ਸਿੱਖ ਨੌਜਵਾਨ ਜਸਕੀਰਤਨ ਸਿੰਘ ਨੇ ਸਿੱਖ ਕੌਮ ਦਾ ਨਾਮ ਕੀਤਾ ਉੱਚਾ!

ਸਿੱਖ ਨੌਜਵਾਨ ਜਸਕੀਰਤਨ ਸਿੰਘ ਨੇ ਸਿੱਖ ਕੌਮ ਦਾ ਨਾਮ ਕੀਤਾ ਉੱਚਾ!

-ਅਰਜਨ ਰਿਆੜ (ਮੁੱਖ ਸੰਪਾਦਕ)
ਅੱਜ ਜਿੱਥੇ ਪੰਜਾਬ ਵਿਚ ਨੌਜਵਾਨ ਨਿੱਕੇ ਨਿੱਕੇ ਕੰਮਾਂ ਲਈ ਆਪਣੇ ਕੇਸ ਕਤਲ ਕਰਵਾ ਰਹੇ ਹਨ ਉੱਥੇ ਅੱਤ ਅਧੁਨਿਕ ਦੇਸ਼ ਅਮਰੀਕਾ ਵਿਚ ਵਸਦੇ ਇਕ ਸਿੱਖ ਨੌਜਵਾਨ ਜਸਕੀਰਤ ਸਿੰਘ ਨੇ ਕੇਸ ਨਾ ਕਟਵਾਉਣ ਦੀ ਲੜਾਈ ਲੜ ਕੇ ਸਿੱਖ ਕੌਮ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਉੱਚਾ ਕੀਤਾ ਹੈ। ਇਹ ਇਕ ਜਸਕੀਰਤ ਸਿੰਘ ਦੀ ਸਿਰਫ ਨੌਕਰੀ ਤੱਕ ਦੀ ਲੜਾਈ ਹੀ ਨਹੀਂ ਹੈ ਸਗੋਂ ਇਸ ਨਾਲ ਸਮੱੁਚੇ ਸਿੱਖ ਜਗਤ ਵਿਚ ਸੁਨੇਹਾ ਗਿਆ ਹੈ ਕਿ ਸਿੱਖੀ ਸਿਧਾਤਾਂ ਦੇ ਨਾਲ ਵੀ ਤਰੱਕੀ ਕੀਤੀ ਜਾ ਸਕਦੀ ਹੈ। ਇੱਥੇ ਪਾਠਕਾਂ ਨਾਲ ਖਬਰ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅਮਰੀਕਾ ਦੀ ਵਿਸ਼ੇਸ਼ ਮਰੀਨ ਕੋਰ ਭਰਤੀ ਸਿਖਲਾਈ ’ਚ ਪਹਿਲੀ ਵਾਰੀ ਕਿਸੇ ਦਸਤਾਰਧਾਰੀ ਸਿੱਖ ਨੇ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ। ਜਸਕੀਰਤ ਸਿੰਘ ਨੇ ਸੰਨ ਡਿਏਗੋ ਸਥਿਤ ਮਰੀਨ ਕੋਰ ਭਰਤੀ ਡੀਪੂ ਤੋਂ ਪਹਿਲੀ ਸ਼੍ਰੇਣੀ ’ਚ ਸਿਖਲਾਈ ਪੂਰੀ ਕੀਤੀ। ਮਰੀਨ ਕੋਰ ਰਿਕਰੂਟ ਟਰੇਨਿੰਗ ’ਚੋਂ ਪਹਿਲੀ ਵਾਰ ਇਕ 21 ਸਾਲਾ ਸਿੱਖ ਨੌਜਵਾਨ ਬਿਨਾਂ ਦਾਹੜੀ ਕਟਵਾਏ ਤੇ ਦਸਤਾਰ ਤਿਆਗੇ ਗ੍ਰੈਜੂਏਟ ਹੋਇਆ ਹੈ। ਉਸ ਨੂੰ ਸਿੱਖ ਧਰਮ ਵਿਚ ਪਵਿੱਤਰ ਸਮਝੇ ਜਾਂਦੇ ਪੰਜ ਕੱਕਾਰ ਧਾਰਨ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਸੀ। ਸਿੱਖ ਮਰੀਨ ਪ੍ਰਾਈਵੇਟ ਫਸਟ ਕਲਾਸ ਜਸਕੀਰਤ ਸਿੰਘ ਨੇ ਬੀਤੇ ਦਿਨੀਂ ਆਪਣੀ ਸਿਖਲਾਈ ਮੁਕੰਮਲ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਸੰਘੀ ਅਦਾਲਤ ਦੇ ਜੱਜ ਨੇ ਜਸਕੀਰਤ ਸਿੰਘ ਨੂੰ ਧਾਰਮਿਕ ਚਿੰਨ੍ਹਾਂ ਸਮੇਤ ਫੌਜੀ ਸੇਵਾ ਦੀ ਇਜਾਜ਼ਤ ਦਿੱਤੀ ਸੀ। ਇਹ ਆਦੇਸ਼ ਇੱਕ ਸਾਲ ਪਹਿਲਾਂ ਸਿੱਖ, ਯਹੂਦੀ ਤੇ ਮੁਸਲਮਾਨ ਤਿੰਨ ਨੌਜਵਾਨਾਂ ਵੱਲੋਂ ਧਾਰਮਿਕ ਮਾਨਤਾਵਾਂ ਦੀ ਮੰਗ ਸਬੰਧੀ ਜਲ ਸੈਨਾ ’ਤੇ ਕੀਤੇ ਗਏ ਮੁਕੱਦਮੇ ’ਚ ਦਿੱਤਾ ਗਿਆ ਸੀ। ਜਸਕੀਰਤ ਨੇ ਕਿਹਾ ਕਿ ਮੈਂ ਸਿੱਖ ਧਰਮ ਦੀਆਂ ਨਿਸ਼ਾਨੀਆਂ ਸਮੇਤ ਗ੍ਰੈਜੂਏਸ਼ਨ ਕੀਤੀ, ਤੇ ਇਸ ਨਾਲ ਮੇਰੀ ਉਪਲਬਧੀ ’ਚ ਕੋਈ ਰੁਕਾਵਟ ਨਹੀਂ ਆਈ। ਇਹ ਨਿੱਜੀ ਤੌਰ ’ਤੇ ਮੇਰੇ ਲਈ ਬਹੁਤ ਡੂੰਘੇ ਅਰਥ ਰੱਖਦਾ ਹੈ। ਸਿੱਖ, ਯਹੂਦੀ ਤੇ ਮੁਸਲਿਮ ਨੌਜਵਾਨਾਂ ਨੇ ਮਰੀਨ ਕਮਾਂਡੋ ਦੀ ਟ੍ਰੇਨਿੰਗ ਦੌਰਾਨ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਦਾ ਪਾਲਣ ਕਰਨ ਦੀ ਮੰਗ ਨੂੰ ਲੈ ਕੇ ਮੁਕੱਦਮਾ ਕੀਤਾ ਸੀ। ਇਸੇ ਮੁਕੱਦਮੇ ’ਤੇ ਸੰਘੀ ਅਦਾਲਤ ਨੇ ਅਪ੍ਰੈਲ ’ਚ ਹੁਕਮ ਜਾਰੀ ਕੀਤਾ ਸੀ। ਰਿਪੋਰਟ ਮੁਤਾਬਕ ਅਮਰੀਕਾ ਦੀ ਫੌਜ ਤੇ ਹਵਾਈ ਫੌਜ ’ਚ ਸਿੱਖ ਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਹੈ ਪਰ ਜਲ ਸੈਨਾ ਵਿਚ ਸੀਮਤ ਗਿਣਤੀ ’ਚ ਹੀ ਸਿੱਖ ਜਵਾਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਵੀ ਮਰੀਨ ਕਮਾਂਡੋ ਦੀ ਟ੍ਰੇਨਿੰਗ ਲਈ ਕਾਫ਼ੀ ਜ਼ਿਆਦਾ ਪ੍ਰਤੀਬੰਧ ਹਨ। ਮਰੀਨ ਕਮਾਂਡੋ ਦੀ ਟ੍ਰੇਨਿੰਗ ਲਈ ਜਵਾਨਾਂ ਨੂੰ ਆਪਣਾ ਸਿਰ ਦੇ ਵਾਲ ਤੇ ਦਾੜ੍ਹੀ ਕਟਾਉਣੀ ਪੈਂਦੀ ਸੀ। ਇਹੀ ਵਜ੍ਹਾ ਹੈ ਕਿ ਮਰੀਨ ਕਮਾਂਡੋ ਦੀ ਟ੍ਰੇਨਿੰਗ ਵਿਚ ਸਿੱਖ ਫੌਜੀਆਂ ਨੂੰ ਆਪਣੀਆਂ ਧਾਰਮਿਕ ਮਾਨਤਾਵਾਂ ਨੂੰ ਛੱਡਣਾ ਪੈਂਦਾ ਸੀ।
ਇੱਥੇ ਅਸੀਂ ਅਮਰੀਕੀ ਸਿਸਟਮ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜਸਕੀਰਤ ਦੀ ਧਾਰਮਿਕ ਸ਼ਰਧਾ ਦਾ ਸਤਿਕਾਰ ਕਰਦਿਆਂ ਉਸਨੂੰ ਆਪਣੀ ਟਰੇਨਿੰਗ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ। ਇਹੋ ਜਿਹੀਆਂ ਉਦਾਹਰਣਾ ਦੇ ਨਾਲ ਨਵੀਂ ਪੀੜ੍ਹੀ ਵਿਚ ਬਹੁਤ ਉਤਸ਼ਾਹ ਪੈਦਾ ਹੁੰਦਾ ਹੈ ਅਤੇ ਸਿੱਖ ਧਰਮ ਨਾਲ ਜੁੜਨ ਵਾਲੇ ਲੋਕ ਬਹੁਤ ਮਾਣ ਮਹਿਸੂਸ ਕਰਦੇ ਹਨ। ਲਗਭਗ ਇਕ ਸਦੀ ਤੋਂ ਵੀ ਵੱਧ ਸਮੇਂ ਤੋਂ ਪੰਜਾਬੀ ਪ੍ਰਵਾਸ ਕਰਦੇ ਆ ਰਹੇ ਹਨ, ਉਹ ਭਾਵੇਂ ਜਿਹੜੇ ਮਰਜ਼ੀ ਮੁਲਕ ਵਿਚ ਜਾ ਵਸਣ ਪਰ ਆਪਣੇ ਧਰਮ ਅਤੇ ਸੱਭਿਆਚਾਰ ਨੂੰ ਨਾਲ ਹੀ ਸਾਂਭੀ ਬੈਠੇ ਹਨ। ਇਹ ਖੁਸ਼ੀ ਦੀ ਗੱਲ ਹੈ ਕਿ ਵਿਦੇਸ਼ਾਂ ਵਿਚਲੀ ਤੀਜੀ ਅਤੇ ਚੌਥੀ ਪੀੜ੍ਹੀ ਵੀ ਸਿੱਖੀ ਨਾਲ ਜੁੜੀ ਹੋਈ ਹੀ ਨਹੀਂ ਸਗੋਂ ਸਿੱਖੀ ਨੂੰ ਕਾਇਮ ਰੱਖਣ ਲਈ ਲੜਾਈ ਲੜਨ ਲਈ ਵੀ ਸਮਰੱਥ ਹੈ। ਅਸੀਂ ਜਿੱਥੇ ਜਸਕੀਰਤ ਸਿੰਘ ਨੂੰ ਵਧਾਈ ਦਿੰਦੇ ਹਾਂ ਉੱਥੇ ਉਸਦੇ ਪਰਿਵਾਰ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਸਨੂੰ ਵਿਰਸੇ ਵਿੱਚ ਸਿੱਖੀ ਅਤੇ ਦਿ੍ਰੜਤਾ ਦਿੱਤੀ ਜਿਸ ਕਾਰਨ ਉਸਦਾ ਨਾਮ ਅੱਜ ਪੂਰੀ ਦੁਨੀਆਂ ਵਿਚ ਪਹੁੰਚਿਆ ਅਤੇ ਸਿੱਖ ਜਗਤ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਆਉਣ ਆਪਣੀ ਅਗਲੀ ਪੀੜ੍ਹੀ ਨੂੰ ਇਹੋ ਜਿਹੀਆਂ ਉਦਾਹਰਣਾਂ ਤੋਂ ਜਾਣੂੰ ਕਰਵਾਈਏ ਅਤੇ ਉਹਨਾਂ ਨੂੰ ਆਪਣੇ ਧਰਮ, ਵਿਰਸੇ, ਵਿਰਾਸਤ ਨਾਲ ਜੋੜੀ ਰੱਖਣ ਲਈ ਕੋਸ਼ਿਸ਼ਾਂ ਜਾਰੀ ਰੱਖੀਏ ਨਹੀਂ ਤਾਂ ਵੇਲਾ ਵਿਹਾਇਆ ਮੁੜ ਕੇ ਹੱਥ ਨਹੀਂ ਆਵੇਗਾ। ਐੱਸ.ਜੀ.ਪੀ.ਸੀ. ਵਰਗੀਆਂ ਸਿੱਖ ਸੰਸਥਾਵਾਂ ਦਾ ਫਰਜ਼ ਬਣਦਾ ਹੈ ਕਿ ਉਹ ਜਸਕੀਰਤ ਸਿੰਘ ਵਰਗ ਨੌਜਵਾਨ ਨੂੰ ਸਨਮਾਨਿਤ ਜ਼ਰੂਰ ਕਰੇ ਤਾਂ ਜੋ ਹੋਰ ਨੌਜਵਾਨ ਵੀ ਸਿੱਖੀ ਸਰੂਪ ਨੂੰ ਅਪਣਾਈ ਰੱਖਣ ਲਈ ਉਤਸ਼ਾਹਿਤ ਹੋਣ। ਆਮੀਨ!