ਕੇਂਦਰੀ ਫੰਡ: ਭਾਜਪਾ ਵੱਲੋਂ 4.13 ਲੱਖ ਕਰੋੜ ਦਾ ਹਿਸਾਬ ਦੇ ਕੇ 'ਆਪ' ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਮਿਸ਼ਨ ਪੰਜਾਬ ਲਈ ਭਾਜਪਾ ਦਾ ਅਕਸ ਸੁਧਾਰਨ ਦੀ ਕੋਸ਼ਿਸ਼, ਰਾਜ ਨੂੰ 12 ਸਾਲਾਂ ’ਚ 4.13 ਲੱਖ ਕਰੋੜ ਦੇ ਫੰਡ ਦੇਣ ਦਾ ਦਾਅਵਾ

ਕੇਂਦਰੀ ਫੰਡ: ਭਾਜਪਾ ਵੱਲੋਂ 4.13 ਲੱਖ ਕਰੋੜ ਦਾ ਹਿਸਾਬ ਦੇ ਕੇ 'ਆਪ' ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਮਿਸ਼ਨ ਪੰਜਾਬ ਲਈ ਭਾਜਪਾ ਦਾ ਅਕਸ ਸੁਧਾਰਨ ਦੀ ਕੋਸ਼ਿਸ਼, ਰਾਜ ਨੂੰ 12 ਸਾਲਾਂ ’ਚ 4.13 ਲੱਖ ਕਰੋੜ ਦੇ ਫੰਡ ਦੇਣ ਦਾ ਦਾਅਵਾ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ਭਾਜਪਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 12 ਸਾਲਾਂ ਦੌਰਾਨ ਦਿੱਤੇ 4.13 ਲੱਖ ਕਰੋੜ ਦੀ ਰਾਸ਼ੀ ਅਤੇ ਕੇਂਦਰੀ ਪ੍ਰਾਜੈਕਟਾਂ ਦਾ ਪਹਿਲੀ ਵਾਰ ਖ਼ਾਕਾ ਨਸ਼ਰ ਕੀਤਾ। ‘ਆਪ’ ਸਰਕਾਰ ਚਾਰ ਵਰ੍ਹਿਆਂ ਤੋਂ ਲਗਾਤਾਰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਫੰਡ ਰੋਕਣ ਦੇ ਦਾਅਵੇ ਕਰ ਰਹੀ ਹੈ, ਜਿਸ ਦੇ ਜੁਆਬ ਵਜੋਂ ਅੱਜ ਭਾਜਪਾ ਨੇ ਪੰਜਾਬ ’ਚ ਹੋਏ ਕੇਂਦਰੀ ਕੰਮਾਂ ਅਤੇ ਜਾਰੀ ਵਿੱਤੀ ਸਹਾਇਤਾ ਦਾ ਵਿਸਥਾਰ ਪੇਸ਼ ਕੀਤਾ।

ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੋਦੀ ਸਰਕਾਰ ਦੇ 12 ਸਾਲ ਮੁਕੰਮਲ ਹੋਣ ’ਤੇ ਅੱਜ ਇੱਥੇ ਸਮਾਗਮ ਰੱਖੇ ਸਨ। ਪ੍ਰਧਾਨ ਨੇ 12 ਵਰ੍ਹਿਆਂ ਦੌਰਾਨ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਮਿਲੇ ਟੈਕਸਾਂ ਦੇ ਹਿੱਸੇ, ਗ੍ਰਾਂਟ-ਇਨ-ਏਡ, ਕੇਂਦਰੀ ਕਰਜ਼ੇ ਅਤੇ ਜੀ ਐੱਸ ਟੀ ਮੁਆਵਜ਼ੇ ਤੋਂ ਇਲਾਵਾ ਕੇਂਦਰੀ ਪ੍ਰਾਜੈਕਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਅੱਜ ਪੰਜਾਬੀਆਂ ਅੱਗੇ ਕੇਂਦਰੀ ਫੰਡਾਂ ਦਾ ਹਿਸਾਬ ਕਿਤਾਬ ਰੱਖ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕੇਂਦਰ ਨੇ ਪੰਜਾਬ ਨੂੰ ਖੁੱਲ੍ਹੇ ਦਿਲ ਨਾਲ ਫੰਡ ਦਿੱਤੇ ਹਨ।

ਪੰਜਾਬ ਦੇ ਲੋਕ ਇਨ੍ਹਾਂ ਕੇਂਦਰੀ ਫੰਡਾਂ ਦੇ ਤੱਥਾਂ ਵੱਲ ਵੇਖਣ, ਨਾ ਕਿ ਸਿਆਸੀ ਧਿਰਾਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਵੱਲ। ਪੰਜਾਬ ਲਈ ਕੀਤੇ ਕੰਮਾਂ ਬਾਰੇ ਵੀਡੀਓ ਫਿਲਮ ਵੀ ਦਿਖਾਈ ਗਈ। ਮੁੱਖ ਮੰਤਰੀ ਭਗਵੰਤ ਮਾਨ ਹਰ ਸਟੇਜ ਤੋਂ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਦਿਹਾਤੀ ਵਿਕਾਸ ਫੰਡ ਅਤੇ ਕੌਮੀ ਸਿਹਤ ਮਿਸ਼ਨ ਦੇ ਫੰਡ ਰੋਕਣ ਦੀ ਚਰਚਾ ਕਰਦੇ ਹਨ। ਕੇਂਦਰ ਦੀ ਨੀਅਤ ਨੂੰ ਪੰਜਾਬ ਦੇ ਵਿਕਾਸ ’ਚ ਅੜਿੱਕੇ ਵਾਲੀ ਐਲਾਨਦੇ ਹਨ।

ਪਤਾ ਲੱਗਿਆ ਹੈ ਕਿ ‘ਆਪ’ ਸਰਕਾਰ ਹੁਣ ਚਾਰ ਸਾਲਾਂ ਦੌਰਾਨ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਰੋਕੇ ਫੰਡਾਂ ਅਤੇ ਪ੍ਰਾਜੈਕਟਾਂ ਦਾ ਵੇਰਵਾ ਤਿਆਰ ਕਰ ਰਹੀ ਹੈ ਤਾਂ ਜੋ ਭਾਜਪਾ ਦੇ ਦਾਅਵੇ ਦਾ ਢੁਕਵਾਂ ਜੁਆਬ ਦਿੱਤਾ ਜਾ ਸਕੇ। ਪੰਜਾਬ ਕਾਂਗਰਸ ਵੀ ਵਿਕਾਸ ਫੰਡਾਂ ਅਤੇ ਪ੍ਰਾਜੈਕਟਾਂ ਬਾਰੇ ਜਿੱਥੇ ਕੇਂਦਰ ਨੂੰ ਨਿਸ਼ਾਨੇ ’ਤੇ ਲੈਂਦੀ ਰਹੀ ਹੈ।

ਭਾਜਪਾ ਨੇ ਪੱਛਮੀ ਬੰਗਾਲ ਮਗਰੋਂ ਪੰਜਾਬ ’ਚ ਆਪਣੀ ਸਿਆਸੀ ਸਰਗਰਮੀ ਨੂੰ ਤੇਜ਼ ਕਰ ਦਿੱਤਾ ਹੈ। ਭਾਜਪਾ ਹੁਣ ਪੰਜਾਬ ਦੇ ਲੋਕ ਮਨਾਂ ’ਚ ਭਗਵਾਂ ਪਾਰਟੀ ਪ੍ਰਤੀ ਖਟਾਸ ਨੂੰ ਦੂਰ ਕਰਨਾ ਚਾਹੁੰਦੀ ਹੈ। ਇਹ ਦਰਸਾਏ ਜਾਣ ਦੀ ਕੋਸ਼ਿਸ਼ ਹੈ ਕਿ ਭਾਜਪਾ ਲਈ ਪੰਜਾਬ ਆਪਣਾ ਹੈ ਅਤੇ ਸਿਆਸੀ ਪਾਰਟੀਆਂ ਦੇ ਪ੍ਰਚਾਰ ਨਾਲ ਨਜਿੱਠਣ ਦਾ ਵੀ ਇਹ ਢੰਗ ਹੈ। ਅੱਜ ਸਮਾਗਮ ਵਿੱਚ ਭਾਜਪਾ ਦੇ ਕੌਮੀ ਬੁਲਾਰੇ ਆਰ ਪੀ ਸਿੰਘ, ਪੰਜਾਬ ਭਾਜਪਾ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਮਨੋਰੰਜਨ ਕਾਲੀਆ ਅਤੇ ਅਨਿਲ ਸਾਰੀਨ, ਪੰਜਾਬ ਭਾਜਪਾ ਦੇ ਮੀਡੀਆ ਮੁਖੀ ਵਿਨੀਤ ਜੋਸ਼ੀ ਹਾਜ਼ਰ ਸਨ। ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਦੇ ਸਮਾਗਮ ’ਚ ਕਿਧਰੇ ਨਜ਼ਰ ਨਹੀਂ ਆਏ।

ਕੇਂਦਰ ਵੱਲੋਂ ਪੰਜਾਬ ਨੂੰ ਦਿੱਤੇ ਫੰਡ

ਟੈਕਸਾਂ ਦਾ ਹਿੱਸਾ : 1.84 ਲੱਖ ਕਰੋੜ

ਕੇਂਦਰੀ ਗਰਾਂਟਾਂ : 1.48 ਲੱਖ ਕਰੋੜ

ਜੀ ਐੱਸ ਟੀ ਮੁਆਵਜ਼ਾ : 39,997 ਕਰੋੜ

ਕੇਂਦਰੀ ਕਰਜ਼ੇ ਅਤੇ ਅਗਾਊਂ ਰਾਸ਼ੀ : 40,767 ਕਰੋੜ

ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ਲਈ : 43,527 ਕਰੋੜ

ਰੇਲਵੇ ਨਿਵੇਸ਼ ਲਈ : 34,488 ਕਰੋੜ

ਪ੍ਰਧਾਨ ਮੰਤਰੀ ਕਿਸਾਨ ਯੋਜਨਾ : 6,552 ਕਰੋੜ

ਜਲ ਜੀਵਨ ਮਿਸ਼ਨ : 5,773 ਕਰੋੜ

ਨੈਸ਼ਨਲ ਹੈਲਥ ਮਿਸ਼ਨ : 5,295 ਕਰੋੜ