ਗੋਲੀਬਾਰੀ ਤੇ ਹਿੰਸਕ ਝੜਪ ਮਾਮਲੇ ’ਚ ਪੰਜਾਬੀ ਮੂਲ ਦੇ ਨੌਜਵਾਨ ਪੁਲੀਸ ਅੜਿੱਕੇ, ਜਾਂਚ ਜਾਰੀ -

ਗੋਲੀਬਾਰੀ ਤੇ ਹਿੰਸਕ ਝੜਪ ਮਾਮਲੇ ’ਚ ਪੰਜਾਬੀ ਮੂਲ ਦੇ ਨੌਜਵਾਨ ਪੁਲੀਸ ਅੜਿੱਕੇ, ਜਾਂਚ ਜਾਰੀ -

ਗੋਲੀਬਾਰੀ ਤੇ ਹਿੰਸਕ ਝੜਪ ਮਾਮਲੇ ’ਚ ਪੰਜਾਬੀ ਮੂਲ ਦੇ ਨੌਜਵਾਨ ਪੁਲੀਸ ਅੜਿੱਕੇ, ਜਾਂਚ ਜਾਰੀ -
ਆਸਟ੍ਰੇਲੀਆਈ ਪੁਲੀਸ ਨੇ ਪਿਛਲੇ ਮਹੀਨੇ ਵਿਕਟੋਰੀਆ ਦੇ ਟਾਰਨੀਟ ਵਿੱਚ ਲਗਪਗ 17 ਵਿਅਕਤੀਆਂ ਵਿਚਾਲੇ ਅੱਧੀ ਰਾਤ ਨੂੰ ਹੋਈ ਹਿੰਸਕ ਝੜਪ ਨੂੰ ਦਰਸਾਉਂਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ, ਜਿਸ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਜਾਨਲੇਵਾ ਸੀ। ਵਿੰਡਹੈਮ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਜਾਸੂਸਾਂ ਨੇ 4 ਅਕਤੂਬਰ ਦੀ ਇਸ ਘਟਨਾ ਦੇ ਸਬੰਧ ਵਿੱਚ ਟਾਰਨੀਟ ਅਤੇ ਟਰੂਗਾਨੀਨਾ ਤੋਂ 22 ਤੋਂ 43 ਸਾਲ ਦੀ ਉਮਰ ਦੇ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ, ਜਿਨ੍ਹਾਂ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਵੀ ਸ਼ਾਮਲ ਹਨ, ਨੂੰ ਅਗਲੇਰੀ ਜਾਂਚ ਪੈਂਡਿੰਗ ਰੱਖਦਿਆਂ ਰਿਹਾਅ ਕਰ ਦਿੱਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਇੱਕ ਚਸ਼ਮਦੀਦ ਗਵਾਹ ਨੇ ਸਵੇਰੇ ਲਗਭਗ 4.10 ਵਜੇ ਡਰੂਮਰ ਵੇਅ 'ਤੇ ਲਗਪਗ 15 ਤੋਂ 20 ਲੋਕਾਂ ਨੂੰ ਆਪਸ ਵਿੱਚ ਲੜਦਿਆਂ ਦੇਖਣ ਤੋਂ ਬਾਅਦ ਟ੍ਰਿਪਲ ਜ਼ੀਰੋ (000) 'ਤੇ ਫ਼ੋਨ ਕੀਤਾ ਸੀ। ਚਸ਼ਮਦੀਦ ਨੇ ਕਈ ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਦੀ ਵੀ ਰਿਪੋਰਟ ਦਿੱਤੀ ਸੀ। ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਗਰੁੱਪ ਉੱਥੋਂ ਖਿੰਡ ਗਏ ਸਨ। ਘਟਨਾ ਸਥਾਨ ਦੀ ਜਾਂਚ ਦੌਰਾਨ, ਜਾਂਚਕਰਤਾਵਾਂ ਨੂੰ ਦੋ ਵਾਹਨ ਮਿਲੇ ਜੋ ਕਈ ਵਾਰ ਆਪਸ ਵਿੱਚ ਟਕਰਾਏ ਜਾਪਦੇ ਸਨ, ਇਸ ਦੇ ਨਾਲ ਹੀ ਵੱਖ-ਵੱਖ ਹਥਿਆਰ ਅਤੇ ਖੂਨ ਦੇ ਨਿਸ਼ਾਨ ਵੀ ਮਿਲੇ। ਇਸ ਤੋਂ ਥੋੜ੍ਹੀ ਦੇਰ ਬਾਅਦ, ਟਾਰਨੀਟ ਦਾ ਰਹਿਣ ਵਾਲਾ ਇੱਕ 23 ਸਾਲਾ ਨੌਜਵਾਨ ਜਾਨਲੇਵਾ ਸੱਟਾਂ ਨਾਲ ਵੇਰੀਬੀ ਦੇ ਇੱਕ ਹਸਪਤਾਲ ਵਿੱਚ ਪਹੁੰਚਿਆ। ਉਸ ਨੂੰ ਉਦੋਂ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਘਰ ਵਿੱਚ ਸਿਹਤਯਾਬ ਹੋ ਰਿਹਾ ਹੈ। ਟਾਰਨੀਟ ਦੇ ਹੀ ਰਹਿਣ ਵਾਲੇ ਇੱਕ ਹੋਰ 43 ਸਾਲਾ ਵਿਅਕਤੀ ਨੂੰ ਸਰੀਰ ਦੇ ਉੱਪਰਲੇ ਹਿੱਸੇ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਜਾਸੂਸਾਂ ਵੱਲੋਂ ਜਾਰੀ ਕੀਤੀ ਗਈ ਸੀਸੀਟੀਵੀ ਫੁਟੇਜ ਵਿੱਚ ਸਵੇਰੇ 1 ਵਜੇ ਦੇ ਕਰੀਬ ਡਰੂਮਰ ਵੇਅ ਦੇ ਉੱਤਰੀ ਸਿਰੇ ਨੇੜੇ ਲਗਭਗ ਸੱਤ ਵਾਹਨ ਅਤੇ 17 ਵਿਅਕਤੀ ਇਕੱਠੇ ਹੁੰਦੇ ਦਿਖਾਈ ਦੇ ਰਹੇ ਹਨ। ਗਰੁੱਪ ਦੇ ਮੈਂਬਰ ਕਥਿਤ ਤੌਰ 'ਤੇ ਬੇਸਬਾਲ ਬੈਟ, ਕ੍ਰਿਕਟ ਬੈਟ ਅਤੇ ਤਲਵਾਰਾਂ ਸਮੇਤ ਹਥਿਆਰਾਂ ਨਾਲ ਲੈਸ ਸਨ। ਇਸ ਤੋਂ ਬਾਅਦ ਹੋਈ ਝੜਪ ਦੌਰਾਨ, ਇੱਕ ਗੋਲੀ ਚਲਾਈ ਗਈ ਜਾਪਦੀ ਹੈ, ਜਿਸ ਬਾਰੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਸ਼ਾਟਗਨ (ਬੰਦੂਕ) ਤੋਂ ਚਲਾਈ ਗਈ ਹੋ ਸਕਦੀ ਹੈ। ਪੁਲਿਸ ਨਾਲ ਸਾਂਝੀ ਕੀਤੀ ਗਈ ਵਿਕਟੋਰੀਆ ਪੁਲਿਸ ਦੀ ਪ੍ਰੈੱਸ ਰਿਲੀਜ਼ ਅਨੁਸਾਰ, ਪੁਲਿਸ ਨੇ ਇਸ ਵਿੱਚ ਸ਼ਾਮਲ ਵਿਅਕਤੀਆਂ ਦਾ ਹੁਲੀਆ ਭਾਰਤੀ ਉਪ-ਮਹਾਂਦੀਪ ਦੇ ਮੂਲ ਦਾ ਦੱਸਿਆ ਹੈ। ਜਾਸੂਸਾਂ ਨੇ ਘਟਨਾ ਨਾਲ ਕਥਿਤ ਤੌਰ 'ਤੇ ਜੁੜੇ ਦੋ ਅਜਿਹੇ ਵਾਹਨਾਂ ਦੀ ਵੀ ਪਛਾਣ ਕੀਤੀ ਹੈ ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ — ਇੱਕ ਕਾਲੇ ਰੰਗ ਦੀ 2021 ਫੋਰਡ ਰੇਂਜਰ ਰੈਪਟਰ ਯੂਟ (ute) ਜਿਸ ਦਾ ਰਜਿਸਟ੍ਰੇਸ਼ਨ ਨੰਬਰ 0008OG ਹੈ ਅਤੇ ਇੱਕ ਲਾਲ ਰੰਗ ਦੀ 1998 ਨਿਸਾਨ ਪੈਟਰੋਲ ਜਿਸ ਦਾ ਰਜਿਸਟ੍ਰੇਸ਼ਨ ਨੰਬਰ TJR447 ਹੈ। ਜਾਂਚਕਰਤਾਵਾਂ ਨੇ ਚਸ਼ਮਦੀਦਾਂ ਅਤੇ ਕਿਸੇ ਵੀ ਅਜਿਹੇ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ਜਿਸ ਕੋਲ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਹੈ, ਜਾਂ ਇਸ ਵਿੱਚ ਸ਼ਾਮਲ ਲੋਕਾਂ ਅਤੇ ਵਾਹਨਾਂ ਬਾਰੇ ਕੋਈ ਜਾਣਕਾਰੀ ਹੈ।