ਅਮਰੀਕਾ ਤੇ ਇਰਾਨ ਵਿਚਾਲੇ ਟਕਰਾਅ ਵਧਿਆ
ਇਰਾਨ ਵੱਲੋਂ ਹਰਮੁਜ਼ ਜਲ ਮਾਰਗ ਨੇੜੇ ਅਮਰੀਕੀ ਅਪਾਚੇ ਹੈਲੀਕਾਪਟਰ ਡੇਗਣ ਮਗਰੋਂ ਦੋਵੇਂ ਮੁਲਕਾਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਅਮਰੀਕਾ ਨੇ ਬੁੱਧਵਾਰ ਤੜਕੇ ਇਰਾਨੀ ਹਵਾਈ ਰੱਖਿਆ ਅਤੇ ਰਡਾਰ ਸਾਈਟਾਂ ’ਤੇ ਜ਼ੋਰਦਾਰ ਹਵਾਈ ਹਮਲੇ ਕੀਤੇ। ਇਸ ਦੇ ਜਵਾਬ ’ਚ ਇਰਾਨ ਨੇ ਬਹਿਰੀਨ, ਕੁਵੈਤ ਅਤੇ ਜਾਰਡਨ ਵਿੱਚ ਅਮਰੀਕੀ ਫ਼ੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲੇ ਕੀਤੇ। ਜਾਰਡਨ ਨੇ ਮੁਵਾਫ਼ੱਕ ਸਾਲਤੀ ਏਅਰ ਬੇਸ ਵੱਲ ਆ ਰਹੀਆਂ ਪੰਜ ਇਰਾਨੀ ਮਿਜ਼ਾਈਲਾਂ ਨੂੰ ਹਵਾ ’ਚ ਹੀ ਫੁੰਡਣ ਦਾ ਦਾਅਵਾ ਕੀਤਾ ਹੈ। ਇਥੇ ਅਮਰੀਕੀ ਐੱਫ-15 ਲੜਾਕੂ ਜੈੱਟ ਅਤੇ ਹੋਰ ਜਹਾਜ਼ ਤਾਇਨਾਤ ਹਨ। ਤਾਜ਼ਾ ਹਮਲਿਆਂ ਕਾਰਨ ਜੰਗ ਖ਼ਤਮ ਕਰਨ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਨੂੰ ਝਟਕਾ ਲੱਗਾ ਹੈ।
ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਦੇ ਫ਼ੌਜੀਆਂ ਅਤੇ ਵਪਾਰਕ ਜਹਾਜ਼ਾਂ ’ਤੇ ਹੋਏ ਹਮਲਿਆਂ ਦਾ ਜਵਾਬ ਸੀ। ਦੂਜੇ ਪਾਸੇ ਇਰਾਨ ਨੇ ਬੰਦਰ ਅੱਬਾਸ ਅਤੇ ਕੇਸ਼ਮ ਟਾਪੂ ਦੇ ਆਲੇ-ਦੁਆਲੇ ਹਮਲੇ ਹੋਣ ਦਾ ਦਾਅਵਾ ਕੀਤਾ ਹੈ ਪਰ ਨੁਕਸਾਨ ਬਾਰੇ ਕੋਈ ਵੇਰਵੇ ਨਹੀਂ ਦਿੱਤੇ। ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਵਿਦੇਸ਼ੀ ਫ਼ੌਜਾਂ ਨੂੰ ਖ਼ਿੱਤਾ ਛੱਡਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਵੀ ਹਮਲੇ ਦਾ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਉਧਰ ਅਦਨ ਦੀ ਖਾੜੀ ’ਚ ਯਮਨ ਦੇ ਕੰਢੇ ’ਤੇ ਇਕ ਮਾਲਵਾਹਕ ਜਹਾਜ਼ ਦੇ ਗਾਰਡਾਂ ਨੇ ਛੋਟੀ ਕਿਸ਼ਤੀ ’ਚ ਆਏ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਮਲੇ ਨੂੰ ਨਾਕਾਮ ਬਣਾ ਦਿੱਤਾ। ਕਿਸੇ ਵੀ ਗੁੱਟ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਉਂਜ ਹੂਤੀ ਬਾਗ਼ੀਆਂ ਨੇ ਕਿਹਾ ਸੀ ਕਿ ਉਹ ਲਾਲ ਸਾਗਰ ’ਚੋਂ ਗੁਜ਼ਰਨ ਵਾਲੇ ਇਜ਼ਰਾਈਲ ਨਾਲ ਸਬੰਧਤ ਬੇੜਿਆਂ ’ਤੇ ਹਮਲੇ ਕਰਨਗੇ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ‘ਐਕਸ’ ’ਤੇ ਪੋਸਟ ਸਾਂਝੀ ਕਰ ਕੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਰਾਨ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋ ਸਕਦਾ ਹੈ। ਉਨ੍ਹਾਂ ਅਤੀਤ ’ਚ ਇਰਾਨ ’ਤੇ ਹਮਲੇ ਕਰਨ ਦੇ ਇਜ਼ਰਾਈਲ ਦੇ ਫ਼ੈਸਲਿਆਂ ਦਾ ਬਚਾਅ ਵੀ ਕੀਤਾ।
.jpg)
.jpg)

.jpg)
.jpg)
















































.jpg)






.jpg)


.jpg)






































.jpg)

