ਚੰਡੀਗਡ਼੍ਹ,(ਪੰਜਾਬੀ ਰਾਈਟਰ)- Punjab MC Elections:ਪੰਜਾਬ ’ਚ ਅੱਠ ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੇ ਕੁੱਲ 1,896 ਵਾਰਡਾਂ ਲਈ ਅੱਜ ਵੋਟਾਂ ਪਾਉਣ ਦਾ ਅਮਲ ਕਈ ਥਾਵਾਂ ’ਤੇ ਤਿੱਖੀਆਂ ਝੜਪਾਂ ਦਰਮਿਆਨ ਮੁਕੰਮਲ ਹੋ ਗਿਆ ਹੈ। ਚੋਣ ਮੈਦਾਨ ’ਚ ਨਿੱਤਰੇ 7,555 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਵੋਟ ਪੇਟੀਆਂ ’ਚ ਬੰਦ ਹੋ ਗਿਆ ਹੈ ਅਤੇ ਨਤੀਜੇ 29 ਮਈ ਨੂੰ ਐਲਾਨੇ ਜਾਣਗੇ। ਇਸ ਦੌਰਾਨ ਮੌਸਮ ਦੇ ਨਾਲ-ਨਾਲ ਸਿਆਸੀ ਪਾਰਾ ਚੜਿ੍ਹਆ ਰਿਹਾ।
ਪੋਲਿੰਗ ’ਤੇ ਗਰਮੀ ਦਾ ਸਿੱਧਾ ਅਸਰ ਦੇਖਣ ਨੂੰ ਮਿਲਿਆ ਅਤੇ ਦੁਪਹਿਰ ਵੇਲੇ ਪੋਲਿੰਗ ’ਚ ਨਰਮੀ ਦੇਖਣ ਨੂੰ ਮਿਲੀ। ਦੁਪਹਿਰ ਦੋ ਵਜੇ ਤੱਕ ਪੰਜਾਬ ਭਰ ’ਚ 45.60 ਫ਼ੀਸਦੀ ਪੋਲਿੰਗ ਹੋਈ ਸੀ। ਸ਼ਾਮ ਵੇਲੇ ਮੁੜ ਕਤਾਰਾਂ ਜੁੜ ਗਈਆਂ ਸਨ। ਗਰਮੀ ਜ਼ਿਆਦਾ ਹੋਣ ਕਰ ਕੇ ਸੁਨਾਮ ਦੇ ਵਾਰਡ ਨੰਬਰ 8 ਅਤੇ 17 ਵਿੱਚ ਦੋ ਔਰਤਾਂ ਬੇਹੋਸ਼ ਹੋ ਗਈਆਂ। ਵੇਰਵਿਆਂ ਅਨੁਸਾਰ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ’ਚ ਕਰੀਬ 63.94 ਫ਼ੀਸਦੀ ਲੋਕਾਂ ਨੇ ਆਪਣੇ ਸਿਆਸੀ ਹੱਕ ਦੀ ਵਰਤੋਂ ਕੀਤੀ ਪਰ ਹਾਲੇ ਅੰਤਿਮ ਅੰਕੜੇ ਆਉਣੇ ਬਾਕੀ ਹਨ। ਨਗਰ ਨਿਗਮਾਂ ’ਚ 59.91 ਫ਼ੀਸਦੀ, ਨਗਰ ਕੌਂਸਲਾਂ ’ਚ 65.06 ਤੇ ਨਗਰ ਪੰਚਾਇਤਾਂ ’ਚ 76.18 ਫ਼ੀਸਦੀ ਵੋਟਿੰਗ ਹੋਈ। ਫਰਵਰੀ 2021 ’ਚ ਹੋਈਆਂ ਇਨ੍ਹਾਂ ਚੋਣਾਂ ’ਚ ਪੋਲਿੰਗ ਦਰ 73.53 ਫ਼ੀਸਦੀ ਰਹੀ ਸੀ। ਉਸ ਮਗਰੋਂ ‘ਆਪ’ ਦੇ ਕਾਰਜਕਾਲ ਦੌਰਾਨ 5 ਨਗਰ ਨਿਗਮਾਂ ਅਤੇ 44 ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਮੌਕੇ ਪੋਲਿੰਗ ਦਰ 65.85 ਫ਼ੀਸਦੀ ਰਹੀ ਸੀ। ਮੌਜੂਦਾ ਰੁਝਾਨ ਤੋਂ ਜਾਪਦਾ ਹੈ ਕਿ ਐਤਕੀਂ ਸ਼ਹਿਰੀ ਲੋਕਾਂ ਨੇ ਵੋਟਾਂ ਪਾਉਣ ’ਚ ਵੱਡੀ ਦਿਲਚਸਪੀ ਨਹੀਂ ਦਿਖਾਈ ਜਦਕਿ ਪਹਿਲੀ ਵਾਰ ਵੋਟਾਂ ਪਈਆਂ। ਪੰਜ ਵਜੇ ਤੱਕ ਪੋਲਿੰਗ ਸਟੇਸ਼ਨਾਂ ਦੇ ਅੰਦਰ ਦਾਖ਼ਲ ਹੋ ਚੁੱਕੇ ਵੋਟਰਾਂ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ।
ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੇਲ ਕੀਮਤਾਂ ’ਚ ਵਾਧੇ ਦੇ ਰੋਸ ਵਜੋਂ ਪਤਨੀ ਅੰਮ੍ਰਿਤਾ ਵੜਿੰਗ ਸਮੇਤ ਬਲਦ ਗੱਡੇ ’ਤੇ ਜਾ ਕੇ ਵੋਟ ਪਾਈ। ਵਿਧਾਇਕਾਂ ਅਤੇ ਵਜ਼ੀਰਾਂ ਤੋਂ ਇਲਾਵਾ ਸੰਸਦ ਮੈਂਬਰਾਂ ਨੇ ਆਪੋ-ਆਪਣੇ ਹਲਕੇ ’ਚ ਆਪਣੇ ਪਰਿਵਾਰਾਂ ਸਮੇਤ ਵੋਟਾਂ ਪਾਈਆਂ। ਜ਼ਿਲ੍ਹਿਆਂ ’ਚ ਤਾਇਨਾਤ ਆਬਜ਼ਰਵਰਾਂ ਨੇ ਵੀ ਤਿੱਖੀ ਨਜ਼ਰ ਰੱਖੀ। ਸਮਾਣਾ ’ਚ ਹਿੰਸਕ ਟਕਰਾਅ ਹੋਣ ਕਰ ਕੇ ਪੋਲਿੰਗ ਦਰ ਕਰੀਬ 55 ਫ਼ੀਸਦੀ ਦੇ ਆਸ-ਪਾਸ ਰਹੀ। ਮਾਨਸਾ ਜ਼ਿਲ੍ਹੇ ’ਚ ਸ਼ਹਿਰੀ ਲੋਕਾਂ ਦਾ ਵੱਧ ਉਤਸ਼ਾਹ ਨਜ਼ਰ ਆਇਆ। ਫਰਵਰੀ 2021 ’ਚ ਮਾਨਸਾ ਵਿੱਚ ਸਭ ਤੋਂ ਜ਼ਿਆਦਾ ਪੋਲਿੰਗ ਦਰ 82.99 ਫ਼ੀਸਦੀ ਰਹੀ ਸੀ। ਮਾਨਸਾ ਜ਼ਿਲ੍ਹੇ ਦੀ ਜੋਗਾ ਨਗਰ ਪੰਚਾਇਤ ’ਚ ਐਤਕੀਂ ਸਭ ਤੋਂ ਵੱਧ 85.33 ਫ਼ੀਸਦੀ ਪੋਲਿੰਗ ਹੋਈ ਜਦੋਂ ਕਿ ਬਠਿੰਡਾ ਦੀ ਸੰਗਤ ਕੌਂਸਲ ’ਚ 88.44 ਫ਼ੀਸਦੀ ਵੋਟਾਂ ਪਈਆਂ। ਰਮਦਾਸ ’ਚ 77.33 ਫ਼ੀਸਦੀ, ਭੁੱਚੋ ਮੰਡੀ ’ਚ 83.80 ਫ਼ੀਸਦੀ, ਭਵਾਨੀਗੜ੍ਹ ’ਚ 71.4 ਫ਼ੀਸਦੀ, ਜ਼ਿਲ੍ਹਾ ਫ਼ਾਜ਼ਿਲਕਾ ’ਚ 63.44 ਫ਼ੀਸਦੀ, ਮਲੋਟ ’ਚ 66.55 ਫ਼ੀਸਦੀ ਅਤੇ ਭਾਈਰੂਪਾ ’ਚ 80 ਫ਼ੀਸਦੀ ਪੋਲਿੰਗ ਹੋਈ। ਬਨੂੜ ਦੇ ਵਾਰਡ ਨੰਬਰ 10 ’ਚ ਇੱਕ ਮਹਿਲਾ ਸਿਹਤ ਖ਼ਰਾਬ ਹੋਣ ਦੇ ਬਾਵਜੂਦ ਆਕਸੀਜਨ ਵਾਲੇ ਸਿਲੰਡਰ ਸਮੇਤ ਆਪਣੇ ਹੱਕ ਦੀ ਵਰਤੋਂ ਕਰਨ ਪੁੱਜੀ। ਚੋਣ ਪਿੜ ’ਚ ‘ਆਪ’ ਦੇ 1,801, ਭਾਜਪਾ ਦੇ 1,316, ਕਾਂਗਰਸ ਦੇ 1,550, ਸ਼੍ਰੋਮਣੀ ਅਕਾਲੀ ਦਲ ਦੇ 1,251, ਬਸਪਾ ਦੇ 96 ਉਮੀਦਵਾਰਾਂ ਤੋਂ ਇਲਾਵਾ 1528 ਆਜ਼ਾਦ ਉਮੀਦਵਾਰ ਨਿੱਤਰੇ ਹਨ। ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਨ੍ਹਾਂ ਚੋਣਾਂ ਨੂੰ ਸੱਤਾ ਦਾ ਸੈਮੀ ਫਾਈਨਲ ਮੰਨਿਆ ਜਾ ਰਿਹਾ ਹੈ।
ਇਸੇ ਦੌਰਾਨ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਮਜੀਠਾ ਅਤੇ ਪੱਟੀ ’ਚ ਬੂਥ ਕੈਪਚਰਿੰਗ ਹੋਣ ਤੋਂ ਇਨਕਾਰ ਕੀਤਾ ਅਤੇ ਆਬਜ਼ਰਵਰਾਂ ਤਰਫ਼ੋਂ ਅਜਿਹੀ ਕਿਸੇ ਘਟਨਾ ਤੋਂ ਇਨਕਾਰ ਕੀਤਾ ਗਿਆ ਹੈ।
ਦੋ ਜਣਿਆਂ ਤੋਂ ਅਫ਼ੀਮ ਤੇ ਨਗਦੀ ਫੜੀ
ਚੋਣ ਪ੍ਰਕਿਰਿਆ ਦੌਰਾਨ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਦੀ ਪੁਲੀਸ ਨੇ ਦੋ ਜਣਿਆਂ ਤੋਂ ਅਫ਼ੀਮ ਅਤੇ ਨਕਦ ਰਾਸ਼ੀ ਬਰਾਮਦ ਕੀਤੀ। ਨਗਰ ਪੰਚਾਇਤ ਅਰਨੀਵਾਲਾ ਦੀ ਚੋਣ ਮੌਕੇ 32.5 ਗਰਾਮ ਅਫ਼ੀਮ ਅਤੇ 40,600 ਰੁਪਏ ਗੁਰਪ੍ਰੀਤ ਸਿੰਘ ਅਤੇ ਹਰਭਜਨ ਸਿੰਘ ਤੋਂ ਬਰਾਮਦ ਕੀਤੇ ਗਏ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਚੋਣਾਂ ਦੌਰਾਨ ਕਈ ਥਾਈਂ ਟਕਰਾਅ ਅਤੇ ਝੜਪਾਂ; 14 ਜ਼ਖ਼ਮੀ
ਚੰਡੀਗੜ੍ਹ : ਪੰਜਾਬ ’ਚ ਨਿਗਮ ਅਤੇ ਕੌਂਸਲ ਚੋਣਾਂ ਦੌਰਾਨ ਅੱਜ ਹਿੰਸਕ ਟਕਰਾਅ ਅਤੇ ਤਿੱਖੀਆਂ ਝੜਪਾਂ ਦਰਮਿਆਨ ਕਰੀਬ 14 ਵਿਅਕਤੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੀ ਸ਼ਾਮਲ ਹਨ। ਕਰੀਬ 35 ਹਜ਼ਾਰ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਦਰਮਿਆਨ ਵੀ ਚੋਣ ਹਿੰਸਾ ਨੂੰ ਨਹੀਂ ਠੱਲ੍ਹਿਆ ਜਾ ਸਕਿਆ। ਸਮਾਣਾ ’ਚ ਪੁਲੀਸ ਨੇ ਲੋਕਾਂ ’ਤੇ ਲਾਠੀਚਾਰਜ ਕੀਤਾ ਅਤੇ ਗੋਲੀ ਚਲਾਏ ਜਾਣ ਦੀ ਖ਼ਬਰ ਵੀ ਮਿਲੀ ਹੈ। ਸਮਾਣਾ, ਰਾਏਕੋਟ, ਮਜੀਠਾ, ਬਠਿੰਡਾ, ਰਾਜਪੁਰਾ, ਜੈਤੋ, ਗਿੱਦੜਬਾਹਾ, ਬਰਨਾਲਾ ’ਚ ਮਾਹੌਲ ਤਣਾਅ ਵਾਲਾ ਬਣਿਆ ਰਿਹਾ।
ਪੋਲਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਾਏਕੋਟ ਦੇ ਵਾਰਡ ਨੰਬਰ ਚਾਰ ਤੋਂ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਉਰਫ਼ ਜੱਗਾ ’ਤੇ ਕਿਰਪਾਨਾਂ ਨਾਲ ਹਮਲਾ ਹੋਇਆ। ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 15 ’ਚ ਭਾਜਪਾ ਉਮੀਦਵਾਰ ਦੀਪਇੰਦਰ ਕੌਰ ਦਾ ਪਤੀ ਜਸਵੀਰ ਸਿੰਘ ਜ਼ਖ਼ਮੀ ਹੋ ਗਿਆ। ਜਸਵੀਰ ਸਿੰਘ ਨੇ ਕਿਹਾ ਕਿ ਜਦੋਂ ਉਸ ਨੇ ‘ਆਪ’ ਦੇ ਬਾਹਰੀ ਲੋਕਾਂ ਨੂੰ ਰੋਕਣਾ ਚਾਹਿਆ ਤਾਂ ਉਸ ’ਤੇ ਤੇਜ਼ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਮੌਕੇ ਉਸ ਦੀ ਪੱਗ ਵੀ ਉਤਰ ਗਈ। ਬਰਨਾਲਾ ਦੇ ਹੀ ਵਾਰਡ ਨੰਬਰ 33 ’ਚ ‘ਆਪ’ ਤੇ ਆਜ਼ਾਦ ਉਮੀਦਵਾਰ ਦੇ ਸਮਰਥਕ ਭਿੜ ਗਏ। ਇੱਥੇ ਜਾਅਲੀ ਵੋਟਾਂ ਤੋਂ ਵਿਵਾਦ ਛਿੜਿਆ ਸੀ। ਇੱਥੇ ਹੀ ਭਾਜਪਾ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਉੱਪਲ ਸਮੇਤ ਉਸ ਦੇ ਤਿੰਨ ਜੀਆਂ ਨੂੰ ਪੁਲੀਸ ਨੇ ਹਿਰਾਸਤ ’ਚ ਵੀ ਲਿਆ ਜਿਨ੍ਹਾਂ ਨੂੰ ਭਾਜਪਾ ਦੇ ਵਿਰੋਧ ਪ੍ਰਦਰਸ਼ਨ ਮਗਰੋਂ ਰਿਹਾਅ ਕਰਨਾ ਪਿਆ।
ਵੱਡਾ ਹੰਗਾਮਾ ਸਮਾਣਾ ਦੇ ਵਾਰਡ ਨੰਬਰ 19 ’ਚ ਹੋਇਆ ਜਿੱਥੇ ਪੁਲੀਸ ਅਤੇ ਮੁਜ਼ਾਹਰਾਕਾਰੀਆਂ ਦਰਮਿਆਨ ਹਿੰਸਕ ਟਕਰਾਅ ਹੋਇਆ। ਪੁਲੀਸ ਨੇ ਲੋਕਾਂ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ। ਇੱਥੇ ਦੋ ਧਿਰਾਂ ਦੇ ਸਮਰਥਕ ਆਪਸ ’ਚ ਭਿੜ ਗਏ ਸਨ ਅਤੇ ਇੱਟਾਂ-ਰੋੜੇ ਵੀ ਚੱਲੇ। ਇਸ ਮੌਕੇ ਮੱਚੀ ਭਗਦੜ ’ਚ ਲੜਕਾ ਯਾਕੂਬ ਦੌੜਦੇ ਸਮੇਂ ਤਾਰਾਂ ’ਚ ਉਲਝ ਗਿਆ ਅਤੇ ਕਰੰਟ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਨਗਰ ਕੌਂਸਲ ਮਜੀਠਾ ਦੇ ਵਾਰਡ ਨੰਬਰ 9 ’ਚ ਉਸ ਵਕਤ ‘ਆਪ’ ਦੇ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਜਦੋਂ ਵਿਧਾਇਕ ਗਨੀਵ ਕੌਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੋਟ ਪਾਉਣ ਲਈ ਪਹੁੰਚੇ। ਵਾਰਡ ’ਚ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ। ਵਾਰਡ ਨੰਬਰ 6 ’ਚ ਅਕਾਲੀ ਵਰਕਰ ਨੂੰ ਵਿਰੋਧੀ ਧਿਰ ਦੇ ਸਮਰਥਕਾਂ ਨੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਦੀ ਪੱਗ ਉਤਾਰ ਦਿੱਤੀ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਪੁਲੀਸ ਨੂੰ ਸਮੁੱਚਾ ਹਾਲ ਦਿਖਾਇਆ ਅਤੇ ਉਹ ਐੱਸ ਐੱਸ ਪੀ ਨਾਲ ਵੀ ਖਹਿਬੜੇ। ਗਿੱਦੜਬਾਹਾ ਦੇ ਵਾਰਡ ਨੰਬਰ 18 ਅਤੇ 19 ’ਚ ਹਾਕਮ ਧਿਰ ਅਤੇ ਅਕਾਲੀ ਦਲ ਦੇ ਵਰਕਰਾਂ ’ਚ ਟਕਰਾਅ ਹੋਇਆ। ਇਸ ਮੌਕੇ ਇਲਜ਼ਾਮ ਲਾਏ ਗਏ ਕਿ ਵਿਧਾਇਕ ਡਿੰਪੀ ਢਿੱਲੋਂ ਦੇ ਪੀ ਏ ਅਤੇ ਸਾਥੀਆਂ ਨੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਦੀ ਕਥਿਤ ਕੁੱਟਮਾਰ ਕੀਤੀ। ‘ਆਪ’ ਵਰਕਰਾਂ ਨੇ ਅਕਾਲੀਆਂ ’ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ।
ਬਠਿੰਡਾ ਨਗਰ ਨਿਗਮ ਦੀ ਪੋਲਿੰਗ ਸਮਾਪਤ ਹੋਣ ਮਗਰੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ’ਤੇ ਹਮਲਾ ਹੋਇਆ। ਸਿੰਗਲਾ ਅਤੇ ਉਨ੍ਹਾਂ ਦਾ ਲੜਕਾ ਦੀਨਵ ਸਿੰਗਲਾ ਬਠਿੰਡਾ ਦੇ ਸਿਵਲ ਹਸਪਤਾਲ ’ਚ ਦਾਖ਼ਲ ਹਨ। ਭਾਜਪਾ ਆਗੂਆਂ ਮੁਤਾਬਕ ਕੁੱਲ ਛੇ ਵਿਅਕਤੀ ਜ਼ਖ਼ਮੀ ਹੋਏ ਹਨ। ਰਾਜਪੁਰਾ ’ਚ ਪੋਲਿੰਗ ਖ਼ਤਮ ਹੋਣ ਮਗਰੋਂ ਵਾਰਡ ਨੰਬਰ 20 ’ਚ ਕਾਂਗਰਸੀ ਉਮੀਦਵਾਰ ਦੇ ਸਮਰਥਕ ਗੁਰਚਰਨ ਸਿੰਘ ’ਤੇ ਹਮਲਾ ਹੋਇਆ। ਉਸ ਦੇ ਦਫ਼ਤਰ ਦੇ ਸ਼ੀਸ਼ੇ ਵੀ ਤੋੜੇ ਗਏ। ਪੱਟੀ ਦੇ ਵਾਰਡ ਨੰਬਰ 15 ’ਚ ਕਾਂਗਰਸੀ ਉਮੀਦਵਾਰ ਦੇ ਪਤੀ ਦੀ ਕੁੱਟਮਾਰ ਕੀਤੀ ਗਈ।
ਕਈ ਥਾਵਾਂ ’ਤੇ ਬੂਥਾਂ ’ਤੇ ਕਬਜ਼ੇ ਦੇ ਦੋਸ਼
ਨਿਗਮ ਚੋਣਾਂ ਦੌਰਾਨ ਕਈ ਥਾਵਾਂ ’ਤੇ ਬੂਥਾਂ ’ਤੇ ਕਬਜ਼ੇ ਦੀਆਂ ਘਟਨਾਵਾਂ ਵੀ ਵਾਪਰੀਆਂ। ਪੱਟੀ ਕੌਂਸਲ ਦੇ ਵਾਰਡ ਨੰਬਰ 18 ’ਚ ਬੈਲੇਟ ਪੇਪਰ ਖੋਹ ਲਏ ਗਏ। ਇਸ ਮੌਕੇ ਸੀ ਸੀ ਟੀ ਵੀ ਕੈਮਰੇ ਵੀ ਤੋੜੇ ਗਏ। ਭਿੱਖੀਵਿੰਡ ਦੇ ਵਾਰਡ ਨੰਬਰ 13 ’ਚ ਕਾਂਗਰਸੀ ਉਮੀਦਵਾਰ ਕ੍ਰਿਸ਼ਨ ਪਾਲ ਜੱਜ ਨੇ ਕੁਝ ਲੋਕਾਂ ’ਤੇ ਬੂਥਾਂ ’ਤੇ ਕਬਜ਼ੇ ਦੇ ਇਲਜ਼ਾਮ ਲਾਏ।
ਵਿਧਾਇਕਾਂ ਵਿਚਾਲੇ ਤਕਰਾਰ ਹੋਈ
ਭਵਾਨੀਗੜ੍ਹ ਦੇ ਵਾਰਡ ਨੰਬਰ 13 ’ਚ ‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਅਤੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਵਿਚਾਲੇ ਤਕਰਾਰ ਹੋਈ। ਜਗਰਾਓਂ ’ਚ ‘ਆਪ’ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਅਤੇ ਇੱਕ ਪੱਤਰਕਾਰ ਦਰਮਿਆਨ ਤਿੱਖੀ ਬਹਿਸ ਹੋਈ। ਮੌੜ ’ਚ ‘ਆਪ’ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਨੇ ਅਕਾਲੀ ਉਮੀਦਵਾਰ ਨੂੰ ਧਮਕੀਨੁਮਾ ਸ਼ਬਦਾਂ ਦੀ ਵਰਤੋਂ ਕੀਤੀ। ਬਠਿੰਡਾ ’ਚ ਵਿਰੋਧੀਆਂ ਨੇ ਭੁੱਚੋ ਦੇ ਵਿਧਾਇਕ ਜਗਸੀਰ ਸਿੰਘ ਨੂੰ ਹਲਕੇ ’ਚੋਂ ਬਾਹਰ ਜਾਣ ਲਈ ਕਿਹਾ।
ਕਈ ਥਾਈਂ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ
ਸਿਆਸੀ ਟਕਰਾਅ ਦੇ ਉਲਟ ਕਈ ਥਾਵਾਂ ’ਤੇ ਉਮੀਦਵਾਰਾਂ ਵਿੱਚ ਭਾਈਚਾਰਕ ਸਾਂਝ ਦੀ ਮਿਸਾਲ ਵੀ ਦੇਖਣ ਨੂੰ ਮਿਲੀ। ਮਾਲੇਰਕੋਟਲਾ ਦੇ ਵਾਰਡ ਨੰਬਰ ਅੱਠ ਦੇ ਸਾਰੇ ਉਮੀਦਵਾਰਾਂ ਨੇ ਇੱਕੋ ਥਾਂ ਬੈਠ ਕੇ ਇਕਜੁੱਟਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ। ਬਨੂੜ ਦੇ ਵਾਰਡ ਨੰਬਰ ਪੰਜ ਦੀਆਂ ਮਹਿਲਾ ਉਮੀਦਵਾਰਾਂ ਵੀ ਪੋਲਿੰਗ ਬੂਥ ’ਤੇ ਇੱਕੋ ਥਾਂ ਇਕੱਠੀਆਂ ਬੈਠੀਆਂ। ਨਗਰ ਪੰਚਾਇਤ ਜੋਗਾ ਦੇ ਵਾਰਡ ਨੰਬਰ 7 ’ਚ 80 ਵਰ੍ਹਿਆਂ ਦੀ ਵੋਟਰ ਭੂਰੋ ਕੌਰ ਨੇ ਵੋਟ ਪਾਈ। ਮੱਤਦਾਨ ਕਰਨ ਮਗਰੋਂ ਜਦੋਂ ਉਹ ਘਰ ਪੁੱਜੀ ਤਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
.jpg)

.jpg)
.jpg)
.jpg)



































.jpg)


























.jpg)





.jpg)






















.jpg)







