ਪਾਕਿਸਤਾਨ ਵੱਲੋਂ ਇਰਾਨ ਖ਼ਿਲਾਫ਼ ਜਵਾਬੀ ਕਾਰਵਾਈ

ਪਾਕਿਸਤਾਨ ਵੱਲੋਂ ਇਰਾਨ ਖ਼ਿਲਾਫ਼ ਜਵਾਬੀ ਕਾਰਵਾਈ

ਇਸਲਾਮਾਬਾਦ-ਇਰਾਨ ਵੱਲੋਂ ਮਿਜ਼ਾਈਲ ਹਮਲੇ ਕਰਨ ਦੇ ਇਕ ਦਿਨ ਬਾਅਦ ਪਾਕਿਸਤਾਨ ਨੇ ਜਵਾਬੀ ਕਾਰਵਾਈ ਕਰਦਿਆਂ ਇਰਾਨ ਦੇ ਸਿਸਤਾਨ-ਬਲੋਚਿਸਤਾਨ ਸੂਬੇ ’ਚ ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਬਲੋਚਿਸਤਾਨ ਲਿਬਰੇਸ਼ਨ ਫਰੰਟ ਦੇ ਦਹਿਸ਼ਤੀ ਟਿਕਾਣਿਆਂ ’ਤੇ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਇਸ ਹਮਲੇ ’ਚ 9 ਵਿਅਕਤੀ ਮਾਰੇ ਗਏ। ਪਾਕਿਸਤਾਨ ਵੱਲੋਂ ਇਰਾਨ ਤੋਂ ਆਪਣਾ ਸਫ਼ੀਰ ਵਾਪਸ ਸੱਦਣ ਅਤੇ ਸਾਰੇ ਦੌਰੇ ਮੁਅੱਤਲ ਕਰਨ ਦੇ ਇਕ ਦਿਨ ਬਾਅਦ ਇਹ ਹਮਲੇ ਕੀਤੇ ਗਏ ਹਨ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇਕ ਬਿਆਨ ’ਚ ਕਿਹਾ,‘‘ਅੱਜ ਸਵੇਰੇ ਪਾਕਿਸਤਾਨ ਨੇ ਇਰਾਨ ਦੇ ਸਿਸਤਾਨ-ਬਲੋਚਿਸਤਾਨ ਸੂਬੇ ’ਚ ਦਹਿਸ਼ਤੀ ਟਿਕਾਣਿਆਂ ’ਤੇ ਪੂਰੇ ਤਾਲਮੇਲ ਨਾਲ ਸਟੀਕ ਫ਼ੌਜੀ ਹਮਲੇ ਕੀਤੇ ਹਨ।’’ ਉਨ੍ਹਾਂ ਕਿਹਾ ਕਿ ਖ਼ੁਫ਼ੀਆ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਇਸ ਕਾਰਵਾਈ ’ਚ ਕਈ ਦਹਿਸ਼ਤਗਰਦ ਮਾਰੇ ਗਏ ਹਨ। ਇਸ ਕਾਰਵਾਈ ਦਾ ਕੋਡ ਨੇਮ ‘ਮਾਰਗ ਬਾਰ ਸਰਮਾਚਰ’ ਸੀ। ਫਾਰਸੀ ਭਾਸ਼ਾ ’ਚ ‘ਮਾਰਗ ਬਾਰ’ ਦਾ ਮਤਲਬ ‘ਮੌਤ’ ਹੈ ਜਦਕਿ ਬਲੋਚ ਭਾਸ਼ਾ ’ਚ ‘ਸਰਮਾਚਰ’ ਦਾ ਮਤਲਬ ਗੁਰੀਲਾ ਹੈ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ (ਆਈਐੱਸਪੀਆਰ) ਨੇ ਇਕ ਬਿਆਨ ’ਚ ਕਿਹਾ ਕਿ ਡਰੋਨ, ਰਾਕੇਟ, ਯੁੱਧ ਸਮੱਗਰੀ ਅਤੇ ਹੋਰ ਹਥਿਆਰਾਂ ਦੀ ਵਰਤੋਂ ਕਰਕੇ ਸਟੀਕ ਹਮਲੇ ਕੀਤੇ ਗਏ। ਪਾਕਿਸਤਾਨ ’ਚ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ ਛੇ ਵਜੇ ਹਥਿਆਰਬੰਦ ਬਲਾਂ ਦੇ ਜੁਆਇੰਟ ਸਟਾਫ਼ ਹੈੱਡਕੁਆਰਟਰ ਨੇ ਇਰਾਨ ਅੰਦਰ ਅਤਿਵਾਦ ਵਿਰੋਧੀ ਹਵਾਈ ਹਮਲਿਆਂ ਦਾ ਹੁਕਮ ਦਿੱਤਾ। ਇਕ ਸੂਤਰ ਨੇ ਕਿਹਾ ਕਿ ਇਹ ਹਮਲੇ ਪਾਕਿਸਤਾਨੀ ਹਵਾਈ ਸੈਨਾ ਦੇ ਜੈੱਟਾਂ ਵੱਲੋਂ ਕੀਤੇ ਗਏ।