ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰਾਲੇ ਨੂੰ ਅੱਗ ਲੱਗੀ

ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰਾਲੇ ਨੂੰ ਅੱਗ ਲੱਗੀ

ਚੇਤਨਪੁਰਾ,(ਪੰਜਾਬੀ ਰਾਈਟਰ)- ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਭਿੱਟੇਵੱਡ ਵਿੱਚ ਬਿਜਲੀ ਮਹਿਕਮੇ ਦੀ ਅਣਗਿਹਲੀ ਕਾਰਨ ਅੱਜ ਉਦੋਂ ਵੱਡਾ ਹਾਦਸਾ ਵਾਪਰਿਆ ਜਦੋਂ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਰਕੇ ਪਰਾਲੀ ਦੀਆਂ ਗੱਠਾਂ ਲੈ ਕੇ ਜਾ ਰਹੇ ਟਰੈਕਟਰ ਟਰਾਲੇ ਨੂੰ ਅੱਗ ਲੱਗ ਗਈ। ਇਸ ਨਾਲ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਸਰਬਜੀਤ ਸਿੰਘ ਭਿੱਟੇਵੱਡ ਪੁੱਤਰ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਬੇਲਰਾਂ ਰਾਹੀਂ ਪਰਾਲੀ ਦੀਆਂ ਗੱਠਾਂ ਬਣਾ ਕੇ ਪਠਾਨਕੋਟ ਟਰਾਂਸਪੋਰਟ ਕਰ ਰਹੇ ਹਨ। ਅੱਜ ਜਦੋਂ ਭਿੱਟੇਵੱਡ ਨਹਿਰ ਨਜ਼ਦੀਕ ਗੱਠਾਂ ਨਾਲ ਭਰਿਆ ਟਰੈਕਟਰ ਟਰਾਲਾ ਜਾ ਰਿਹਾ ਸੀ ਤਾਂ ਤਾਰਾਂ ਨੀਵੀਆਂ ਹੋਣ ਕਰਕੇ ਉਸ ਵਿੱਚੋਂ ਨਿਕਲੀ ਚੰਗਿਆੜੀ ਕਾਰਨ ਪਰਾਲੀ ਵਾਲੀਆਂ ਗੱਠਾਂ ਨੂੰ ਅੱਗ ਲੱਗ ਗਈ। ਡਰਾਈਵਰ ਨੇ ਟਰੈਕਟਰ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪਿੰਡ ਵਾਸੀਆਂ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਵੀ ਅੱਗ ’ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਭਿਆਨਕ ਸੀ ਕਿ ਪਰਾਲੀ ਦੀਆਂ ਲੱਦੀਆਂ ਗੱਠਾਂ ਤੇ ਟਰਾਲਾ ਸੜ ਕੇ ਸੁਆਹ ਹੋ ਗਿਆ। ਸਰਬਜੀਤ ਸਿੰਘ ਨੇ ਦੱਸਿਆ ਕਿ ਭਿੱਟੇਵੱਡ ਵਿੱਚ ਨੀਵੀਆਂ ਤਾਰਾਂ ਹੋਣ ਕਾਰਨ ਉਨ੍ਹਾਂ ਇਕ ਸਾਲ ਪਹਿਲਾਂ ਬਿਜਲੀ ਮਹਿਕਮੇ ਅਤੇ ਡੀ ਸੀ ਦੇ ਵੀ ਧਿਆਨ ਵਿਚ ਲਿਆ ਚੁੱਕੇ ਸਨ ਪਰ ਬਿਜਲੀ ਮਹਿਕਮੇ ਨੇ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਪੰਜ ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਥਾਣਾ ਰਾਜਾਸਾਂਸੀ ਦੇ ਏ ਐੱਸ ਆਈ ਜਸਬੀਰ ਸਿੰਘ ਨੇ ਕਿਹਾ ਕਿ ਪਰਿਵਾਰ ਦੇ ਬਿਆਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।