USA ਦਬਾਅ ਪਾਉਣਾ ਬੰਦ ਕਰੇ: ਇਰਾਨ ਖੇਤਰੀ ਤਣਾਅ ਨਾਲ ਸਿੱਝਣ ਲੲੀ ਇਰਾਨ ਕੋਲ ਕੲੀ ਬਦਲ ਹੋਣ ਦਾ ਦਾਅਵਾ; ਟਰੰਪ ਨੇ ਇਰਾਨ ਦੀਆਂ ਸ਼ਰਤਾਂ ਨਕਾਰੀਆਂ

USA ਦਬਾਅ ਪਾਉਣਾ ਬੰਦ ਕਰੇ: ਇਰਾਨ ਖੇਤਰੀ ਤਣਾਅ ਨਾਲ ਸਿੱਝਣ ਲੲੀ ਇਰਾਨ ਕੋਲ ਕੲੀ ਬਦਲ ਹੋਣ ਦਾ ਦਾਅਵਾ; ਟਰੰਪ ਨੇ ਇਰਾਨ ਦੀਆਂ ਸ਼ਰਤਾਂ ਨਕਾਰੀਆਂ

ਤਹਿਰਾਨ,(ਪੰਜਾਬੀ ਰਾਈਟਰ)- ਇਰਾਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਇਕਪਾਸੜ ਦਬਾਅ ਪਾਉਣਾ ਬੰਦ ਕਰ ਕੇ ਤਹਿਰਾਨ ਵੱਲੋਂ ਦਿੱਤੀਆਂ ਗਈਆਂ ਜਾਇਜ਼ ਸ਼ਰਤਾਂ ਨੂੰ ਮੰਨੇ। ਇਰਾਨ ਨੇ ਦਾਅਵਾ ਕੀਤਾ ਕਿ ਉਸ ਦੀਆਂ ਸ਼ਰਤਾਂ ਬਿਲਕੁਲ ਜਾਇਜ਼ ਹਨ। ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਕਿਹਾ ਕਿ ਖੇਤਰੀ ਤਣਾਅ ਨਾਲ ਸਿੱਜਣ ਲਈ ਉਨ੍ਹਾਂ ਕੋਲ ਕਈ ਰਾਹ ਹਨ ਜਿਨ੍ਹਾਂ ਵਿੱਚ ‘ਮਾਣ-ਸਨਮਾਨ’ ਅਤੇ ‘ਅਧਿਕਾਰ’ ਨਾਲ ਕੀਤੀ ਜਾਣ ਵਾਲੀ ਗੱਲਬਾਤ ਵੀ ਸ਼ਾਮਲ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਦੇਸ਼ ਦੀਆਂ ਫ਼ੌਜੀ ਪ੍ਰਾਪਤੀਆਂ ਨੂੰ ਕੂਟਨੀਤੀ ਰਾਹੀਂ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਇਹ ਬਿਆਨ ਉਦੋਂ ਆਏ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੀਆਂ ਸ਼ਰਤਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਂਂਝ, ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਕਿਹਾ ਕਿ ਟਰੰਪ ਨੂੰ ਹੁਣ ਫ਼ੌਜੀ ਕਾਰਵਾਈ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਇਰਾਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਇਸਮਾਈਲ ਬਗ਼ਈ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਵੱਲੋਂ ਸ਼ਾਂਤੀ ਲਈ ਭੇਜੀਆਂ ਤਜਵੀਜ਼ਾਂ ਨਾ ਸਿਰਫ਼ ਕੌਮੀ ਹਿੱਤਾਂ ਦੀ ਰਾਖੀ ਵੱਲ ਕੇਂਦਰਤ ਹਨ ਸਗੋਂ ਇਹ ਖੇਤਰੀ ਅਤੇ ਆਲਮੀ ਸਥਿਰਤਾ ਵੀ ਯਕੀਨੀ ਬਣਾਉਂਦੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਹਰਮੁਜ਼ ਜਲ ਮਾਰਗ ਦੇ ਮਾਮਲੇ ’ਚ ਜੇ ਕਿਸੇ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨਾਲ ਹਾਲਾਤ ਹੋਰ ਗੁੰਝਲਦਾਰ ਹੋਣਗੇ। ਇਰਾਨੀ ਸਟੂਡੈਂਟਸ ਨਿਊਜ਼ ਏਜੰਸੀ ਮੁਤਾਬਕ ਰਾਸ਼ਟਰਪਤੀ ਪੇਜ਼ੇਸ਼ਕੀਅਨ ਨੇ ਇਹ ਟਿੱਪਣੀਆਂ ਫਰਾਜ਼ ਪੁਲੀਸ ਬਲ ਦੇ ਕਮਾਂਡਰ-ਇਨ-ਚੀਫ ਅਤੇ ਸੀਨੀਅਰ ਕਮਾਂਡਰਾਂ ਦੇ ਗਰੁੱਪ ਨਾਲ ਮੀਟਿੰਗ ਦੌਰਾਨ ਕੀਤੀਆਂ। ਮੀਟਿੰਗ ਵਿੱਚ ਉਨ੍ਹਾਂ ਉਸ ਕਾਰਵਾਈ ਬਾਰੇ ਰਿਪੋਰਟ ਹਾਸਲ ਕੀਤੀ ਜਿਸ ਨੂੰ ਇਰਾਨੀ ਅਧਿਕਾਰੀਆਂ ਨੇ ‘ਹਾਲੀਆ ਥੋਪੀ ਗਈ ਜੰਗ’ ਦੱਸਿਆ ਹੈ। ਮੀਟਿੰਗ ਦੌਰਾਨ ਪੇਜ਼ੇਸ਼ਕੀਅਨ ਨੇ ਦੇਸ਼ ਦੇ ਅੰਦਰੂਨੀ ਸੁਰੱਖਿਆ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਇਰਾਨ ਦੇ ਭਵਿੱਖ ਬਾਰੇ ਕਿਹਾ ਕਿ ਤਹਿਰਾਨ ਸਾਹਮਣੇ ਕਈ ਬਦਲ ਮੌਜੂਦ ਹਨ ਜਿਨ੍ਹਾਂ ਵਿੱਚ ਸਵੈ-ਮਾਣ, ਅਧਿਕਾਰ ਅਤੇ ਰਾਸ਼ਟਰੀ ਹਿੱਤਾਂ ਦੀ ਰਾਖੀ ਕਰਦੇ ਹੋਏ ਗੱਲਬਾਤ ਦੇ ਦੌਰ ਵਿੱਚ ਸ਼ਾਮਲ ਹੋਈਏ ਜਾਂ ਫਿਰ ਟਕਰਾਅ ਵਾਲੇ ਰਾਹ ’ਤੇ ਚੱਲਣਾ ਜਾਰੀ ਰੱਖੀਏ।