ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਦਾ ਮੁੱਖ ਪ੍ਰਬੰਧਕ ਗੈਰ ਸਿੱਖ ਲਾਏ ਜਾਣ ਦਾ ਵਿਵਾਦ!

ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਦਾ ਮੁੱਖ ਪ੍ਰਬੰਧਕ ਗੈਰ ਸਿੱਖ ਲਾਏ ਜਾਣ ਦਾ ਵਿਵਾਦ!

ਐੱਸ.ਜੀ.ਪੀ.ਸੀ ਨੇ ਜਿਹੜਾ ਇਤਰਾਜ ਇਸ ਵਕਤ ਉਠਾਇਆ ਹੈ ਉਸ ਤੋਂ ਪੰਜਾਬ ਦੇ ਬਾਹਰਲੇ ਸਿੱਖਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਭਾਰਤੀ ਜਨਤਾ ਪਾਰਟੀ ਦਾ ਸਿੱਖਾਂ ਪ੍ਰਤੀ ਕੀ ਰਵੱਈਆ ਹੈ ਇਹ ਹੌਲੀ ਹੌਲੀ ਸਭ ਸਾਹਮਣੇ ਆ ਰਿਹਾ ਹੈ। ਸਿੱਖ ਧਰਮ ਦੇ ਪੰਜ ਤਖਤਾਂ ਵਿਚੋਂ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਤੀ ਸਿੱਖ ਸੰਗਤਾਂ ਵਿਚ ਅਥਾਹ ਸ਼ਰਧਾ ਹੈ ਪਰ ਸਿੱਖਾਂ ਨੂੰ ਕਿਹੋ ਜਿਹਾ ਮਹਿਸੂਸ ਹੋਵੇਗਾ ਜੇਕਰ ਉਹਨਾਂ ਦੇ ਤਖਤ ਦਾ ਪ੍ਰਬੰਧ ਇਕ ਗੈਰ ਸਿੱਖ ਦੇ ਹੱਥਾਂ ਵਿਚ ਹੋਵੇਗਾ? ਜੀ ਹਾਂ ਇਹ ਬਿਲਕੁਲ ਹੋ ਚੁੱਕਾ ਹੈ, ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਨੇ ਇਹ ਕਰ ਕੇ ਦਿਖਾ ਦਿੱਤਾ ਹੈ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਉੱਤੇ ਮੁੱਖ ਪ੍ਰਬੰਧਕ ਇਕ ਗੈਰ ਸਿੱਖ ਅਭਿਜੀਤ ਰਜਿੰਦਰ ਰਾਊਤ ਬਿਠਾ ਦਿੱਤਾ ਗਿਆ ਹੈ। ਮਹਾਰਾਸ਼ਟਰ ਦੇ ਨਾਂਦੇੜ ਸਥਿਤ ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜੂਰ ਅਬਚਲਨਗਰ ਸਾਹਿਬ ਦੇ ਪ੍ਰਬੰਧਕ ਵਜੋਂ ਗੈਰ-ਸਿੱਖ ਅਭਿਜੀਤ ਰਜਿੰਦਰ ਰਾਊਤ ਦੀ ਨਿਯੁਕਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਰਾਊਤ ਨੇ ਸਪਸ਼ੱਟ ਕੀਤਾ ਕਿ ਉਹ ਮਹਾਰਾਸ਼ਟਰ ਦੇ ਨਿਰਦੇਸ਼ਾਂ ਦੇ ਆਧਾਰ ’ਤੇ ਆਪਣੀ ਡਿਊਟੀ ਨਿਭਾਅ ਰਹੇ ਹਨ। ਨਾਂਦੇੜ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਕਲੈਕਟਰ, ਰਾਊਤ ਨੇ ਕਿਹਾ ਕਿ ਸਰਕਾਰ ਨੇ ਕਲੈਕਟਰ, ਨਾਂਦੇੜ ਨੂੰ ਨੋਟੀਫਿਕੇਸ਼ਨ ਦੇ ਅਨੁਸਾਰ ਬੋਰਡ ਦੀਆਂ ਸਾਰੀਆਂ ਸ਼ਕਤੀਆਂ ਅਤੇ ਕਰਤੱਵਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਸਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਸਦੀ ਭੂਮਿਕਾ ਉਸਦੇ ਅਧਿਕਾਰਤ ਅਹੁਦੇ ’ਤੇ ਅਧਾਰਤ ਸੀ ਹੈ ਉਹ ਸਰਕਾਰ ਦੁਆਰਾ ਜੋ ਵੀ ਫੈਸਲਿਆਂ ਦੀ ਪਾਲਣਾ ਕਰਨ ਲਈ ਜ਼ਿੰਮੇਵਾਰ ਹੈ। ਨਵੇਂ ਬੋਰਡ ਦੇ ਗਠਨ ਤੱਕ ਮਹਾਰਾਸ਼ਟਰ ਦੇ ਸਾਬਕਾ ਚੋਟੀ ਦੇ ‘ਸਿਪਾਹੀ’ ਪਰਵਿੰਦਰ ਸਿੰਘ ਪਸਰੀਚਾ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਗੁਰਦੁਆਰਾ ਬੋਰਡ ਦੇ ਪ੍ਰਸ਼ਾਸਕ ਦਾ ਅਹੁਦਾ ਡੀ.ਸੀ. ਨੰਦੇੜ ਨੂੰ ਤਬਦੀਲ ਕਰ ਦਿੱਤਾ ਗਿਆ ਸੀ। ਉੱਧਰ, ਗੁਰਦੁਆਰਾ ਬੋਰਡ ਦੇ ਪ੍ਰਬੰਧਕ ਵਜੋਂ ਗੈਰ-ਸਿੱਖ ਦੀ ਨਿਯੁਕਤੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਨ੍ਹਾਂ ਨੇ ਗੁਰਦੁਆਰਾ ਬੋਰਡ ਦੇ ਪ੍ਰਬੰਧਕ ਵਜੋਂ ਗੈਰ-ਸਿੱਖ ਵਿਅਕਤੀ ਦੀ ਨਿਯੁਕਤੀ ’ਤੇ ਸਖਤ ਇਤਰਾਜ ਜਤਾਇਆ ਸੀ ਅਤੇ ਇਸ ਸਬੰਧੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਸੀ।
ਧਿਆਨਯੋਗ ਹੈ ਕਿ ਐੱਸ.ਜੀ.ਪੀ.ਸੀ. ਪਾਕਿਸਤਾਨ ਵਿੱਚ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਅਤੇ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਦੇ ਚੇਅਰਮੈਨ ਵਜੋਂ ਗੈਰ-ਸਿੱਖਾਂ ਦੀ ਨਿਯੁਕਤੀ ’ਤੇ ਵੀ ਇਤਰਾਜ ਉਠਾਉਂਦੀ ਰਹੀ ਹੈ। ਈ.ਟੀ.ਪੀ.ਬੀ., ਇਸ ਵੇਲੇ ਅਤਾ ਉਰ ਰਹਿਮਾਨ ਦੀ ਅਗਵਾਈ ਹੇਠ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੂਲ ਸੰਸਥਾ ਮੰਨੀ ਜਾਂਦੀ ਹੈ ਅਤੇ ਪਾਕਿਸਤਾਨ ਦੇ ਸਾਰੇ ਗੁਰਦੁਆਰਿਆਂ ਦੇ ਪ੍ਰਬੰਧ ਦੀ ਨਿਗਰਾਨੀ ਕਰਦੀ ਹੈ। ਦੂਜੇ ਪਾਸੇ, ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਦੀ ਅਗਵਾਈ ਵਾਲੀ ਪੀ.ਐੱਮ.ਯੂ., ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਸਾਹਿਬ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਈ.ਟੀ.ਪੀ.ਬੀ. ਅਧੀਨ ਇੱਕ ਵੱਖਰੀ ਸੰਸਥਾ ਹੈ।  
ਸਿੱਖ ਪੰਥ ਉੱਪਰ ਇਸ ਵੇਲੇ ਹਰ ਪਾਸਿਓਂ ਹੀ ਬਹੁਤ ਵੱਡੀ ਮਾਰ ਪੈ ਰਹੀ ਹੈ। ਇਕ ਤਾਂ ਜਿੱਥੇ ਨਵੀਂ ਪੀੜ੍ਹੀ ਲਗਾਤਾਰ ਸਿੱਖੀ ਸਰੂਪ ਤੋਂ ਦੂਰ ਜਾ ਰਹੀ ਹੈ ਉੱਥੇ ਸਿੱਖਾਂ ਦੇ ਗੁਰੂਘਰ ਅਤੇ ਸਿੱਖ ਸੰਸਥਾਵਾਂ ਵੀ ਸਿੱਖਾਂ ਦੇ ਹੱਥੋਂ ਨਿਕਲਦੀਆਂ ਜਾ ਰਹੀਆਂ ਹਨ। ਸਿੱਖ ਸਮਾਜ ਨੂੰ ਸਿਰ ਜੋੜ ਕੇ ਬੈਠਣ ਅਤੇ ਸੋਚਣ ਦੀ ਲੋੜ ਹੈ ਕਿ ਅਸੀਂ ਮੁਗਲਾਂ, ਪਠਾਣਾਂ ਅੰਗਰੇਜ਼ਾਂ ਨਾਲ ਤਾਂ ਮੁਕਾਬਲੇ ਕਰ ਲਏ ਪਰ ਇਹਨਾਂ ਕਾਲੇ ਅੰਗਰੇਜ਼ਾਂ ਨਾਲ ਮੁਕਾਬਲਾ ਕਰਨ ਲਈ ਕੀ ਕਰਨਾ ਚਾਹੀਦਾ ਹੈ? ਸਿੱਖ ਪੰਥ ਲਈ ਅਜੋਕਾ ਸਮਾਂ ਸਭ ਤੋਂ ਖਤਰਨਾਕ ਚੱਲ ਰਿਹਾ ਹੈ ਕਿ ਕਿਉਂਕਿ ਵੈਰੀ ਕਿਤੇ ਵੀ ਸਾਹਮਣੇ ਨਹੀਂ ਸਗੋਂ ਵਿਚ ਹੀ ਰਲ ਮਿਲ ਗਏ ਹਨ ਜਿਨ੍ਹਾਂ ਨੂੰ ਪਛਾਨਣਾ ਬਹੁਤ ਹੀ ਔਖਾ ਹੈ। ਸੋ ਸਿੱਖ ਸੰਗਤ ਨੂੰ ਇਹ ਸੋਚਣਾ ਹੀ ਪਵੇਗਾ ਕਿ ਜੇਕਰ ਸਿੱਖੀ ਦੀ ਹੋਂਦ ਨੂੰ ਬਚਾਉਣਾ ਹੈ ਤਾਂ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਪੰਥ ਵਿਰੋਧੀ ਸ਼ਕਤੀਆਂ ਦਾ ਸਾਹਮਣਾ ਕਰਨ ਲਈ ਇਕ ਝੰਡੇ ਹੇਠਾਂ ਇਕੱਠੇ ਹੋਣਾ ਹੀ ਪਵੇਗਾ। ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਥਾਪੇ ਗਏ ਗੈਰ ਸਿੱਖ ਪ੍ਰਬੰਧਕ ਦਾ ਵਿਰੋਧ ਸਾਰੀ ਸਿੱਖ ਕੌਮ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਸਿਆਣੇ ਕਹਿੰਦੇ ਨੇ ‘ਗੱਲ ਸਹੇ ਦੀ ਨਹੀਂ ਪਹੇ ਦੀ ਹੁੰਦੀ ਐ’। ਬਿਨ੍ਹਾਂ ਸ਼ੱਕ ਮਹਾਂਰਾਂਸ਼ਟਰ ਸਰਕਾਰ ਨੇ ਇਹ ਫੈਸਲਾ ਲੈ ਕੇ ਸਿੱਖਾਂ ਪ੍ਰਤੀ ਆਪਣੀ ਸੋਚ ਦਾ ਪ੍ਰਦਰਸ਼ਨ ਕਰ ਦਿੱਤਾ ਹੈ। ਆਮੀਨ!   

-ਅਰਜਨ ਰਿਆੜ (ਮੁੱਖ ਸੰਪਾਦਕ)