ਝੱਖੜ ਤੇ ਮੀਂਹ ਦੀ ਮਾਰ: ਤਿੰਨ ਦਰਜਨ ਥਾਵਾਂ ’ਤੇ ਰਜਵਾਹੇ ਟੁੱਟੇ ਬਿਜਲੀ ਸਪਲਾਈ ਪ੍ਰਭਾਵਿਤ; ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਲੲੀ ਯੈਲੋ ਅਲਰਟ ਜਾਰੀ

ਝੱਖੜ ਤੇ ਮੀਂਹ ਦੀ ਮਾਰ: ਤਿੰਨ ਦਰਜਨ ਥਾਵਾਂ ’ਤੇ ਰਜਵਾਹੇ ਟੁੱਟੇ ਬਿਜਲੀ ਸਪਲਾਈ ਪ੍ਰਭਾਵਿਤ; ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਲੲੀ ਯੈਲੋ ਅਲਰਟ ਜਾਰੀ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ’ਚ ਬੀਤੇ ਦਿਨੀਂ ਆਏ ਝੱਖੜ ਅਤੇ ਤੇਜ਼ ਮੀਂਹ ਕਾਰਨ ਰਜਵਾਹਿਆਂ ਤੇ ਮਾਈਨਰਾਂ ’ਚ ਕਰੀਬ ਤਿੰਨ ਦਰਜਨ ਥਾਵਾਂ ’ਤੇ ਪਾੜ ਪੈ ਗਏ। ਕੋਈ ਵੱਡਾ ਫ਼ਸਲੀ ਨੁਕਸਾਨ ਬੇਸ਼ੱਕ ਨਹੀਂ ਹੋਇਆ ਪਰ ਇਸ ਨਾਲ ਝੋਨੇ ਦੀ ਪਨੀਰੀ, ਹਰਾ ਚਾਰਾ ਅਤੇ ਮੂੰਗੀ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਮੌਸਮ ਵਿਭਾਗ ਨੇ 13 ਅਤੇ 14 ਜੂਨ ਨੂੰ ਸੂਬੇ ’ਚ ਕਈ ਥਾਵਾਂ ’ਤੇ ਮੀਂਹ ਅਤੇ ਹਨੇਰੀ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਸ਼ਨਿੱਚਰਵਾਰ ਤੋਂ ਬੁੱਧਵਾਰ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਮੀਂਹ ਕਾਰਨ ਤਾਪਮਾਨ ’ਚ ਕਰੀਬ ਪੰਜ ਡਿਗਰੀ ਸੈਲਸੀਅਸ ਦੀ ਕਮੀ ਆਈ ਹੈ।

ਜਾਣਕਾਰੀ ਮੁਤਾਬਕ ਸੂਬੇ ’ਚ ਹਨੇਰੀ ਨੇ ਵੱਡਾ ਨੁਕਸਾਨ ਦਰੱਖਤਾਂ ਅਤੇ ਬਿਜਲੀ ਦੇ ਖੰਭਿਆਂ ਦਾ ਕੀਤਾ ਹੈ। ਅੰਮ੍ਰਿਤਸਰ-ਜਲੰਧਰ ਕੌਮੀ ਸੜਕ ਮਾਰਗ ’ਤੇ ਦਰਜਨਾਂ ਥਾਵਾਂ ਉਪਰ ਦਰੱਖਤ ਡਿੱਗੇ ਜੋ ਰਾਹਗੀਰਾਂ ਨੂੰ ਹਟਾਉਣੇ ਪਏ। ਕਈ ਖ਼ਿੱਤਿਆਂ ’ਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਰਹੀ। ਉਂਜ ਮੌਸਮ ਵਿਭਾਗ ਪੂਰਾ ਹਫ਼ਤਾ ਮੌਸਮ ਠੰਢਾ ਰਹਿਣ ਦੀ ਭਵਿੱਖਬਾਣੀ ਕਰ ਰਿਹਾ ਹੈ ਅਤੇ ਲੋਕਾਂ ਨੂੰ ਬਿਜਲੀ ਦੇ ਖੰਭਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ।

ਨਹਿਰੀ ਮਹਿਕਮੇ ਨੂੰ ਦਰੱਖਤਾਂ ਦੇ ਰਜਵਾਹਿਆਂ ’ਚ ਡਿੱਗਣ ਕਾਰਨ ਵੱਡਾ ਨੁਕਸਾਨ ਪਹੁੰਚਿਆ ਹੈ। ਜਲ ਸਰੋਤ ਵਿਭਾਗ ਅਨੁਸਾਰ ਕਰੀਬ 35 ਰਜਵਾਹਿਆਂ ਅਤੇ ਮਾਈਨਰਾਂ ’ਚ ਪਾੜ ਪਿਆ ਹੈ ਜਿਨ੍ਹਾਂ ’ਚੋਂ ਪੰਜਾਹ ਫ਼ੀਸਦੀ ਪਾੜ ਭਰ ਦਿੱਤੇ ਗਏ ਹਨ ਜਦੋਂ ਕਿ ਬਾਕੀ ਪਾੜ ਸ਼ਨਿੱਚਰਵਾਰ ਤੱਕ ਭਰਨ ਦੀ ਗੱਲ ਆਖੀ ਗਈ ਹੈ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਝੱਖੜ ਕਾਰਨ ਦਰੱਖਤ ਰਜਵਾਹਿਆਂ ’ਚ ਡਿੱਗ ਪਏ ਜਿਸ ਨਾਲ ਰਜਵਾਹੇ ਓਵਰ ਫਲੋਅ ਹੋ ਕੇ ਟੁੱਟ ਗਏ। ਜੈਤੋ ਰਜਵਾਹਾ ਪਿੰਡ ਰਾਮੇਆਣਾ ਕੋਲੋਂ ਟੁੱਟ ਗਿਆ ਹੈ ਜਿਸ ਨਾਲ ਕਰੀਬ 800 ਏਕੜ ਨੇੜਲੇ ਖੇਤਾਂ ’ਚ ਪਾਣੀ ਭਰ ਗਿਆ ਹੈ।

ਕੋਟਭਾਈ ਰਜਵਾਹੇ ’ਚ ਦੋ ਥਾਵਾਂ ’ਤੇ ਪਾੜ ਪੈਣ ਦੀ ਰਿਪੋਰਟ ਹੈ। ਬਹੁਤੇ ਥਾਵਾਂ ’ਤੇ ਝੋਨੇ ਦੀ ਪਨੀਰੀ ਪ੍ਰਭਾਵਿਤ ਹੋਈ ਹੈ। ਗੁਰਦਾਸਪੁਰ ਜ਼ਿਲ੍ਹੇ ’ਚ ਰਾਣੀਆ ਰਜਵਾਹੇ ’ਚ ਕਰੀਬ 25 ਫੁੱਟ ਪਾੜ ਪੈ ਗਿਆ ਹੈ ਅਤੇ ਨੇੜਲੇ ਖੇਤਾਂ ’ਚ ਪਾਣੀ ਫੈਲ ਗਿਆ। ਬੀਤੇ ਦਿਨੀਂ ਪੰਜਾਬ ਦੀਆਂ ਨਹਿਰਾਂ ’ਚ ਕਰੀਬ 33 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਸੀ। ਮੌਸਮ ਖ਼ਰਾਬ ਹੋਣ ਮਗਰੋਂ ਬਹੁਤੀਆਂ ਥਾਵਾਂ ’ਤੇ ਕਿਸਾਨਾਂ ਨੇ ਮੋਘੇ ਵੀ ਬੰਦ ਕਰ ਦਿੱਤੇ ਸਨ। ਫੂਲ ਰਜਵਾਹਾ, ਮੁਦਕੀ ਰਜਵਾਹਾ, ਅਬਲੂ ਤੇ ਕੋਟਲੀ ਮਾਈਨਰ, ਲਾਧੂਕਾ ਰਜਵਾਹੇ, ਭਾਨਾ ਮਾਈਨਰ ਅਤੇ ਪੰਡੋਰੀ ਰਜਵਾਹੇ ’ਚ ਪਾੜ ਪਿਆ ਹੈ। ਪਾਕਿਸਤਾਨ ਤਰਫ਼ੋਂ ਆਏ ਝੱਖੜ ਕਾਰਨ ਅੰਮ੍ਰਿਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ ਤੇ ਮਾਨਸਾ ’ਚ ਕਾਫ਼ੀ ਨੁਕਸਾਨ ਹੋਇਆ ਹੈ। ਕੋਟਲਾ ਰਜਵਾਹਾ, ਅਜਨਾਲਾ ਰਜਵਾਹਾ, ਗੁਲਪੁਰ ਮਾਈਨਰ, ਦੋਬੁਰਜੀ, ਨੂਰਪੁਰ ਮਾਈਨਰ, ਨਿਊ ਸ਼ਾਮਕੋਟ ਮਾਈਨਰ, ਖਾਰਾ ਮਾਈਨਰ ਆਦਿ ’ਚ ਵੀ ਪਾੜ ਪਿਆ ਹੈ। ਨਹਿਰੀ ਮਹਿਕਮੇ ਦੇ ਅਧਿਕਾਰੀ ਆਖਦੇ ਹਨ ਕਿ ਮੌਸਮ ਖ਼ਰਾਬ ਹੋਣ ਮਗਰੋਂ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਮੁਸਤੈਦ ਰਹੇ ਜਿਸ ਕਾਰਨ ਬਹੁਤੀਆਂ ਥਾਵਾਂ ’ਤੇ ਪਾੜ ਪੈਣ ਤੋਂ ਬਚਾਅ ਹੋ ਗਿਆ।

ਪਾਵਰਕੌਮ ਦੀਆਂ ਟੀਮਾਂ ਨੇ ਕਈ ਥਾਵਾਂ ’ਤੇ ਬਿਜਲੀ ਬਹਾਲ ਕਰ ਦਿੱਤੀ ਹੈ। ਜੰਗਲਾਤ ਵਿਭਾਗ ਵੀ ਹੁਣ ਝੱਖੜ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਖੇਤਾਂ ’ਚ ਪਾਣੀ ਭਰ ਗਿਆ ਹੈ, ਉੱਥੇ ਝੋਨੇ ਦੀ ਲੁਆਈ ਪ੍ਰਭਾਵਿਤ ਹੋ ਸਕਦੀ ਹੈ।