Punjab MC Elections Result: ਨਗਰ ਨਿਗਮ ਅਤੇ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ; ‘ਆਪ’ ਅੱਗੇ, ਅਕਾਲੀਦਲ ਦੂਜੇ ਨੰਬਰ ’ਤੇ

Punjab MC Elections Result: ਨਗਰ ਨਿਗਮ ਅਤੇ ਕੌਂਸਲ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ; ‘ਆਪ’ ਅੱਗੇ, ਅਕਾਲੀਦਲ ਦੂਜੇ ਨੰਬਰ ’ਤੇ

Punjab MC Elections Result: (ਪੰਜਾਬੀ ਰਾਈਟਰ)- ਪੰਜਾਬ ਵਿੱਚ ਨਗਰ ਨਿਗਮ ਤੇ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ 7,554 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਸ਼ਹਿਰੀ ਵੋਟਰਾਂ ਦਾ ਰਾਜਸੀ ਰੌਂਅ ਸਾਹਮਣੇ ਆਵੇਗਾ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਪਿੜ ’ਚ ਕੁੱਦੇ ਉਮੀਦਵਾਰਾਂ ਦੀਆਂ ਧੜਕਣਾਂ ਤੇਜ਼ ਹਨ। ਸਾਰੀਆਂ ਸਿਆਸੀ ਧਿਰਾਂ ਨੇ ਆਪੋ ਆਪਣੇ ਗਿਣਤੀ ਏਜੰਟ ਲਾਏ ਹਨ।

ਸਿਆਸੀ ਪਾਰਟੀ    ਸੀਟਾਂ ਦੀ ਗਿਣਤੀ
ਆਮ ਆਦਮੀ ਪਾਰਟੀ (ਆਪ)    87
ਸ਼੍ਰੋਮਣੀ ਅਕਾਲੀ ਦਲ    21
ਕਾਂਗਰਸ    13
ਆਜ਼ਾਦ    21
ਭਾਰਤੀ ਜਨਤਾ ਪਾਰਟੀ (ਭਾਜਪਾ)    1

ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ’ਚ ਕੁੱਲ 115 ਗਿਣਤੀ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਦੇ ਬਾਹਰ ਬਹੁਪਰਤੀ ਸੁਰੱਖਿਆ ਲਾਈ ਹੋਈਹੈ। ਚੋਣ ਪ੍ਰਕਿਰਿਆ ਦੌਰਾਨ ਕਰੀਬ 80 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਗਏ ਹਨ। ਸੂਬੇ ’ਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ।

ਵੇਰਵਿਆਂ ਅਨੁਸਾਰ ਅੱਠ ਨਗਰ ਨਿਗਮਾਂ ਲਈ 1,613 ਉਮੀਦਵਾਰਾਂ, 75 ਨਗਰ ਕੌਂਸਲਾਂ ਲਈ 5,141 ਅਤੇ 19 ਨਗਰ ਪੰਚਾਇਤਾਂ ਲਈ ਖੜ੍ਹੇ 800 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫ਼ੈਸਲਾ ਹੋਵੇਗਾ। ਪੰਜਾਬ ਭਰ ’ਚ ਅੱਜ 1,897 ਵਾਰਡਾਂ ਨੂੰ ਨਵੇਂ ਕੌਂਸਲਰ ਮਿਲਣਗੇ।

‘ਆਪ’ ਕਾਰਜਕਾਲ ਦੌਰਾਨ ਇਸ ਤੋਂ ਪਹਿਲਾਂ ਪੰਜ ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਵੋਟਾਂ ਦਸੰਬਰ 2024 ’ਚ ਵੀ ਪਈਆਂ ਸਨ।

ਐਤਕੀਂ ਸ਼ਹਿਰੀ ਸੰਸਥਾਵਾਂ ਲਈ ਕੁੱਲ 22,38,241 ਵੋਟਰਾਂ ਨੇ 26 ਮਈ ਨੂੰ ਆਪਣੇ ਸਿਆਸੀ ਹੱਕ ਦਾ ਇਸਤੇਮਾਲ ਕੀਤਾ ਸੀ ਜਿਨ੍ਹਾਂ ਦੀ ਪੋਲਿੰਗ ਦਰ ਕਰੀਬ 64 ਫ਼ੀਸਦੀ ਬਣਦੀ ਹੈ। ਬਰਨਾਲਾ ਨਗਰ ਨਿਗਮ ਦੀ ਇਹ ਪਹਿਲੀ ਚੋਣ ਹੈ ਅਤੇ ਬਰਨਾਲਾ ਦੇ 50 ਵਾਰਡਾਂ ਨੂੰ ਪਹਿਲੀ ਵਾਰ ਨਿਗਮ ਦੇ ਕੌਂਸਲਰ ਮਿਲਣਗੇ।

ਗੋਨਿਆਣਾ ਤੇ ਕੋਟਫੱਤਾ ਚੋਣ ਨਤੀਜੇ: ਵਾਰਡਾਂ ਦੇ ਜੇਤੂ ਉਮੀਦਵਾਰਾਂ ਦੀ ਸੂਚੀ

ਗੋਨਿਆਣਾ: ਵਾਰਡ ਨੰਬਰ 1: ਗੁਰਮੀਤ ਕੌਰ (ਆਜ਼ਾਦ) 214 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਵਾਰਡ ਨੰਬਰ 2: ਕਸ਼ਮੀਰੀ ਲਾਲ (ਆਮ ਆਦਮੀ ਪਾਰਟੀ) ਨੇ 181 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਵਾਰਡ ਨੰਬਰ 3: ਮੰਜੂ ਜੈਨ (ਆਜ਼ਾਦ) 373 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਕੋਟਫੱਤਾ: ਵਾਰਡ ਨੰਬਰ 3: ਸੁਖਦੀਪ ਕੌਰ (ਆਜ਼ਾਦ) 288 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ।

ਕਾਂਗਰਸੀ ਵਿਧਾਇਕ ਕਾਲਾ ਢਿੱਲੋਂ ਵੱਲੋਂ ‘ਆਪ’ ’ਤੇ ਧੱਕੇਸ਼ਾਹੀ ਦਾ ਦੋਸ਼

ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਨਗਰ ਨਿਗਮ ਚੋਣਾਂ ਵਿੱਚ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਹਨ। ਬਰਨਾਲਾ ਦੇ ਐਸਡੀ ਕਾਲਜ ਵਿੱਚ ਵੋਟਾਂ ਦੀ ਕਾਊਂਟਿੰਗ ਸੈਂਟਰ ਉੱਪਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕਾਲਾ ਢਿੱਲੋਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੀ ਇੱਕ ਖ਼ਾਸ ਵਿਸ਼ੇਸ਼ਤਾ ਰਹੀ ਹੈ ਕਿ ਇੱਥੇ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਆਗੂ ਜਾਂ ਵਰਕਰ ਹੋਵੇ, ਸਾਰਿਆਂ ਵਿੱਚ ਆਪਸੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਰਹੀ ਹੈ। ਪਰ ਪੁਲੀਸ ਅਧਿਕਾਰੀਆਂ ਦੀ ਵਰਤੋਂ ਕਰਕੇ ਅਜਿਹੀ ਗੁੰਡਾਗਰਦੀ ਅਤੇ ਬਦਮਾਸ਼ੀ ਕਰਵਾਉਣੀ ਅਤੇ ਪੁਲਿਸ ਨੂੰ ਗੁੰਡੇ ਬਣਾ ਦੇਣਾ, ਇਹ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਹੈ। ਉਹਨਾਂ ਕਿਹਾ ਕਿ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਵਾਰਡਬੰਦੀ ਤੋਂ ਲੈ ਕੇ ਅੱਜ ਤੱਕ ਲੋਕਾਂ ਦੇ ਮਨਾਂ ਵਿੱਚ ਇਹੀ ਡਰ ਬਣਿਆ ਹੋਇਆ ਹੈ ਸੱਤਾਧਾਰੀ ਉੱਥੇ ਧੱਕੇਸ਼ਾਹੀ ਕਰਨਗੇ। ਕਿਉਂਕਿ ਇਹ ਚੋਣਾਂ ਬਹੁਤ ਛੋਟੀਆਂ ਹਨ, ਜਿੱਥੇ ਇੱਕ ਵਾਰਡ ਵਿੱਚ ਲਗਪਗ 1500 ਤੋਂ 1800 ਵੋਟਾਂ ਹਨ ਅਤੇ ਉਨ੍ਹਾਂ ਵਿੱਚੋਂ ਵੀ ਸਿਰਫ਼ 1000-1200 ਵੋਟਾਂ ਹੀ ਪੋਲ ਹੋਈਆਂ ਹਨ। ਇੱਥੇ ਹਾਰ-ਜਿੱਤ ਦਾ ਫ਼ਰਕ ਬਹੁਤ ਘੱਟ ਯਾਨੀ ਮਹਿਜ਼ 10-20 ਵੋਟਾਂ ਦਾ ਹੋਣਾ ਹੈ। ਇਸ ਲਈ ਵਿਰੋਧੀ ਉਮੀਦਵਾਰਾਂ ਦੀਆਂ ਵੋਟਾਂ ਕੈਂਸਲ ਕਰਨ ਜਾਂ ਕਿਸੇ ਹੋਰ ਤਰੀਕੇ ਨਾਲ ਧੱਕੇਸ਼ਾਹੀ ਕੀਤੇ ਜਾਣ ਦਾ ਖ਼ਦਸ਼ਾ ਅੱਜ ਵੀ ਬਣਿਆ ਹੋਇਆ ਹੈ। ਇੱਥੋਂ ਤੱਕ ਕਿ ਵਾਰਡ ਨੰਬਰ 38 ਤੋਂ ਭਾਜਪਾ ਦੇ ਇੱਕ ਨੌਜਵਾਨ ਉਮੀਦਵਾਰ ਦੀ ਮਾਤਾ, ਉਸ ਦੀ ਭੈਣ ਅਤੇ ਜੀਜੇ ਨੂੰ ਪੁਲੀਸ ਬੇਇੱਜ਼ਤ ਕਰਕੇ ਥਾਣੇ ਚੁੱਕ ਕੇ ਲੈ ਗਈ। ਜਦੋਂ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ (ਜੋ ਉਮੀਦਵਾਰ ਦਾ ਪਿਤਾ ਹੈ) ਆਪਣੇ ਬੱਚਿਆਂ ਦੀ ਖ਼ਾਤਰ ਥਾਣੇ ਗਿਆ, ਤਾਂ ਉੱਥੇ ਉਨ੍ਹਾਂ ਨਾਲ ਵੀ ਬਦਸਲੂਕੀ ਕੀਤੀ ਗਈ। ਲੋਕ ਇਨ੍ਹਾਂ ਕਰਤੂਤਾਂ ਦਾ ਸਬਕ ਜ਼ਰੂਰ ਸਿਖਾਉਣਗੇ। ਕਾਲਾ ਢਿੱਲੋਂ ਨੇ ਕਿਹਾ ਕਿ ਇਸ ਪੂਰੀ ਚੋਣ ਪ੍ਰਕਿਰਿਆ ਵਿੱਚ ਪੁਲੀਸ ਅਤੇ ਇੱਥੋਂ ਦੇ ਸੱਤਾਧਾਰੀ ਲੋਕਾਂ—ਜੋ ਰਾਜਨੀਤੀ ਵਿੱਚ 'ਬਦਲਾਅ' ਦੀ ਗੱਲ ਕਰਕੇ ਸੱਤਾ ਵਿੱਚ ਆਏ ਸਨ ਅਤੇ ਜਿਨ੍ਹਾਂ ਤੋਂ ਲੋਕਾਂ ਨੂੰ ਇੱਕ ਨਵੀਂ ਆਸ ਤੇ ਉਮੀਦ ਸੀ—ਨੇ ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਹੈ ਅਤੇ ਇੱਥੋਂ ਦੇ ਨਿਵਾਸੀਆਂ ਨੂੰ ਬੇਇੱਜ਼ਤ ਕੀਤਾ ਹੈ। ਇਹ ਸਿਰਫ਼ ਕਿਸੇ ਇੱਕ ਉਮੀਦਵਾਰ ਦੇ ਪਿਤਾ ਦੀ ਗੱਲ ਨਹੀਂ ਹੈ, ਜੇਕਰ ਕਿਸੇ 70 ਸਾਲ ਦੇ ਬਜ਼ੁਰਗ ਬਾਪ ਨੂੰ ਥਾਣੇ ਵਿੱਚ ਬੇਇੱਜ਼ਤ ਕੀਤਾ ਗਿਆ ਹੈ, ਤਾਂ ਉਹ ਸਾਡੇ ਸਾਰਿਆਂ ਦੇ ਬਾਪ ਦੀ ਬੇਇੱਜ਼ਤੀ ਹੈ। ਅਸੀਂ ਇਸ ਗੁੰਡਾਗਰਦੀ ਅਤੇ ਗੈਂਗਸਟਰਵਾਦ ਦੇ ਖ਼ਿਲਾਫ਼ ਆਉਣ ਵਾਲੇ ਸਮੇਂ ਵਿੱਚ ਆਰ-ਪਾਰ ਦੀ ਲੜਾਈ ਲੜਾਂਗੇ। 

ਬਨੂੜ ਨਗਰ ਕੌਂਸਲ ਦੇ 13 ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਆਰੰਭ

ਨਗਰ ਕੌਂਸਲ ਬਨੂੜ ਦੇ 13 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਅੱਜ ਸਵੇਰੇ 8 ਵਜੇ ਮਾਰਕੀਟ ਕਮੇਟੀ ਬਨੂੜ ਦੇ ਦਫ਼ਤਰ ਵਿਖੇ ਆਰੰਭ ਹੋ ਗਿਆ ਹੈ। ਚਾਰ ਚਾਰ ਵਾਰਡਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਗਿਣਤੀ ਕੇਂਦਰ ਵਿੱਚ ਉਮੀਦਵਾਰ ਅਤੇ ਉਨਾਂ ਦੇ ਗਿਣਤੀ ਏਜੰਟ ਮੌਜੂਦ ਹਨ। ਡੀਐੱਸਪੀ ਸੁਖਦੇਵ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਐੱਸਡੀਐੱਮ ਬਨੂੜ ਡਾਕਟਰ ਅੰਕਿਤਾ ਕਾਂਸਲ ਸਮੁੱਚੀ ਗਿਣਤੀ ਦੀ ਖੁਦ ਨਿਗਰਾਨੀ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਗਿਣਤੀ ਕੇਂਦਰ ਦੇ ਬਾਹਰ ਇਕੱਠੇ ਹੋਏ ਉਮੀਦਵਾਰਾਂ ਦੇ ਸਮਰਥਕਾਂ ਨੂੰ ਸਮੁੱਚਾ ਅਮਲ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਦੀ ਅਪੀਲ ਵੀ ਕੀਤੀ ਗਈ ਹੈ। 

ਮੁਹਾਲੀ ਨਗਰ ਨਿਗਮ ਦੇ ਪੰਜਾਹ ਵਾਰਡਾਂ ਲਈ ਗਿਣਤੀ ਦੋ ਕੇਂਦਰਾਂ ’ਤੇ ਸ਼ੁਰੂ

ਨਗਰ ਨਿਗਮ ਮੁਹਾਲੀ ਦੇ ਪੰਜਾਹ ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ 8 ਵਜੇ ਆਰੰਭ ਹੋ ਗਈ ਹੈ। ਵਾਰਡ ਨੰਬਰ ਇਕ ਤੋਂ ਲੈ ਕੇ ਵਾਰਡ ਨੰਬਰ 25 ਤੱਕ ਵੋਟਾਂ ਦੀ ਗਿਣਤੀ ਮੁਹਾਲੀ ਦੇ ਫੇਜ਼ ਸੱਤ ਦੇ ਕਮਿਊਨਿਟੀ ਸੈਂਟਰ ਵਿਖੇ ਹੋ ਰਹੀ ਹੈ। ਵਾਰਡ ਨੰਬਰ 26 ਤੋਂ ਲੈ ਕੇ ਵਾਰਡ ਨੰਬਰ 50 ਤੱਕ ਦੀਆਂ ਵੋਟਾਂ ਦੀ ਗਿਣਤੀ ਕਮਿਊਨਿਟੀ ਸੈਂਟਰ ਸੈਕਟਰ 69 ਵਿਖੇ ਹੋ ਰਹੀ ਹੈ। ਪੁਲੀਸ ਵੱਲੋਂ ਦੋਵੇਂ ਥਾਵਾਂ ਉੱਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਮੀਦਵਾਰਾਂ ਦੇ ਗਿਣਤੀ ਏਜੰਟ ਗਿਣਤੀ ਕੇਂਦਰਾਂ ਦੇ ਅੰਦਰ ਮੌਜੂਦ ਹਨ ਅਤੇ ਉਮੀਦਵਾਰਾਂ ਦੇ ਸਮਰਥਕ ਗਿਣਤੀ ਕੇਂਦਰਾਂ ਦੇ ਬਾਹਰ ਇਕੱਤਰ ਹੋਣੇ ਆਰੰਭ ਹੋ ਗਏ ਹਨ। 

Punjab MC Elections Result: ਅਮਰਗੜ੍ਹ ਨਗਰ ਪੰਚਾਇਤ ਦੀਆਂ ਵੋਟਾਂ ਗਿਣਤੀ ਸ਼ੁਰੂ; ਉਮੀਦਵਾਰਾਂ ਦੀਆਂ ਧੜਕਣਾਂ ਤੇਜ਼

ਨਗਰ ਪੰਚਾਇਤ ਅਮਰਗੜ੍ਹ ਦੇ 11 ਵਾਰਡਾਂ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਕਾਲਜ ਅਮਰਗੜ੍ਹ ਵਿਖੇ ਸਹੀ 8 ਵਜੇ ਸ਼ੁਰੂ ਹੋ ਚੁੱਕੀ ਹੈ। ਜਾਣਕਾਰੀ ਦਿੰਦਿਆਂ ਗਿਣਤੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਰਿਟਰਨਿੰਗ ਅਫਸਰ-ਕਮ-ਐੱਸ ਡੀ ਐੱਮ ਹਰਬੰਸ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਵਿਰਾਜ ਐੱਸ ਤਿੜਕੇ ਦੀ ਅਗਵਾਈ 'ਚ ਗਿਣਤੀ ਪ੍ਰਕਿਰਿਆ ਪੂਰੀ ਪਾਰਦਰਸ਼ੀ ਤੇ ਸ਼ਾਂਤੀਪੂਰਨ ਢੰਗ ਨਾਲ ਕੀਤੀ ਜਾ ਰਹੀ ਹੈ। ਇਸ ਦੌਰਾਨ 11 ਟੇਬਲ ਲਗਾਏ ਗਏ ਹਨ ਅਤੇ ਉਮੀਦਵਾਰਾਂ ਦੇ ਏਜੰਟਾਂ ਦੀ ਹਾਜਰੀ 'ਚ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਜਿਉਂ ਜਿਉਂ ਸਮਾਂ ਬੀਤ ਰਿਹਾ ਹੈ,ਬਾਹਰ ਖੜੇ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਧੜਕਣਾ ਤੇਜ਼ ਹੋ ਰਹੀਆਂ ਹਨ। 

Punjab MC Elections Result: ਨਗਰ ਨਿਗਮ ਬਰਨਾਲਾ ਲਈ ਵੋਟਾਂ ਦੀ ਗਿਣਤੀ ਸ਼ੁਰੂ

ਨਗਰ ਨਿਗਮ ਬਰਨਾਲਾ ਲਈ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਗਈ ਹੈ। ਬਰਨਾਲਾ ਦੇ 50 ਵਾਰਡਾਂ ਦੀ ਕੁੱਲ 84858 ਵੋਟਾਂ ਵਿੱਚੋਂ 53890 ਵੋਟਾਂ ਪੋਲ ਹੋਈਆਂ ਹਨ। ਸ਼ਹਿਰ ਦੇ ਪੰਜਾਬ ਵਾਰਡਾਂ ਵਿੱਚੋਂ 48 ਵਾਰਡਾਂ ਉੱਪਰ ਇਹ ਚੋਣ ਹੋਈ ਹੈ ਜਦ ਕਿ ਦੋ ਵਾਰਡਾਂ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਵਿਰੋਧ ਤੋਂ ਚੁਣੇ ਗਏ ਹਨ। ਵੋਟਾਂ ਦੀ ਗਿਣਤੀ ਗਿਣਤੀ ਕੇਂਦਰ ਸਥਾਨਕ ਐਸਡੀ ਕਾਲਜ ਬਰਨਾਲਾ ਵਿਖੇ ਹੋ ਰਹੀ ਹੈ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਹੈ। ਬਰਨਾਲਾ ਨਗਰ ਨਿਗਮ ਵਿੱਚ ਕੁੱਲ 50 ਵਾਰਡ ਹਨ। ਜਿਨ੍ਹਾਂ ਵਿੱਚੋਂ 177 ਉਮੀਦਵਾਰ ਚੋਣ ਲੜ ਰਹੇ ਹਨ, ਵੋਟਿੰਗ ਲਈ 98 ਪੋਲਿੰਗ ਬੂਥ ਬਣਾਏ ਗਏ ਹਨ। ਨਗਰ ਨਿਗਮ ਬਰਨਾਲਾ ਲਈ ਆਮ ਆਦਮੀ ਪਾਰਟੀ ਦੇ 48, ਬੀਜੇਪੀ (ਭਾਜਪਾ) ਦੇ 27, ਬਸਪਾ ਦੇ 2, ਇੰਡੀਅਨ ਨੈਸ਼ਨਲ ਕਾਂਗਰਸ ਦੇ 39, ਸ਼ਿਰੋਮਣੀ ਅਕਾਲੀ ਦਲ ਦੇ 27 ਅਤੇ 34 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਜਦੋਂ ਕਿ ਦੋ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ (ਬਿਨਾਂ ਚੋਣ ਲੜੇ) ਜਿੱਤ ਗਏ। ਨਗਰ ਕੌਂਸਲ ਤਪਾ ਦੇ ਕੁੱਲ 15 ਵਾਰਡ ਹਨ। ਜਿਨ੍ਹਾਂ ਵਿੱਚ ਕੁੱਲ 59 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਗਰ ਕੌਂਸਲ ਤਪਾ ਲਈ ਆਮ ਆਦਮੀ ਪਾਰਟੀ ਦੇ 14, ਬੀਜੇਪੀ ਦੇ 3, ਇੰਡੀਅਨ ਨੈਸ਼ਨਲ ਕਾਂਗਰਸ ਦੇ 5, ਸ਼ਿਰੋਮਣੀ ਅਕਾਲੀ ਦਲ ਦੇ 5 ਅਤੇ 32 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਗਰ ਕੌਂਸਲ ਭਦੌੜ ਵਿੱਚ ਕੁੱਲ 13 ਵਾਰਡਾਂ ਲਈ ਕੁੱਲ 55 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਗਰ ਕੌਂਸਲ ਭਦੌੜ ਲਈ ਆਮ ਆਦਮੀ ਪਾਰਟੀ ਦੇ 12, ਬੀਜੇਪੀ ਦੇ 10, ਇੰਡੀਅਨ ਨੈਸ਼ਨਲ ਕਾਂਗਰਸ ਦੇ 7, ਸ਼ਿਰੋਮਣੀ ਅਕਾਲੀ ਦਲ ਦੇ 9 ਅਤੇ 17 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਗਰ ਕੌਂਸਲ ਧਨੌਲਾ ਵਿੱਚ ਕੁੱਲ 13 ਵਾਰਡਾਂ ਵਿੱਚੋਂ 58 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਗਰ ਕੌਂਸਲ ਧਨੌਲਾ ਲਈ ਆਮ ਆਦਮੀ ਪਾਰਟੀ ਦੇ 13, ਬੀਜੇਪੀ ਦੇ 11, ਸ਼ਿਰੋਮਣੀ ਅਕਾਲੀ ਦਲ ਦੇ 7 ਅਤੇ 27 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ।