ਭਾਰਤ-ਪਾਕਿ ਗੱਲਬਾਤ ਦੀ ਵਕਾਲਤ ਨਾਲ ਨਵੀਂ ਆਸ ਜਾਗੀ ਅਟਾਰੀ-ਵਾਹਗਾ ਸਰਹੱਦ ਰਾਹੀਂ 2019 ਤੱਕ ਹੁੰਦਾ ਰਿਹਾ 4,500 ਕਰੋੜ ਰੁਪਏ ਦਾ ਦੁਵੱਲਾ ਵਪਾਰ

ਭਾਰਤ-ਪਾਕਿ ਗੱਲਬਾਤ ਦੀ ਵਕਾਲਤ ਨਾਲ ਨਵੀਂ ਆਸ ਜਾਗੀ ਅਟਾਰੀ-ਵਾਹਗਾ ਸਰਹੱਦ ਰਾਹੀਂ 2019 ਤੱਕ ਹੁੰਦਾ ਰਿਹਾ 4,500 ਕਰੋੜ ਰੁਪਏ ਦਾ ਦੁਵੱਲਾ ਵਪਾਰ

ਅੰਮ੍ਰਿਤਸਰ,(ਪੰਜਾਬੀ ਰਾਈਟਰ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਪ੍ਰਮੁੱਖ ਆਗੂ ਦੱਤਾਤ੍ਰੇਯ ਹੋਸਾਬਲੇ ਅਤੇ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਮਨੋਜ ਨਰਵਣੇ ਵੱਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਗੱਲਬਾਤ ਸ਼ੁਰੂ ਕਰਨ ਦੀ ਕੀਤੀ ਵਕਾਲਤ ਨੇ ਸਰਹੱਦੀ ਖੇਤਰ ਦੇ ਲੋਕਾਂ ਦੀਆਂ ਉਮੀਦਾਂ ਜਗਾ ਦਿੱਤੀਆਂ ਹਨ।

ਗੌਰਤਲਬ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਕੁੜੱਤਣ ਵਾਲੇ ਸਬੰਧਾਂ ਕਾਰਨ ਦੁਵੱਲਾ ਵਪਾਰ ਬੰਦ ਹੈ ਜਿਸ ਕਾਰਨ ਇਸ ਖਿੱਤੇ ਦੇ ਢੋਆ-ਢੁਆਈ ਨਾਲ ਜੁੜੇ ਕਾਰੋਬਾਰੀ, ਕੁਲੀ ਅਤੇ ਵਪਾਰੀ ਵਰਗ ਸਮੇਤ ਹੋਰ ਕਈ ਵਰਗਾਂ ਦੇ ਲੋਕ ਪ੍ਰਭਾਵਿਤ ਹਨ। ਦੋਵਾਂ ਮੁਲਕਾਂ ਵਿਚਾਲੇ ਨਾ ਸਿਰਫ਼ ਦੁਵੱਲਾ ਵਪਾਰ ਬੰਦ ਹੈ ਸਗੋਂ ਸਮੁੱਚੀ ਆਵਾਜਾਈ ਵੀ ਬੰਦ ਹੈ। ਇਸੇ ਕਾਰਨ ਕਰਤਾਰਪੁਰ ਸਾਹਿਬ ਲਾਂਘਾ ਵੀ ਬੰਦ ਹੈ। ਅਟਾਰੀ-ਵਾਹਗਾ ਸਰਹੱਦ ਰਾਹੀਂ ਸਾਲ 2019 ਤੱਕ ਭਾਰਤ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦਰਮਿਆਨ ਹੁੰਦੇ ਰਹੇ ਤਕਰੀਬਨ 4,500 ਕਰੋੜ ਰੁਪਏ ਦੇ ਆਪਸੀ ਵਪਾਰ ਦੀ ਬਦੌਲਤ ਪੰਜਾਬ ਤੇ ਵਿਸ਼ੇਸ਼ ਕਰਕੇ ਅੰਮ੍ਰਿਤਸਰ ਦੇ ਵਪਾਰੀ ਅਤੇ ਕਾਰੋਬਾਰੀ ਤਸੱਲੀ ਮਹਿਸੂਸ ਕਰਦੇ ਸਨ। ਇਸ ਕੌਮਾਂਤਰੀ ਵਪਾਰ-ਕਾਰੋਬਾਰ ਸਦਕਾ ਅੰਮ੍ਰਿਤਸਰ ਅਤੇ ਜ਼ਿਲ੍ਹੇ ਦੇ ਸਰਹੱਦੀ ਖੇਤਰ ਦੇ ਸੈਂਕੜੇ ਟਰਾਂਸਪੋਰਟਰ, ਕੁਲੀ, ਮਜ਼ਦੂਰ, ਛੋਟੇ ਦੁਕਾਨਦਾਰ, ਢਾਬਾ ਮਾਲਕ, ਟੈਕਸੀ ਚਾਲਕ ਅਤੇ ਮੁਲਾਜ਼ਮ ਆਪਣੀ ਰੋਟੀ-ਰੋਜ਼ੀ ਕਮਾ ਰਹੇ ਸਨ। ਪਰ 14 ਫਰਵਰੀ 2019 ਨੂੰ ਵਾਪਰੇ ਪੁਲਵਾਮਾ ਕਾਂਡ ਤੋਂ ਪੈਦਾ ਹੋਏ ਤਣਾਅ ਭਰਪੂਰ ਹਾਲਾਤ ਉਪਰੰਤ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੁੰਦੇ ਵਪਾਰ ਕਾਰੋਬਾਰ ਨੂੰ ਬੰਦ ਕਰ ਦਿੱਤਾ ਗਿਆ।

ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਗੱਲਬਾਤ ਸ਼ੁਰੂ ਕਰਨ ਲਈ ਸਮਰੱਥ ਸ਼ਖ਼ਸੀਅਤਾਂ ਵੱਲੋਂ ਕੀਤੀ ਵਕਾਲਤ ਦਾ ਸਵਾਗਤ ਕੀਤਾ ਹੈ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਟਾਰੀ-ਵਾਹਗਾ ਸਰਹੱਦ ਰਾਹੀਂ ਆਪਸੀ ਵਪਾਰ ਕਾਰੋਬਾਰ ਮੁੜ ਸ਼ੁਰੂ ਕਰਨ ਲਈ ਸਾਜ਼ਗਾਰ ਹਾਲਾਤ ਸਿਰਜਣ ਲਈ ਆਪਸੀ ਗੱਲਬਾਤ ਦੀ ਪਹਿਲਕਦਮੀ ਕੀਤੀ ਜਾਵੇ। ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਨੇ ਆਪਣੀ ਇੱਕ ਵਿਸ਼ੇਸ਼ ਮੀਟਿੰਗ ਵਿੱਚ ਆਰ ਐੱਸ ਐਸ ਦੇ ਸੀਨੀਅਰ ਆਗੂ ਤੇ ਸਾਬਕਾ ਥਲ ਸੈਨਾ ਮੁਖੀ ਵੱਲੋਂ ਦੁਵੱਲੀ ਗੱਲਬਾਤ ਸ਼ੁਰੂ ਕਰਨ ਦੀ ਕੀਤੀ ਵਕਾਲਤ ਦੀ ਹਮਾਇਤ ਕੀਤੀ ਹੈ।

ਜਥੇਬੰਦੀ ਦੇ ਆਗੂ ਰਮੇਸ਼ ਯਾਦਵ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਮੁੜ ਗੱਲਬਾਤ ਸ਼ੁਰੂ ਹੋਣਾ ਦੋਵਾਂ ਪੰਜਾਬਾਂ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ। ਵਰਤਮਾਨ ਸਥਿਤੀਆਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਵਪਾਰ ਦੁਬਈ ਦੇ ਰਸਤੇ ਹੁੰਦਾ ਹੈ। ਜੇਕਰ ਸਿੱਧਾ ਵਪਾਰ ਸ਼ੁਰੂ ਹੋ ਜਾਵੇ ਤਾਂ ਇਹ ਕਦਮ ਦੋਵਾਂ ਮੁਲਕਾਂ ਲਈ ਵਪਾਰਕ, ਧਾਰਮਿਕ, ਸਭਿਆਚਾਰਕ ਪੱਖੋਂ ਉਸਾਰੂ ਤੇ ਲਾਹੇਵੰਦ ਸਾਬਤ ਹੋਵੇਗਾ।

ਸਾਂਝੀ ਚੈੱਕ ਪੋਸਟ ਅਟਾਰੀ ਨੂੰ ਜਿੰਦੇ ਲੱਗੇ

ਅਪਰੈਲ 2025 ਨੂੰ ਹੋਈ ਪਹਿਲਗਾਮ ਘਟਨਾ ਅਤੇ ਅਪਰੇਸ਼ਨ ਸਿੰਧੂਰ ਦੇ ਸਿੱਟੇ ਵਜੋਂ ਸਮੁੱਚੀ ਆਵਾਜਾਈ ਬੰਦ ਹੋ ਗਈ ਅਤੇ ਸਬੰਧ ਤੋੜ ਦਿੱਤੇ ਗਏ। 120 ਏਕੜਾਂ ਵਿੱਚ ਸਥਾਪਿਤ ਕੀਤੀ ਏਕੀਕ੍ਰਿਤ ਚੈੱਕ ਪੋਸਟ ਅਟਾਰੀ ਨੂੰ ਤਾਲੇ ਲਗਾ ਦਿੱਤੇ ਗਏ ਤੇ ਭਾਰਤ-ਅਫ਼ਗਾਨਿਸਤਾਨ ਦਰਮਿਆਨ ਹੁੰਦਾ ਸੀਮਤ ਵਪਾਰ ਠੱਪ ਕਰ ਦਿੱਤਾ ਗਿਆ।