ਈ ਡੀ ਵੱਲੋਂ 7 ਉੱਚ ਅਫਸਰ ਤਲਬ -

ਈ ਡੀ ਵੱਲੋਂ 7 ਉੱਚ ਅਫਸਰ ਤਲਬ -

ਈ ਡੀ ਵੱਲੋਂ 7 ਉੱਚ ਅਫਸਰ ਤਲਬ - 

ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮੁਅੱਤਲ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਅਤੇ ਵਿਚੋਲਗੀ ਕਰਨ ਵਾਲੇ ਕ੍ਰਿਸ਼ਾਨੂ ਸ਼ਾਰਦਾ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਉੱਚ ਅਫਸਰਾਂ ਉੱਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਈ ਡੀ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਸੇ ਕੜੀ ਵਜੋਂ ਹੁਣ ਸੱਤ ਉੱਚ ਅਧਿਕਾਰੀ ਤਲਬ ਕੀਤੇ ਗਏ ਹਨ। ਸੀ ਬੀ ਆਈ ਵੱਲੋਂ ਦਰਜ ਕੇਸ ਮਗਰੋਂ ਈ ਡੀ ਨੇ ਅਜੇ ਕੁਝ ਸਮਾਂ ਪਹਿਲਾਂ ਹੀ ਮੁਅੱਤਲ ਡੀ ਆਈ ਜੀ ਅਤੇ ਉਸ ਦੇ ਸਹਾਇਕ ਕ੍ਰਿਸ਼ਾਨੂ ਸ਼ਾਰਦਾ ਨੂੰ ਹਿਰਾਸਤ ’ਚ ਲਿਆ ਹੈ। ਈ ਡੀ ਨੇ ਹੁਣ ਇਨ੍ਹਾਂ ਦੋਵਾਂ ਤੋਂ ਹਿਰਾਸਤੀ ਪੁੱਛ-ਪੜਤਾਲ ਮਗਰੋਂ ਦੋ ਸੇਵਾ ਮੁਕਤ ਅਧਿਕਾਰੀਆਂ ਸਮੇਤ ਸੱਤ ਆਈ ਏ ਐੱਸ/ਆਈ ਪੀ ਐੱਸ ਅਤੇ ਪੀ ਸੀ ਅਫਸਰਾਂ ਨੂੰ ਤਲਬ ਕੀਤਾ ਹੈ। ਈ ਡੀ ਵੱਲੋਂ ਅਗਲੇ ਦਿਨਾਂ ਵਿੱਚ ਇਨ੍ਹਾਂ ਅਧਿਕਾਰੀਆਂ ਤੋਂ ਵੱਖੋ-ਵੱਖਰੀਆਂ ਤਰੀਕਾਂ ਉੱਤੇ ਪੁੱਛਗਿੱਛ ਕੀਤੀ ਜਾਵੇਗੀ। ਕੇਂਦਰੀ ਏਜੰਸੀ ਵੱਲੋਂ ਪੁਲੀਸ ਕਮਿਸ਼ਨਰ, ਐੱਸ ਐੱਸ ਪੀ ਅਤੇ ਸੀਨੀਅਰ ਅਫਸਰਾਂ ਤੋਂ ਉਪਰੋਕਤ ਮਾਮਲੇ ਬਾਰੇ ਸਵਾਲ ਜਵਾਬ ਕੀਤੇ ਜਾਣਗੇ। ਈ ਡੀ ਨੇ ਪੰਜ ਆਈ ਏ ਐੱਸ/ਪੀ ਸੀ ਐੱਸ ਅਤੇ ਦੋ ਆਈ ਪੀ ਐੱਸ ਅਧਿਕਾਰੀਆਂ ਨੂੰ ਚੰਡੀਗੜ੍ਹ ਦਫ਼ਤਰ ’ਚ ਪੇਸ਼ ਹੋਣ ਲਈ ਸੰਮਨ ਭੇਜੇ ਹਨ। ਜਾਣਕਾਰੀ ਅਨੁਸਾਰ ਈ ਡੀ ਨੇ ਸਿਹਤ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਕੁਮਾਰ ਰਾਹੁਲ ਨੂੰ ਸੋਮਵਾਰ ਨੂੰ ਤਲਬ ਕੀਤਾ ਹੈ ਜਦੋਂ ਕਿ ਪੀ ਸੀ ਐੱਸ ਅਧਿਕਾਰੀ ਆਨੰਦ ਸਾਗਰ ਸ਼ਰਮਾ ਅਤੇ ਸੇਵਾਮੁਕਤ ਅਧਿਕਾਰੀ ਅਰੁਣ ਸੇਖੜੀ ਨੂੰ ਬੁੱਧਵਾਰ ਨੂੰ ਈ ਡੀ ਦੇ ਚੰਡੀਗੜ੍ਹ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਕੇਂਦਰੀ ਏਜੰਸੀ ਨੇ ਜਨਰਲ ਪ੍ਰਸ਼ਾਸਨ ਵਿਭਾਗ ਦੀ ਵਿਸ਼ੇਸ਼ ਸਕੱਤਰ ਨੀਰੂ ਕਤਿਆਲ ਗੁਪਤਾ, ਸੇਵਾ ਮੁਕਤ ਆਈ ਏ ਐੱਸ ਅਧਿਕਾਰੀ ਗੁਰਪ੍ਰੀਤ ਸਪਰਾ ਅਤੇ ਫ਼ਾਜ਼ਿਲਕਾ ਦੇ ਐੱਸ ਐੱਸ ਪੀ ਗਗਨ ਅਜੀਤ ਸਿੰਘ ਨੂੰ ਵੀਰਵਾਰ ਨੂੰ ਤਲਬ ਕੀਤਾ ਹੈ। ਇਸੇ ਤਰ੍ਹਾਂ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਸ਼ੁੱਕਰਵਾਰ ਨੂੰ ਪੇਸ਼ ਹੋੋਣ ਲਈ ਕਿਹਾ ਗਿਆ ਹੈ। ਚੇਤੇ ਰਹੇ ਕਿ ਸਵਪਨ ਸ਼ਰਮਾ ਨੂੰ ਪਹਿਲਾਂ ਵੀ ਫੋਰੈਂਸਿਕ ਲੈਬ ਰਿਪੋਰਟ ਮਾਮਲੇ ’ਚ ਤਲਬ ਕੀਤਾ ਜਾ ਚੁੱਕਾ ਹੈ। ਈ ਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਅੱਤਲ ਡੀ ਆਈ ਜੀ ਭੁੱਲਰ ਦੇ ਦਲਾਲ ਵਜੋਂ ਕੰਮ ਕਰਨ ਵਾਲੇ ਕ੍ਰਿਸ਼ਾਨੂ ਨੂੰ ਪੰਜਾਬ ਸਰਕਾਰ ਦੇ ਇਨ੍ਹਾਂ ਅਧਿਕਾਰੀਆਂ ਤੋਂ ਗ਼ੈਰ-ਵਾਜਬ ਲਾਭ ਲੈਣ ਵਿੱਚ ਸ਼ਾਮਲ ਪਾਇਆ ਗਿਆ ਸੀ, ਜੋ ਸੂਬਾ ਸਰਕਾਰ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦਾ ਹੈ। ਕੀ ਹੈ ਪੂਰਾ ਮਾਮਲਾ.... ਸੀ ਬੀ ਆਈ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਅਤੇ ਕ੍ਰਿਸ਼ਾਨੂ ਸ਼ਾਰਦਾ ਨੂੰ 16 ਅਕਤੂਬਰ 2025 ਨੂੰ ਗ੍ਰਿਫ਼ਤਾਰ ਕੀਤਾ ਸੀ। ਏਜੰਸੀ ਨੇ ਕ੍ਰਿਸ਼ਾਨੂ ਸ਼ਾਰਦਾ ਨੂੰ ਪੰਜ ਲੱਖ ਦੀ ਵੱਢੀ ਲੈਂਦਿਆਂ ਕਾਬੂ ਕੀਤਾ ਸੀ ਅਤੇ ਮਗਰੋਂ ਡੀ ਆਈ ਜੀ ਭੁੱਲਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਈ ਡੀ ਨੇ ਮਨੀ ਲਾਂਡਰਿੰਗ ਮਾਮਲੇ ’ਚ ਪੁੱਛਗਿੱਛ ਮਗਰੋਂ ਕ੍ਰਿਸ਼ਾਨੂ ਸ਼ਾਰਦਾ ਵਿਰੁੱਧ ਚੰਡੀਗੜ੍ਹ ਦੀ ਵਿਸ਼ੇਸ਼ ਪੀ ਐੱਮ ਐੱਲ ਏ ਅਦਾਲਤ ਵਿੱਚ ਮੁਕੱਦਮਾ ਦਾਇਰ ਕੀਤਾ ਹੈ। ਈ ਡੀ ਦਾ ਦੋਸ਼ ਹੈ ਕਿ ਸ਼ਾਰਦਾ ਤਬਾਦਲਿਆਂ, ਤਾਇਨਾਤੀਆਂ ਅਤੇ ਹੋਰਨਾਂ ਕੰਮਾਂ ’ਚ ਕਈ ਸਰਕਾਰੀ ਅਧਿਕਾਰੀਆਂ ਲਈ ਦਲਾਲ ਵਜੋਂ ਕੰਮ ਕਰਦਾ ਸੀ। ਈ ਡੀ ਨੇ ਅਪਰਾਧ ਦੀ ਕਰੀਬ ਇੱਕ ਕਰੋੜ ਦੀ ਕਮਾਈ ਬਾਰੇ ਵੀ ਦੱਸਿਆ ਸੀ। ਏਜੰਸੀ ਨੇ ਇਸ ਦੇ ਕਈ ਅਧਿਕਾਰੀਆਂ ਨਾਲ ਸ਼ੱਕੀ ਲੈਣ ਦੇਣ ਦੀ ਸੂਹ ਵੀ ਲਾਈ ਹੈ।