Weather Update: ਪੰਜਾਬ ਵਿੱਚ ਅੱਜ ਤੋਂ ਮੌਸਮ ਬਦਲਣ ਦੀ ਪੇਸ਼ੀਨਗੋਈ ਉੱਤਰੀ ਭਾਰਤ ਵਿੱਚ 30 ਤੱਕ ਮੀਂਹ ਤੇ ਹਨੇਰੀ ਦੀ ਚਿਤਾਵਨੀ; ਪੰਜਾਬ ’ਚ ਫਰੀਦਕੋਟ ਤੇ ਹਰਿਆਣਾ ’ਚ ਰੋਹਤਕ ਸਭ ਤੋਂ ਗਰਮ

Weather Update: ਪੰਜਾਬ ਵਿੱਚ ਅੱਜ ਤੋਂ ਮੌਸਮ ਬਦਲਣ ਦੀ ਪੇਸ਼ੀਨਗੋਈ ਉੱਤਰੀ ਭਾਰਤ ਵਿੱਚ 30 ਤੱਕ ਮੀਂਹ ਤੇ ਹਨੇਰੀ ਦੀ ਚਿਤਾਵਨੀ; ਪੰਜਾਬ ’ਚ ਫਰੀਦਕੋਟ ਤੇ ਹਰਿਆਣਾ ’ਚ ਰੋਹਤਕ ਸਭ ਤੋਂ ਗਰਮ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਅਤਿ ਦੀ ਪੈ ਰਹੀ ਗਰਮੀ ਦਰਮਿਆਨ ਮੌਸਮ ਵਿਗਿਆਨ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਸਾਰੇ ਉੱਤਰੀ ਭਾਰਤ ਵਿੱਚ 28 ਮਈ ਤੋਂ ਮੌਸਮ ਬਦਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ 28 ਤੋਂ 30 ਮਈ ਤੱਕ ਮੀਂਹ ਹਨੇਰੀ ਦੀ ਸੰਭਾਵਨਾ ਜਾਰੀ ਕੀਤੀ ਹੈ।

ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਔਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ। ਉੱਧਰ ਅੱਜ ਦੋਵਾਂ ਸੂਬਿਆਂ ’ਚ ਤਾਪਮਾਨ 46 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ ਅਤੇ ਪੰਜਾਬ ’ਚ ਫਰੀਦਕੋਟ ਤੇ ਹਰਿਆਣਾ ’ਚ ਰੋਹਤਕ ਸਭ ਤੋਂ ਗਰਮ ਸ਼ਹਿਰ ਰਹੇ ਹਨ।

ਮੌਸਮ ਵਿਗਿਆਨੀਆਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਵਿੱਚ 28 ਮਈ ਨੂੰ ਸਵੇਰ ਤੋਂ ਕਈ ਇਲਾਕਿਆਂ ’ਚ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਜਿੱਥੇ ਬੱਦਲਵਾਈ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣਗੀਆਂ ਅਤੇ ਬਾਅਦ ਦੁਪਹਿਰ ਤੱਕ ਸਮੁੱਚੇ ਪੰਜਾਬ ਤੇ ਹਰਿਆਣਾ ਵਿੱਚ ਮੌਸਮ ਬਦਲ ਜਾਵੇਗਾ। ਇਸ ਦੌਰਾਨ ਹਨੇਰੀ ਦੇ ਨਾਲ ਮੀਂਹ ਪੈ ਸਕਦਾ ਹੈ। ਕਈ ਥਾਵਾਂ ’ਤੇ ਗੜੇਮਾਰੀ ਵੀ ਹੋ ਸਕਦੀ ਹੈ। ਇਸ ਦੌਰਾਨ ਤਾਪਮਾਨ ਵਿੱਚ 7 ਤੋਂ 8 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਆ ਸਕਦੀ ਹੈ ਅਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਵਿੱਚ ਫਰੀਦਕੋਟ ਤੇ ਹਰਿਆਣਾ ਵਿੱਚ ਰੋਹਤਕ ਸ਼ਹਿਰ ਸਭ ਤੋਂ ਗਰਮ ਰਹੇ ਹਨ। ਫਰੀਦਕੋਟ ਦਾ ਵੱਧ ਤੋਂ ਵੱਧ ਤਾਪਮਾਨ 46.1 ਅਤੇ ਰੋਹਤਕ ਦਾ 46.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 43.1 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 44.1, ਲੁਧਿਆਣਾ ਵਿੱਚ 43.8, ਪਟਿਆਲਾ ਵਿੱਚ 44.8, ਬਠਿੰਡਾ ਵਿੱਚ 44.4, ਗੁਰਦਾਸਪੁਰ ਵਿੱਚ 42.5, ਨਵਾਂ ਸ਼ਹਿਰ ਵਿੱਚ 41.5, ਬਠਿੰਡਾ ਵਿੱਚ 44.2, ਫਾਜ਼ਿਲਕਾ ਵਿੱਚ 43.8, ਫਿਰੋਜ਼ਪੁਰ ਵਿੱਚ 42.2, ਹੁਸ਼ਿਆਰਪੁਰ ਵਿੱਚ 40.9, ਰੂਪਨਗਰ ਵਿੱਚ 42.7, ਮੁਹਾਲੀ ਵਿੱਚ 41.4 ਅਤੇ ਪਠਾਨਕੋਟ ਵਿੱਚ 41.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਇਹ ਤਾਪਮਾਨ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਵੱਧ ਹੈ।