ਆਜ਼ਾਦੀ ਦਿਹਾੜੇ ਦੇ ਸਮਾਗਮ ਦੀਆਂ ਤਿਆਰੀਆਂ ’ਤੇ ਪਾਣੀ ਫਿਰਿਆ ਟੈਂਟ ਭਿੱਜਿਆ; ਸਟੇਡੀਅਮ ’ਚ ਚਿੱਕਡ਼; ਨਾਕਸ ਨਿਕਾਸੀ ਪ੍ਰਬੰਧਾਂ ਲਈ ਲੋਕਾਂ ਨੇ ਪ੍ਰਸ਼ਾਸਨ ਨੂੰ ਭੰਡਿਆ

ਆਜ਼ਾਦੀ ਦਿਹਾੜੇ ਦੇ ਸਮਾਗਮ ਦੀਆਂ ਤਿਆਰੀਆਂ ’ਤੇ ਪਾਣੀ ਫਿਰਿਆ ਟੈਂਟ ਭਿੱਜਿਆ; ਸਟੇਡੀਅਮ ’ਚ ਚਿੱਕਡ਼; ਨਾਕਸ ਨਿਕਾਸੀ ਪ੍ਰਬੰਧਾਂ ਲਈ ਲੋਕਾਂ ਨੇ ਪ੍ਰਸ਼ਾਸਨ ਨੂੰ ਭੰਡਿਆ

ਮਾਨਸਾ,(ਪੰਜਾਬੀ ਰਾਈਟਰ)- ਨਹਿਰੂ ਕਾਲਜ ਦੇ ਸਟੇਡੀਅਮ ਵਿੱਚ ਖੜ੍ਹਾ ਮੀਂਹ ਦਾ ਪਾਣੀ। ਇੱਥੇ ਅੱਜ ਦੇਰ ਸ਼ਾਮ ਪਏ ਮੀਂਹ ਨੇ ਮਾਨਸਾ ਵਿੱਚ ਭਲਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਵਾਲੇ ਸਮਾਗਮ ਨੂੰ ਮਧੋਲ ਸੁੱਟਿਆ। ਪ੍ਰਸ਼ਾਸਨ ਵੱਲੋਂ ਨਹਿਰੂ ਕਾਲਜ ਵਿੱਚ ਕੀਤੇ ਸਾਰੇ ਬੰਦੋਬਸਤ ਮੀਂਹ ਦੇ ਪਾਣੀ ਵਿੱਚ ਡੁੱਬ ਗਏ। ਵਰ੍ਹਦੇ ਮੀਂਹ ਦੌਰਾਨ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕਾ ਦੇਖਿਆ ਤਾਂ ਨੂੰ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਮਗਰੋਂ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਕਾਲਜ ਸਟੇਡੀਅਮ ਵਿੱਚ ਮੀਂਹ ਤੋਂ ਬਚਾਅ ਲਈ ਬੰਦੋਬਸਤ ਕਰਨ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਦਿਲਚਸਪ ਗੱਲ ਹੈ ਕਿ ਇਸ ਵਾਰ ਮਾਨਸਾ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕਿਸੇ ਮੰਤਰੀ ਨੇ ਨਹੀਂ ਆਉਣਾ ਸੀ, ਨਹੀਂ ਤਾਂ ਮੀਂਹ ਨੇ ਪ੍ਰਸ਼ਾਸਨ ਨੂੰ ਕਸੂਤੀ ਸਥਿਤੀ ਵਿੱਚ ਫਸਾ ਦੇਣਾ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਨਹਿਰੂ ਮੈਮੋਰੀਅਲ ਕਾਲਜ ਵਿੱਚ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜਾ ਮਨਾਉਣ ਦੇ ਪ੍ਰਬੰਧ ਕੀਤੇ ਸਨ ਪਰ ਮੀਂਹ ਨੇ ਸਾਰੇ ਪ੍ਰਬੰਧਾਂ ਦੀ ਹਕੀਕਤ ਸਾਹਮਣੇ ਲਿਆ ਦਿੱਤੀ ਹੈ, ਜਿਸ ਕਾਰਨ ਤੁਰੰਤ ਨਵੇਂ ਪ੍ਰਬੰਧ ਕਰ ਕੇ ਹੀ ਇਸ ਦਿਹਾੜੇ ਨੂੰ ਮਨਾਇਆ ਜਾ ਸਕਦਾ ਹੈ। ਦੂਜੇ ਪਾਸੇ ਬਹੁਤੇ ਲੋਕ ਮੀਂਹ ਕਾਰਨ ਘਰਾਂ ’ਚੋਂ ਹੀ ਨਹੀਂ ਨਿਕਲ ਸਕੇ ਅਤੇ ਗਲੀਆਂ ਵਿੱਚ ਗੋਡੇ-ਗੋਡੇ ਪਾਣੀ ਹੋਣ ਕਾਰਨ ਇਸ ਜ਼ਿਲ੍ਹਾ ਪੱਧਰੀ ਸਮਾਗਮ ਦਾ ਲੁਤਫ ਲੈਣ ਤੋਂ ਵਾਂਝੇ ਰਹਿਣਗੇ। ਮੀਂਹ ਨਾਲ ਮਾਨਸਾ ਦੀਆਂ ਸਾਰੀਆਂ ਨੀਵੀਆਂ ਬਸਤੀਆਂ ਵਿੱਚ ਪਾਣੀ ਭਰ ਗਿਆ, ਪਾਣੀ ਦੇ ਠੀਕ ਨਿਕਾਸ ਨਾ ਹੋਣ ਕਾਰਨ ਭਰੀਆਂ ਗਲੀਆਂ ਤੋਂ ਬਾਅਦ ਕਈ ਮੁਹੱਲਿਆਂ ’ਚ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ। ਲੋਕ ਲੋੜੀਂਦੇ ਬੰਦੋਬਸਤ ਕਰਦਿਆਂ ਪ੍ਰਸ਼ਾਸਨ ਨੂੰ ਕੋਸ ਰਹੇ ਸਨ।

ਪੰਜਾਬ ਸਰਕਾਰ ਵੱਲੋਂ ਮਾਲਵਾ ਖੇਤਰ ਦੇ ਜ਼ਿਲ੍ਹਿਆਂ ਨੂੰ ਮੌਨਸੂਨ ਤੋਂ ਬਾਅਦ ਮੀਂਹਾਂ ਦੇ ਪਾਣੀ ਦੀ ਨਿਕਾਸੀ ਲਈ ਮੁੱਢਲੇ ਸਾਰੇ ਪ੍ਰਬੰਧ ਕਰਨ ਦੇ ਦਿੱਤੇ ਹੋਏ ਆਦੇਸ਼ਾਂ ਦਾ ਮੀਂਹ ਨੇ ਜਲੂਸ ਕੱਢ ਕੇ ਰੱਖ ਦਿੱਤਾ। ਰੁਕ-ਰੁਕ ਕੇ ਪਏ ਮੀਂਹ ਨੇ ਸਾਰੇ ਮਾਨਸਾ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਸੀਵਰੇਜ ਦੀ ਨਿਕਾਸੀ ਤੇਜ਼ੀ ਨਾਲ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ।

ਭਾਵੇਂ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਕੁੱਝ ਦਿਨ ਪਹਿਲਾਂ ਹੀ ਪਾਣੀ ਦੀ ਨਿਕਾਸੀ ਲਈ ਸਾਰੇ ਬੰਦੋਬਸਤ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ, ਪਰ ਮੀਂਹ ਨੇ ਲੋਕਾਂ ਨੂੰ ਕਿਸੇ ਰਸਤੇ ਨਿਕਲਣ ਜੋਗਾ ਨਹੀਂ ਛੱਡਿਆ। ਸ਼ਹਿਰ ਦੇ ਬਹੁਤੇ ਹਿੱਸਿਆਂ ਵਿੱਚ ਵੱਡੀ ਮਾਤਰਾ ’ਚ ਪਾਣੀ ਜਮ੍ਹਾਂ ਹੋਣ ਕਾਰਨ ਦੋ ਪਹੀਆ ਵਾਹਨਾਂ ਲਈ ਵੱਡੀ ਮੁਸੀਬਤ ਬਣੀ ਰਹੀ।

ਪੁਲੀਸ ਵੱਲੋਂ ਸਾਂਝੀਆਂ ਥਾਵਾਂ ਦੀ ਚੈਕਿੰਗ
ਮਾਲਵਾ ਖੇਤਰ ਦੇ ਬਹੁਤੇ ਜ਼ਿਲ੍ਹਿਆਂ ਦੀ ਹੱਦ ਹਰਿਆਣਾ ਸੂਬੇ ਨਾਲ ਲੱਗਦੀ ਹੈ ਅਤੇ ਹਰਿਆਣਾ ਅੱਗੇ ਦਿੱਲੀ ਨਾਲ ਲੱਗਦਾ ਹੈ, ਜਿਸ ਕਰ ਕੇ ਪੁਲੀਸ ਨੂੰ ਸ਼ੱਕ ਹੈ ਕਿ ਦਿੱਲੀ ਤੋਂ ਹਰਿਆਣਾ ਰਸਤੇ ਕੋਈ ਵੀ ਨਿੱਕੀ-ਮੋਟੀ ਵਾਰਦਾਤ ਨੂੰ ਹੋਣ ਤੋਂ ਰੋਕਣ ਵਾਸਤੇ ਪਹਿਲਾਂ ਹੀ ਪੁਖਤੇ ਪ੍ਰਬੰਧ ਕੀਤੇ ਜਾਣ। ਪੁਲੀਸ ਵੱਲੋਂ ਇਸ ਖੇਤਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਵੱਡੀਆਂ ਸਾਂਝੀਆਂ ਥਾਵਾਂ ਉਪਰ ਇਹ ਚੈਕਿੰਗ ਕੀਤੀ ਗਈ। ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪੁਲੀਸ ਸਟੇਸ਼ਨਾਂ ਦੇ ਮੁਖੀਆਂ ਨੂੰ ਬਕਾਇਦਾ ਹਦਾਇਤ ਕੀਤੀ ਗਈ ਹੈ ਕਿ ਰਾਤ ਭਰ ਦੇ ਨਾਕਿਆਂ ’ਤੇ ਪਹਿਰੇਦਾਰੀ ਕੀਤੀ ਜਾਵੇ ਅਤੇ ਹਰ ਸ਼ੱਕੀ ਵਿਅਕਤੀ ਨੂੰ ਬਕਾਇਦਾ ਪੜਤਾਲ ਕਰਨ ਤੋਂ ਬਾਅਦ ਹੀ ਅੱਗੇ ਆਉਣ-ਜਾਣ ਦੀ ਆਗਿਆ ਦਿੱਤੀ ਜਾਵੇ।