ਵਪਾਰਕ ਮੁੱਦਿਆਂ ’ਤੇ ਟਰੰਪ ਨਾਲ ਚੰਗੀ ਗੱਲਬਾਤ ਹੋਈ: ਕਾਰਨੀ

ਵਪਾਰਕ ਮੁੱਦਿਆਂ ’ਤੇ ਟਰੰਪ ਨਾਲ ਚੰਗੀ ਗੱਲਬਾਤ ਹੋਈ: ਕਾਰਨੀ

ਵਪਾਰਕ ਮੁੱਦਿਆਂ ’ਤੇ ਟਰੰਪ ਨਾਲ ਚੰਗੀ ਗੱਲਬਾਤ ਹੋਈ: ਕਾਰਨੀ
ਅਮਰੀਕਾ ਤੇ ਕੈਨੇਡਾ ਵਿਚਾਲੇ ਵਪਾਰਕ ਜੰਗ ਦਰਮਿਆਨ ਦੋਵਾਂ ਆਗੂਆਂ ਦੀ ਗੱਲਬਾਤ; ਸਮਝੌਤੇ ਲਈ ਅਗਲੇ ਹਫ਼ਤਿਆਂ ਵਿੱਚ ਮੀਟਿੰਗਾਂ ਕਰਨਗੀਆਂ ਟੀਮਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਦੋਵਾਂ ਦੇਸ਼ਾਂ ਵਿਚਾਲੇ ਭਵਿੱਖ ਦੇ ਵਪਾਰਕ ਸਬੰਧਾਂ ਬਾਰੇ ਚੰਗੀ ਗੱਲਬਾਤ ਹੋਈ ਹੈ। ਦੋਵੇਂ ਦੇਸ਼ ਇਸ ਸਮੇਂ ਵਪਾਰਕ ਜੰਗ ਵਿੱਚ ਉਲਝੇ ਹੋਏ ਹਨ ਅਤੇ ਇਸ ਕਾਰਨ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਵਿੱਚ ਤਣਾਅ ਬਣਿਆ ਹੋਇਆ ਹੈ। ਕਾਰਨੀ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਆਪਣੀ ਗੱਲਬਾਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਟਰੰਪ ਨਾਲ ਹੋਈ ਗੱਲਬਾਤ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤੇ ਦੀ ਰੂਪਰੇਖਾ ਬਾਰੇ ਹਾਲ ਹੀ ਵਿੱਚ ਹੋਈਆਂ ਉਸਾਰੂ ਚਰਚਾਵਾਂ ਨੂੰ ਅੱਗੇ ਵਧਾਉਂਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਸਮਝੌਤੇ ਦਾ ਉਦੇਸ਼ ਦੋਵਾਂ ਦੇਸ਼ਾਂ ਲਈ ਆਰਥਿਕ ਲਾਭ ਯਕੀਨੀ ਬਣਾਉਣਾ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਲੋਕਾਂ ਲਈ ਵਸਤਾਂ ਤੇ ਸੇਵਾਵਾਂ ਕਿਫ਼ਾਇਤੀ ਬਣਾਉਣ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਕੈਨੇਡਾ ਦੀਆਂ ਭਾਸ਼ਾਵਾਂ, ਸੱਭਿਆਚਾਰ ਅਤੇ ਪ੍ਰਭੂਸੱਤਾ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ।ਕਾਰਨੀ ਨੇ ਕਿਹਾ, ‘‘ਸਾਡੀਆਂ ਟੀਮਾਂ ਹੁਣ ਆਉਣ ਵਾਲੇ ਹਫ਼ਤਿਆਂ ਵਿੱਚ ਇਸ ਟੀਚੇ ਨੂੰ ਹਾਸਲ ਕਰਨ ਲਈ ਕੰਮ ਕਰਨਗੀਆਂ।’’ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤਣਾਅ ਦਾ ਮੁੱਖ ਕਾਰਨ ਅਮਰੀਕਾ ਵੱਲੋਂ ਕੈਨੇਡੀਅਨ ਵਸਤਾਂ ’ਤੇ ਲਗਾਏ ਗਏ ਟੈਕਸ ਅਤੇ ਵਪਾਰਕ ਨੀਤੀਆਂ ਨੂੰ ਲੈ ਕੇ ਮਤਭੇਦ ਹਨ। ਕੈਨੇਡਾ ਅਤੇ ਅਮਰੀਕਾ ਇੱਕ-ਦੂਜੇ ਦੇ ਅਹਿਮ ਵਪਾਰਕ ਭਾਈਵਾਲ ਹਨ। ਇਸ ਲਈ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤੇ ਨੂੰ ਲੈ ਕੇ ਹੋਣ ਵਾਲੀ ਅਗਲੀ ਗੱਲਬਾਤ ’ਤੇ ਕਾਰੋਬਾਰੀ ਖੇਤਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਕਾਰਨੀ ਦੇ ਬਿਆਨ ਤੋਂ ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਕਿ ਨਵੇਂ ਸਮਝੌਤੇ ਬਾਰੇ ਕੋਈ ਅੰਤਿਮ ਸਹਿਮਤੀ ਬਣੀ ਹੈ ਜਾਂ ਨਹੀਂ। ਫਿਲਹਾਲ ਦੋਵਾਂ ਦੇਸ਼ਾਂ ਦੀਆਂ ਟੀਮਾਂ ਆਉਣ ਵਾਲੇ ਹਫ਼ਤਿਆਂ ਵਿੱਚ ਇਸ ਦਿਸ਼ਾ ਵਿੱਚ ਗੱਲਬਾਤ ਜਾਰੀ ਰੱਖਣਗੀਆਂ।