
ਬੀਤੇ ਕੁਝ ਦਿਨਾਂ ਤੋਂ ਮਾਨਸਾ ਜ਼ਿਲ੍ਹੇ ਦੇ ਇਕ ਨੌਜਵਾਨ ਪਰਮਿੰਦਰ ਸਿੰਘ ਝੋਟਾ ਬਹੁਤ ਹੀ ਚਰਚਾ ਵਿਚ ਹੈ। ਦੱਸਿਆ ਜਾਂਦਾ ਹੈ ਕਿ ਉਹ ਨਸ਼ਾ ਸਮੱਗਲਰਾਂ ਖਿਲਾਫ ਜੰਮ ਕੇ ਮੁਹਿੰਮ ਚਲਾਉਂਦਾ ਹੈ ਅਤੇ ਨਸ਼ਾ ਤਸਕਰੀ ਰੋਕਣ ਲਈ ਹਰ ਪੱਧਰ ’ਤੇ ਜਾ ਕੇ ਐਕਸ਼ਨ ਕਰਦਾ ਹੈ। ਉਸਦਾ ਸਮਾਜ ਵਿਚ ਦਿਨੋਂ ਦਿਨ ਸਤਿਕਾਰ ਵੀ ਵਧਦਾ ਗਿਆ। ਸਭ ਹੈਰਾਨ ਹਨ ਕਿ ਜੇਕਰ ਇਕ ਨੌਜਵਾਨ ਕਿਸੇ ਨੂੰ ਨਸ਼ਾ ਵੇਚਣ ਤੋਂ ਰੋਕਦਾ ਹੈ ਤਾਂ ਉਸਨੂੰ ਗਿ੍ਰਫਤਾਰ ਕਿਉਂ ਕੀਤਾ ਗਿਆ? ਇਹ ਸਵਾਲ ਹਰ ਇਕ ਦੇ ਮਨ ਵਿਚ ਹੈ ਪਰ ਜਦੋਂ ਆਪਾਂ ਪੜਤਾਲ ਕਰਦੇ ਹਾਂ ਤਾਂ ਗੱਲਾਂ ਹੋਰ ਵੀ ਬਹੁਤ ਸਾਹਮਣੇ ਆ ਜਾਂਦੀਆਂ ਨੇ। ਦੁਨੀਆਂ ਦੀ ਰੀਤ ਹੈ ਕਿ ਹਰ ਕੰਮ ਢੰਗ ਨਾਲ ਹੀ ਹੁੰਦਾ ਹੈ, ਬੇਢੰਗਾ ਕੰਮ ਖਤਰੇ ਦੇ ਕਾਰਨ ਬਣ ਸਕਦਾ ਹੈ। ਸ਼ਾਇਦ ਹੀ ਪੰਜਾਬ ਦੀ ਚੜ੍ਹਦੀ ਕਲਾ ਮੰਗਣ ਵਾਲਾ ਕੋਈ ਪੰਜਾਬੀ ਹੋਵੇਗਾ ਜੋ ਨਸ਼ਾ ਵਿਰੋਧੀ ਮੁਹਿੰਮ ਦਾ ਵਿਰੋਧ ਕਰੇਗਾ, ਫਿਰ ਪਰਮਿੰਦਰ ਝੋਟੇ ਉੱਤੇ ਐਡੀ ਵੱਡੀ ਕਾਰਵਾਈ ਕਿਉਂ? ਅਸਲ ਵਿਚ ਪਰਵਿੰਦਰ ਸਿੰਘ ਝੋਟਾ ਇਕ ਜਜ਼ਬਾਤੀ ਨੌਜਵਾਨ ਹੈ ਅਤੇ ਉਹ ਪੰਜਾਬੀਅਤ ਦਾ ਫਿਕਰਮੰਦ ਹੈ, ਉਹ ਚਾਹੁੰਦਾ ਹੈ ਕਿ ਪੰਜਾਬ ਵਿਚ ਨਸ਼ਾ ਖਤਮ ਕਰ ਦੇਵਾਂ, ਪਰ ਉਹ ਨਹੀਂ ਜਾਣਦਾ ਕਿ ਇਹ ਇਕ ਬਹੁਤ ਵੱਡਾ ਸਾਮਰਾਜ ਹੈ, ਇਸਨੂੰ ਖਤਮ ਕਰਨਾ ਤਾਂ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ, ਉਹ ਤਾਂ ਇਕ ਸੀਮਤ ਸਰੋਤਾਂ ਵਾਲਾ ਨੌਜਵਾਨ ਹੈ। ਅਸਲ ਵਿਚ ਜਦੋਂ ਵੀ ਪਰਮਿੰਦਰ ਸਿੰਘ ਝੋਟਾ ਨੂੰ ਪਤਾ ਲੱਗਦਾ ਹੈ ਕਿ ਕੋਈ ਨਸ਼ਾ ਵੇਚਦਾ ਹੈ ਤਾਂ ਉਹ ਉਸ ਨੂੰ ਗੈਰਕਾਨੂੰਨੀ ਢੰਗ ਨਾਲ ਰੋਕਣ ਦਾ ਐਕਸ਼ਨ ਕਰਦਾ ਹੈ। ਅਸਲ ਵਿਚ ਜੋ ਵੀ ਮਰਜ਼ੀ ਹੋਵੇ ਕਾਨੂੰਨ ਨਾਮ ਦੀ ਚੀਜ਼ ਤਾਂ ਕੋਈ ਹੈ ਹੀ। ਇਸ ਤਰ੍ਹਾਂ ਜੇਕਰ ਆਪਣੇ ਪੱਧਰ ਉੱਤੇ ਹੀ ਸਭ ਨੂੰ ਸਜ਼ਾਵਾਂ ਦਿੱਤੀਆਂ ਜਾਣ ਲੱਗੀਆਂ ਤਾਂ ਕੋਈ ਵੀ ਸੁਰੱਖਿਅਤ ਨਹੀਂ ਰਹਿ ਸਕੇਗਾ। ਬੀਤੇ ਦਿਨੀਂ ਪਰਮਿੰਦਰ ਸਿੰਘ ਝੋਟਾ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਬਾਅਦ ਵਿਚ ਮੌੜ ਪੁਲਿਸ ਵਲੋਂ ਉਸ ਖਿਲਾਫ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਜਿਸ ਵਿਚ ਯੂਟਿਊਬਰ ਮਾਨ ਬਠਿੰਡੇ ਵਾਲਾ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਬਹੁਤ ਸਵਾਲ ਉੱਠ ਰਹੇ ਸਨ ਕਿ ਇਹ ਮਾਮਲਾ ਕੀ ਹੈ ਸੋ ਇਸ ਸਬੰਧੀ ਪੁਲਿਸ ਵਲੋਂ ਪਰਮਿੰਦਰ ਝੋਟਾ ਦੀਆਂ ਨਵੀਆਂ ਵੀਡੀਉਜ਼ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਉਸ ਨੇ ਇਕ ਮੈਡੀਕਲ ਸਟੋਰ ਦੇ ਮਾਲਕ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਗਲੇ ’ਚ ਜੁੱਤੀਆਂ ਪਾ ਕੇ ਬੇਇੱਜ਼ਤ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਕ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਗਈ, ਪੁਲਿਸ ਨੇ ਕਾਰਵਾਈ ਕਰਦਿਆਂ ਪਰਮਿੰਦਰ ਝੋਟਾ ਨੂੰ ਗਿ੍ਰਫ਼ਤਾਰ ਕੀਤਾ। ਪੁਲਿਸ ਦੀ ਇਸ ਕਾਰਵਾਈ ਦਾ ਲੋਕਾਂ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਏ.ਡੀ.ਜੀ.ਪੀ. ਐੱਸ.ਪੀ.ਐੱਸ. ਪਰਮਾਰ ਨੇ ਦਸਿਆ ਕਿ ਪਰਮਿੰਦਰ ਝੋਟਾ ਵਿਰੁਧ ਕੁੱਲ 7 ਅਪਰਾਧਿਕ ਮਾਮਲੇ ਦਰਜ ਹਨ। ਮੈਡੀਕਲ ਸਟੋਰ ਦੀਆਂ ਸੀ.ਸੀ.ਟੀ.ਵੀ. ਵੀਡੀਉਜ਼ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਪਰਮਿੰਦਰ ਝੋਟਾ ਅਪਣੇ ਨਾਲ 5-7 ਵਿਅਕਤੀ ਲੈ ਕੇ ਕੈਮਿਸਟ ਦੀ ਦੁਕਾਨ ’ਤੇ ਗਿਆ ਅਤੇ ਉੱਥੇ ਜਾ ਕੇ ਮੈਡੀਕਲ ਸਟੋਰ ਵਾਲੇ ਨੂੰ ਬਾਹਰ ਕੱਢ ਕੇ ਉਸ ਦਾ ਮੂੰਹ ਕਾਲਾ ਕੀਤਾ ਗਿਆ ਅਤੇ ਜੁੱਤੀਆਂ ਦਾ ਹਾਰ ਪਾ ਕੇ ਉਸ ਨੂੰ ਬੇਇੱਜ਼ਤ ਕੀਤਾ। ਜਦੋਂ ਪੁਲਿਸ ਨੇ ਉਸ ਦੀ ਜਾਂਚ ਕੀਤੀ ਤਾਂ ਉਸ ਕੋਲੋਂ ਕੋਈ ਨਸ਼ਾ ਬਰਾਮਦ ਨਹੀਂ ਹੋਇਆ। ਹਾਲਾਂਕਿ ਉਸ ਵਲੋਂ ਪਾਬੰਦੀਸ਼ੁਦਾ ਕੈਪਸੂਲ ਵੇਚੇ ਜਾ ਰਹੇ ਸਨ, ਜਿਸ ਲਈ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸ.ਪੀ.ਐੱਸ. ਪਰਮਾਰ ਨੇ ਕਿਹਾ ਕਿ ਪਰਮਿੰਦਰ ਝੋਟਾ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਦੇ ਘਰ ਜਾ ਕੇ ਉਸ ਦੇ ਪਰਿਵਾਰ ਨੂੰ ਬੇਇੱਜ਼ਤ ਕਰੇ। ਇਹ ਕਾਨੂੰਨ ਵਿਵਸਥਾ ਨਹੀਂ ਹੈ, ਨਸ਼ਿਆਂ ਵਿਰੁੱਧ ਕਾਰਵਾਈ ਲਈ ਪੰਜਾਬ ਵਿਚ ਐੱਸ.ਟੀ.ਐੱਫ., ਐੱਨ.ਸੀ.ਬੀ. ਅਤੇ ਪੰਜਾਬ ਪੁਲਿਸ ਦੀਆਂ ਸੇਵਾਵਾਂ ਜਾਰੀ ਹਨ। ਜੇਕਰ ਕਿਸੇ ਨੂੰ ਨਸ਼ੇ ਸਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ ਪਰ ਕਿਸੇ ਨੂੰ ਕਾਨੂੰਨ ਹੱਥ ਵਿਚ ਲੈਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਨੂੰ ਬੇਇੱਜ਼ਤ ਕੀਤਾ ਗਿਆ, ਉਸ ਦੇ ਵੀ ਮਨੁੱਖੀ ਅਧਿਕਾਰ ਹਨ, ਪਰਮਿੰਦਰ ਝੋਟਾ ਕਾਨੂੰਨ ਤੋਂ ਉੱਪਰ ਨਹੀਂ ਹੈ। ਪੰਜਾਬ ਪੁਲਿਸ ਨਸ਼ਿਆਂ ਨੂੰ ਲੈ ਕੇ ਬੇਹਦ ਗੰਭੀਰ ਹੈ, ਸਰਕਾਰ ਨੇ ਕਈ ਪੁਲਿਸ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਕੀਤੀ ਹੈ। ਪੁਲਿਸ ’ਤੇ ਚੁੱਕੇ ਜਾ ਰਹੇ ਸਵਾਲਾਂ ਬਾਰੇ ਐੱਸ.ਪੀ.ਐੱਸ ਪਰਮਾਰ ਦਾ ਕਹਿਣਾ ਹੈ ਕਿ ਪੁਲਿਸ ਕੋਲ ਨਸ਼ਿਆਂ ਵਿਰੁਧ ਕੀਤੀ ਕਾਰਵਾਈ ਦੀ ਅੰਕੜੇ ਮੌਜੂਦ ਹਨ, ਕਈ ਲੋਕ ਸਿਰਫ਼ ਇਕ ਪੱਖ ਨੂੰ ਸੁਣ ਰਹੇ ਹਨ। ਇਹੀ ਕਾਰਨ ਹੈ ਕਿ ਉਹ ਪਰਮਿੰਦਰ ਝੋਟਾ ਵਿਰੁਧ ਕੀਤੀ ਜਾ ਰਹੀ ਕਾਰਵਾਈ ਦਾ ਵਿਰੋਧ ਕਰ ਰਹੇ ਹਨ।
ਭਾਵੇਂ ਕਿ ਪਰਮਿੰਦਰ ਸਿੰਘ ਝੋਟਾ ਦੀ ਮਨਸ਼ਾ ਬਹੁਤ ਹੀ ਸਪੱਸ਼ਟ ਹੈ ਕਿ ਉਹ ਨਸ਼ਾ ਤਸਕਰੀ ਦੇ ਖਿਲਾਫ ਹੈ ਪਰ ਨਸ਼ਾ ਤਸਕਰੀ ਨੂੰ ਰੋਕਣ ਦਾ ਢੰਗ ਗਲਤ ਹੋਣ ਕਾਰਨ ਉਹ ਸਮੱਸਿਆਵਾਂ ਵਿਚ ਫਸਦਾ ਜਾ ਰਿਹਾ ਹੈ। ਪੁਲਿਸ ਦੀ ਮਨਸ਼ਾ ਭਾਵੇਂ ਡਰੱਗ ਸਮੱਗਲਰਾਂ ਨੂੰ ਲਾਹਾ ਦੇਣ ਦੀ ਵੀ ਹੋਵੇ ਪਰ ਉਸ ਦੀ ਗੱਲ ਵਿਚ ਦਮ ਹੈ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਆਗਿਆ ਨਹੀਂ ਹੈ। ਕਿਸੇ ਦਾ ਮੂੰਹ ਕਾਲਾ ਕਰਨਾ, ਉਸਦੇ ਗਲ ਵਿਚ ਜੁੱਤੀਆਂ ਦਾ ਹਾਰ ਪਾਉਣਾ, ਇਹ ਸਭ ਜਾਇਜ਼ ਨਹੀਂ ਹੈ, ਹਾਂ ਦੋਸ਼ੀ ਨੂੰ ਕਾਨੂੰਨ ਦੇ ਹਵਾਲ ਕਰ ਕੇ ਉਸ ਨੂੰ ਸਜ਼ਾ ਦੁਆਉਣੀ ਚਾਹੀਦੀ ਹੈ। ਆਮੀਨ!
-ਅਰਜਨ ਰਿਆੜ (ਮੁੱਖ ਸੰਪਾਦਕ)