ ਆਧੁਨਿਕ ਮਸ਼ੀਨਰੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ।   
ਕਿਸਾਨਾਂ ਦਾ ਤਰਕ ਹੈ ਕਿ ਝੋਨੇ ਦੀ ਪਰਾਲੀ ਦਾ ਕੋਈ ਹੱਲ ਨਹੀਂ ਹੈ ਜਦਕਿ ਉਹ ਬਦਲ ਉਪਲਬਧ ਹਨ, ਇਕ ਖੇਤ ਪਿੱਛੇ 1000 ਰੁਪਏ ਦਾ ਖਰਚ ਆਉਂਦਾ ਹੈ, ਖੇਤੀ ਮਸ਼ੀਨਰੀ ਵਾਲੇ ਵਪਾਰੀ ਰੀਪਰ ਮਾਰ ਕੇ ਪਰਾਲੀ ਦੀਆਂ ਗੰਢਾਂ ਬੰਨ੍ਹ ਕੇ ਲੈ ਜਾਂਦੇ ਹਨ। ਖੇਤੀ ਵਿਗਿਆਨੀਆਂ ਦਾ ਤਰਕ ਹੈ ਕਿ ਜੇਕਰ ਕਿਸਾਨਾਂ ਨੂੰ ਇਕ ਖੇਤ ਪਿੱਛੇ 1000 ਰੁਪਏ ਦਾ ਨੁਕਸਾਨ ਵੀ ਹੁੰਦਾ ਹੈ ਤਾਂ ਇਕ ਦੋ ਸਾਲਾਂ ਬਾਅਦ ਉਸ ਧਰਤੀ ਦੀ ਉਪਜਾਊ ਸ਼ਕਤੀ ਵੀ ਵਧ ਜਾਂਦੀ ਹੈ ਅਤੇ ਉਸ ਖਰਚੇ ਨਾਲੋਂ ਕਾਫ਼ੀ ਵੱਧ ਕਿਸਾਨ ਦੀ ਫ਼ਸਲ ਹੋ ਜਾਂਦੀ ਹੈ।
ਸੋ ਧਰਤੀ, ਹਵਾ ਅਤੇ ਪਾਣੀ ਨੂੰ ਬਚਾਉਣ ਲਈ ਸਭ ਨੂੰ ਸਾਂਝਾ ਉਪਰਾਲਾ ਕਰਨਾ ਪਵੇਗਾ। ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਨਾਲ ਜਿੱਥੇ ਖੁਦ ਨੂੰ ਸਮੱਸਿਆ ਆਉਂਦੀ ਹੈ ਉੱਥੇ ਭਾਈਚਾਰੇ ਦਾ ਅਕਸ ਵੀ ਖ਼ਰਾਬ ਹੁੰਦਾ ਹੈ। ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਵਾਪਸ ਕਰਵਾ ਕੇ ਕਿਸਾਨਾਂ ਨੇ ਸਮੱੁਚੇ ਦੇਸ਼ ਵਿਚ ਸਤਿਕਾਰ ਖੱਟਿਆ ਸੀ ਪਰ ਅਜਿਹੀਆਂ ਹਰਕਤਾਂ ਨਾਲ ਭਾਈਚਾਰੇ ਦੇ ਅਕਸ ਨੂੰ ਨੁਕਸਾਨ ਪਹੁੰਚੇਗਾ ਇਸ ਲਈ ਕਿਸਾਨਾਂ ਨੂੰ ਆਪਣਾ ਰਵੱਈਆ ਬਦਲਨਾ ਪਵੇਗਾ। ਆਮੀਨ!