ਸੈਕਟਰ 11 ਵਿੱਚ ‘ਸ਼੍ਰੀ ਕੁਮਾਰ ਮੈਡੀਕੋਜ਼’ ’ਤੇ ਅੰਨ੍ਹੇਵਾਹ ਫਾਇਰਿੰਗ; ਕੈਸ਼ੀਅਰ ਦੀ ਮੌਤ

ਸੈਕਟਰ 11 ਵਿੱਚ ‘ਸ਼੍ਰੀ ਕੁਮਾਰ ਮੈਡੀਕੋਜ਼’ ’ਤੇ ਅੰਨ੍ਹੇਵਾਹ ਫਾਇਰਿੰਗ; ਕੈਸ਼ੀਅਰ ਦੀ ਮੌਤ

ਸੈਕਟਰ 11 ਵਿੱਚ ‘ਸ਼੍ਰੀ ਕੁਮਾਰ ਮੈਡੀਕੋਜ਼’ ’ਤੇ ਅੰਨ੍ਹੇਵਾਹ ਫਾਇਰਿੰਗ; ਕੈਸ਼ੀਅਰ ਦੀ ਮੌਤ
ਸਿਟੀ ਬਿਊਟੀਫੁੱਲ ਦੇ ਸੈਕਟਰ 11 ਸਥਿਤ ਪ੍ਰਸਿੱਧ ਮੈਡੀਕਲ ਸਟੋਰ ‘ਸ਼੍ਰੀ ਕੁਮਾਰ ਮੈਡੀਕੋਜ਼’ ਦੇ ਅੰਦਰ ਦਿਨ-ਦਿਹਾੜੇ ਹੋਈ ਗੋਲੀਬਾਰੀ ਦੀ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਦੋ ਨਕਾਬਪੋਸ਼ ਹਮਲਾਵਰਾਂ ਨੇ ਦੁਕਾਨ ਦੇ ਅੰਦਰ ਵੜ ਕੇ ਕੈਸ਼ੀਅਰ ’ਤੇ ਆਟੋਮੈਟਿਕ ਹਥਿਆਰ ਨਾਲ ਤਾਬੜਤੋੜ ਕਈ ਰਾਊਂਡ ਫਾਇਰ ਕੀਤੇ। ਹਮਲੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਮੈਡੀਕਲ ਸਟੋਰ ਦੇ ਕੈਸ਼ੀਅਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਾਨਕੀ ਵਜੋਂ ਹੋਈ ਹੈ, ਜੋ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਉੱਥੇ ਸਰਪੰਚ ਵਜੋਂ ਵੀ ਸੇਵਾਵਾਂ ਨਿਭਾਅ ਰਿਹਾ ਸੀ। ਉਹ ਇੱਥੇ ਸੈਕਟਰ 11 ਸਥਿਤ ‘ਸ਼੍ਰੀ ਕੁਮਾਰ ਮੈਡੀਕਲ ਹਾਲ’ ਵਿੱਚ ਬਤੌਰ ਕੈਸ਼ੀਅਰ ਕੰਮ ਕਰਦਾ ਸੀ।
ਦਿਨ-ਦਿਹੜੇ ਹੋਏ ਇਸ ਕਤਲਕਾਂਡ ਕਾਰਨ ਪੂਰੇ ਇਲਾਕੇ ਵਿੱਚ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖ਼ੂਨੀ ਵਾਰਦਾਤ ਦੁਪਹਿਰ ਕਰੀਬ 3 ਵਜੇ ਵਾਪਰੀ। ਐਕਟਿਵਾ ਸਕੂਟਰ ’ਤੇ ਸਵਾਰ ਹੋ ਕੇ ਆਏ ਅਣਪਛਾਤੇ ਹਮਲਾਵਰਾਂ ਨੇ ਮੈਡੀਕਲ ਸਟੋਰ ਦੇ ਬਾਹਰ ਖੜ੍ਹੇ ਜਾਨਕੀ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਚਸ਼ਮਦੀਦਾਂ ਦੇ ਹਵਾਲੇ ਤੋਂ ਸਾਹਮਣੇ ਆਇਆ ਹੈ ਕਿ ਬਦਮਾਸ਼ਾਂ ਨੇ ਕਰੀਬ 16 ਰਾਊਂਡ ਫਾਇਰ ਕੀਤੇ, ਜਿਸ ਕਾਰਨ ਜਾਨਕੀ ਨੂੰ ਕਈ ਗੋਲੀਆਂ ਲੱਗੀਆਂ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਬੜੀ ਆਸਾਨੀ ਨਾਲ ਮੌਕੇ ਤੋਂ ਫ਼ਰਾਰ ਹੋ ਗਏ। ਖ਼ੂਨ ਨਾਲ ਲਹੂ-ਲੁਹਾਨ ਹੋਏ ਜਾਨਕੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਵਿੱਚ ਅਫ਼ਰਾ-ਤਫ਼ਰੀ ਮਚ ਗਈ।
ਪੁਰਾਣੀ ਰੰਜਿਸ਼ ਦਾ ਖ਼ਦਸ਼ਾ; ਪੁਲੀਸ ਦੇ ਉੱਚ ਅਧਿਕਾਰੀ ਜਾਂਚ ਵਿੱਚ ਜੁਟੇ
ਕਤਲ ਦੀ ਇਸ ਸਨਸਨੀਖੇਜ਼ ਵਾਰਦਾਤ ਤੋਂ ਬਾਅਦ ਚੰਡੀਗੜ੍ਹ ਪੁਲੀਸ ਦੇ ਉੱਚ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ ’ਤੇ ਪਹੁੰਚ ਗਏ। ਜਾਂਚ ਦੀ ਕਮਾਨ ਸੰਭਾਲਦਿਆਂ ਡੀ.ਐੱਸ.ਪੀ. ਦਲਬੀਰ ਸਿੰਘ ਭਿੰਡਰ, ਸੈਕਟਰ 11 ਥਾਣੇ ਦੇ ਇੰਚਾਰਜ ਜਸਪਾਲ ਸਿੰਘ ਭੁੱਲਰ, ਏ.ਜੀ.ਟੀ.ਐੱਫ. (AGTF) ਥਾਣਾ ਇੰਚਾਰਜ ਹਰਿੰਦਰ ਸਿੰਘ ਸੇਖੋਂ ਅਤੇ ਇੰਸਪੈਕਟਰ ਸਤਿੰਦਰ ਸਿੰਘ ਸਮੇਤ ਕ੍ਰਾਈਮ ਬ੍ਰਾਂਚ ਅਤੇ ਡੀ.ਸੀ.ਸੀ. (DCC) ਦੀਆਂ ਟੀਮਾਂ ਨੇ ਘਟਨਾ ਸਥਾਨ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਪੁਲੀਸ ਨੇ ਮੌਕੇ ਤੋਂ ਕਈ ਅਹਿਮ ਸਬੂਤ ਅਤੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ।
ਪੁਲੀਸ ਸੂਤਰਾਂ ਮੁਤਾਬਕ ਮੁਢਲੀ ਜਾਂਚ ਵਿੱਚ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਜਾਪਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਾਨਕੀ ਦਾ ਹਿਮਾਚਲ ਪ੍ਰਦੇਸ਼ ਵਿੱਚ ਕਿਸੇ ਵਿਵਾਦ ਨੂੰ ਲੈ ਕੇ ਪਹਿਲਾਂ ਵੀ ਝਗੜਾ ਹੋਇਆ ਸੀ ਅਤੇ ਖ਼ਦਸ਼ਾ ਹੈ ਕਿ ਉਸੇ ਦੁਸ਼ਮਣੀ ਦੇ ਚਲਦਿਆਂ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਵੀ ਚਰਚਾ ਹੈ ਕਿ ਮ੍ਰਿਤਕ ਨੂੰ ਪਹਿਲਾਂ ਧਮਕੀਆਂ ਵੀ ਮਿਲੀਆਂ ਸਨ, ਹਾਲਾਂਕਿ ਪੁਲੀਸ ਨੇ ਅਜੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।
ਨਾਕੇ ਦੇ ਬਾਵਜੂਦ ਫ਼ਰਾਰ ਹੋਣ ’ਤੇ ਉੱਠੇ ਸਵਾਲ
ਘਟਨਾ ਸਥਾਨ ਤੋਂ ਕੁਝ ਹੀ ਦੂਰੀ 'ਤੇ ਪੁਲੀਸ ਨਾਕਾ ਮੌਜੂਦ ਹੋਣ ਦੇ ਬਾਵਜੂਦ ਹਮਲਾਵਰਾਂ ਦਾ ਸ਼ਰੇਆਮ ਫ਼ਰਾਰ ਹੋ ਜਾਣਾ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ। ਦੂਜੇ ਪਾਸੇ, ਪੁਲੀਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਲਾਕੇ ਦੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਬਦਮਾਸ਼ਾਂ ਦੀ ਭਾਲ ਲਈ ਵਿਸ਼ੇਸ਼ ਟੀਮਾਂ ਗਠਿਤ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਭਰੋਸਾ ਦਿੱਤਾ ਹੈ ਕਿ ਤਕਨੀਕੀ ਸਬੂਤਾਂ ਦੇ ਆਧਾਰ 'ਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦਾ ਪਰਦਾਫਾਸ਼ ਕੀਤਾ ਜਾਵੇਗਾ।
ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ: 2017 ਵਿੱਚ ਵੀ ਹੋਈ ਸੀ ਫਾਇਰਿੰਗ
ਦੱਸਿਆ ਜਾ ਰਿਹਾ ਹੈ ਕਿ ਉਕਤ ਮੈਡੀਕਲ ਸਟੋਰ ਦੇ ਮਾਲਕ ਨੂੰ ਪਹਿਲਾਂ ਵੀ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਤੋਂ ਪਹਿਲਾਂ ਸਾਲ 2017 ਵਿੱਚ ਵੀ ਦੋ ਨੌਜਵਾਨਾਂ ਨੇ 'ਕੁਮਾਰ ਬ੍ਰਦਰਜ਼ ਮੈਡੀਕੋਜ਼' ਦੇ ਬਾਹਰ ਹਵਾ ਵਿੱਚ ਗੋਲੀਆਂ ਚਲਾਈਆਂ ਸਨ, ਹਾਲਾਂਕਿ ਉਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਸੂਤਰਾਂ ਮੁਤਾਬਕ ਅੱਜ (ਸ਼ਨੀਵਾਰ) ਹੋਏ ਇਸ ਹਮਲੇ ਦੌਰਾਨ ਦੋ ਬਦਮਾਸ਼ ਐਕਟਿਵਾ ਸਕੂਟਰ 'ਤੇ ਸਵਾਰ ਹੋ ਕੇ ਆਏ ਸਨ ਅਤੇ ਉਨ੍ਹਾਂ ਨੇ ਉਸੇ ਪੁਰਾਣੀ ਰੰਜਿਸ਼ ਜਾਂ ਫਿਰੌਤੀ ਦੇ ਮਕਸਦ ਨਾਲ ਇਸ ਵਾਰਦਾਤ ਨੂੰ ਦੁਬਾਰਾ ਅੰਜਾਮ ਦਿੱਤਾ ਹੈ। ਫਿਲਹਾਲ ਚੰਡੀਗੜ੍ਹ ਪੁਲੀਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਚੁੱਕੇ ਹਨ ਅਤੇ ਆਸ-ਪਾਸ ਦੇ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦਾ ਸੁਰਾਗ ਲਗਾਇਆ ਜਾ ਸਕੇ।