ਪੰਜਾਬ ਵਿਧਾਨ ਸਭਾ ਸਿਆਸਤ ਦੀ ਖੇਡ: ਕਦੇ ਦੋਸਤਾਨਾ, ਕਦੇ ਸ਼ਾਇਰਾਨਾ ਸਦਨ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਖਰੇ ਅੰਦਾਜ਼ ’ਚ ਆਏ ਨਜ਼ਰ; ਵਿਰੋਧੀ ਧਿਰ ਪ੍ਰਤੀ ਨਰਮ ਰਵੱਈਆ ਦਿਖਾਇਆ

ਪੰਜਾਬ ਵਿਧਾਨ ਸਭਾ ਸਿਆਸਤ ਦੀ ਖੇਡ: ਕਦੇ ਦੋਸਤਾਨਾ, ਕਦੇ ਸ਼ਾਇਰਾਨਾ ਸਦਨ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਖਰੇ ਅੰਦਾਜ਼ ’ਚ ਆਏ ਨਜ਼ਰ; ਵਿਰੋਧੀ ਧਿਰ ਪ੍ਰਤੀ ਨਰਮ ਰਵੱਈਆ ਦਿਖਾਇਆ

ਚੰਡੀਗਡ਼੍ਹ,(ਪੰਜਾਬੀ ਰਾਈਟਰ)- ਪੰਜਾਬ ਵਿਧਾਨ ਸਭਾ ਦੇ ਅੱਜ ਵਿਸ਼ੇਸ਼ ਇਜਲਾਸ ’ਚ ਮੁੱਖ ਮੰਤਰੀ ਭਗਵੰਤ ਮਾਨ ਕਦੇ ਦੋਸਤਾਨਾ ਅਤੇ ਕਦੇ ਸ਼ਾਇਰਾਨਾ ਅੰਦਾਜ਼ ’ਚ ਨਜ਼ਰ ਆਏ। ਮੁੱਖ ਮੰਤਰੀ ਦੇ ਕੌਮਾਂਤਰੀ ਮਜ਼ਦੂਰ ਦਿਵਸ ਨੂੰ ਸਮਰਪਿਤ ਸੈਸ਼ਨ ’ਚ ਵਿਰੋਧੀ ਧਿਰ ਪ੍ਰਤੀ ਲਹਿਜ਼ੇ ਅਤੇ ਵਿਹਾਰ ਨੇ ਸਦਨ ਨੂੰ ਹੈਰਾਨ ਵੀ ਕੀਤਾ ਅਤੇ ਸਦਨ ਦੀ ਕਾਰਵਾਈ ’ਚ ਭੰਗ ਪਾਉਣ ਦਾ ਮੌਕਾ ਵੀ ਦਿੱਤਾ। ਮੁੱਖ ਮੰਤਰੀ ਮਾਨ ਨੇ ਜਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪ੍ਰਤੀ ਨਿੱਘ ਦਿਖਾਇਆ ਤਾਂ ਇੰਝ ਲੱਗਿਆ ਕਿ ਅੱਜ ਸਦਨ ’ਚ ‘ਸਭ ਅੱਛਾ’ ਹੋਵੇਗਾ।

ਪ੍ਰਤਾਪ ਸਿੰਘ ਬਾਜਵਾ ਨੇ ਸੈਸ਼ਨ ਦੇ ਸ਼ੁਰੂਆਤੀ ਮੋੜ ’ਤੇ ਨੁਕਤਾ ਉਠਾਇਆ ਕਿ ਹੁਣ ਤੱਕ ਅੱਠ ਵਿਸ਼ੇਸ਼ ਸੈਸ਼ਨ ਸੱਦੇ ਜਾ ਚੁੱਕੇ ਹਨ ਜਿਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਰੈਗੂਲਰ ਸੈਸ਼ਨ ਸੱਦੇ ਜਾਣ ਦਾ ਮਸ਼ਵਰਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਵਿਸ਼ੇਸ਼ ਸੈਸ਼ਨ ’ਚ ਵਿਸਾਖੀ ਮੌਕੇ ਬੇਅਦਬੀ ਵਿਰੁੱਧ ਪਾਸ ਹੋਇਆ ਬਿੱਲ ਕੀ ਹਕੀਕਤ ਨਹੀਂ। ਬਾਜਵਾ ਪ੍ਰਤੀ ਮਾਨ ਦਾ ਅੱਜ ਨਰਮ ਗੋਸ਼ਾ ਦਿਖਾਈ ਦਿੱਤਾ। ਬਾਜਵਾ ਨੇ ਮੋੜਵੇਂ ਰੂਪ ’ਚ ਅਦਬ ਦਿਖਾਇਆ।

Advertisement
ਮੁੱਖ ਮੰਤਰੀ ਨੇ ਕਿਹਾ ਕਿ ਅਗਲਾ ਮੌਨਸੂਨ ਸੈਸ਼ਨ ਦਸ ਦਿਨਾਂ ਦਾ ਹੋਵੇਗਾ ਜਿਸ ’ਚ ਖੁੱਲ੍ਹਾ ਸਮਾਂ ਮਿਲੇਗਾ। ਮੁੱਖ ਮੰਤਰੀ ਨੇ ਕਿਹਾ, ‘‘ਕੌਮਾਂਤਰੀ ਕਿਰਤ ਦਿਹਾੜੇ ’ਤੇ ਸਾਨੂੰ ਸਭ ਨੂੰ ਤੂੰ-ਤੂੰ ਮੈਂ-ਮੈਂ ’ਚੋਂ ਨਿਕਲ ਕੇ ਸਮੁੱਚੇ ਦੇਸ਼ ਨੂੰ ਸਦਨ ਦੀ ਕਾਰਵਾਈ ਬਾਰੇ ਚੰਗੇ ਮਾਹੌਲ ਦਾ ਸੁਨੇਹਾ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਉਸਾਰੀ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਦੇ ਮਾਮਲੇ ’ਤੇ ਵਿਰੋਧੀ ਧਿਰ ਦਾ ਸਹਿਯੋਗ ਵੀ ਮੰਗਿਆ। ਵਿਧਾਨ ਸਭਾ ਸਪੀਕਰ ਨੇ ਬਹਿਸ ਲਈ ਸਮੇਂ ਦੀ ਵੰਡ ਸਾਂਝੀ ਕਰਦਿਆਂ ਕਾਂਗਰਸ ਨੂੰ ਅੱਠ ਮਿੰਟ ਦੇਣ ਦੀ ਗੱਲ ਕਹੀ ਤਾਂ ਮੁੱਖ ਮੰਤਰੀ ਨੇ ਸਿਫ਼ਾਰਸ਼ ਕਰਦਿਆਂ ਵਿਰੋਧੀ ਧਿਰ ਨੂੰ 20 ਮਿੰਟ ਦਾ ਖੁੱਲ੍ਹਾ ਸਮਾਂ ਦੇਣ ਲਈ ਕਿਹਾ। ਸਪੀਕਰ ਨੇ ਬਾਜਵਾ ਨੂੰ ਮੁਖ਼ਾਤਬ ਹੁੰਦੇ ਕਿਹਾ ਕਿ ‘ਅੱਜ ਸਦਨ ਦੇ ਨੇਤਾ ਤੁਹਾਡੇ ’ਤੇ ਮਿਹਰਬਾਨ ਹਨ।’

Advertisement
ਮੁੱਖ ਮੰਤਰੀ ਦੇ ਸ਼ੁਰੂਆਤੀ ਲਹਿਜ਼ੇ ਨੂੰ ਸਭ ਨੇ ਸ਼ੁਭ ਸ਼ਗਨ ਵਜੋਂ ਦੇਖਿਆ। ਉਸ ਮਗਰੋਂ ਹੀ ਮਾਹੌਲ ਟੇਢਾ ਹੋਣਾ ਸ਼ੁਰੂ ਹੋ ਗਿਆ। ਮੁੱਖ ਮੰਤਰੀ ਨੇ ਪਹਿਲਾਂ ਵਿਧਾਨ ਸਭਾ ਦੀ ਕਾਰਵਾਈ ਨੂੰ ਲਿਖਤੀ ਰੂਪ ਦੇਣ ਵਾਲੇ ਰਿਪੋਰਟਰ ’ਤੇ ਇਤਰਾਜ਼ ਕੀਤਾ ਕਿ ਉਹ ਪ੍ਰੋਟੋਕੋਲ ਅਨੁਸਾਰ ਬੁਲਾਰੇ ਦੇ ਸਾਹਮਣਿਓਂ ਨਹੀਂ ਲੰਘ ਸਕਦੇ। ਉਸ ਮਗਰੋਂ ਮੁੱਖ ਮੰਤਰੀ ਨੇ ਸੁਖਪਾਲ ਖਹਿਰਾ ਵੱਲੋਂ ਮੋਬਾਈਲ ਫ਼ੋਨ ਦੇਖੇ ਜਾਣ ’ਤੇ ਇਤਰਾਜ਼ ਕੀਤਾ। ਮੁੱਖ ਮੰਤਰੀ ਆਪਣੀ ਸੀਟ ਤੋਂ ਉੱਠ ਕੇ ਬਾਹਰ ਜਾਣ ਲੱਗੇ ਤਾਂ ਸੁਖਪਾਲ ਖਹਿਰਾ ਨੇ ਮਾਨ ਦੇ ਵਿਹਾਰ ’ਤੇ ਟਿੱਪਣੀ ਕਰ ਦਿੱਤੀ। ਮੁੱਖ ਮੰਤਰੀ ਆਪਣੀ ਸੀਟ ਵੱਲ ਮੁੜੇ ਅਤੇ ਇਸ ਮੌਕੇ ਮਾਹੌਲ ਗਰਮੀ ਫੜ ਗਿਆ। ਬਾਜਵਾ ਨੇ ਸਦਨ ਦੇ ਨੇਤਾ ਸਮੇਤ ਸਾਰੇ ਮੈਂਬਰਾਂ ਦਾ ਡੋਪ ਟੈੱਸਟ ਕਰਾਏ ਜਾਣ ਦੀ ਮੰਗ ਰੱਖੀ ਤਾਂ ਸਦਨ ਦਾ ਮਾਹੌਲ ਵੀ ਮੋੜਾ ਖਾ ਗਿਆ। ਹਾਕਮ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰ ਇਸ ਮੁੱਦੇ ’ਤੇ ਖਹਿਬੜੇ। ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਮੌਕੇ ਜਜ਼ਬਾਤੀ ਰੌਂਅ ਅਤੇ ਫ਼ਰਾਖ਼-ਦਿਲੀ ’ਚ ਦਿਖੇ ਮੁੱਖ ਮੰਤਰੀ ਦੁਪਹਿਰ ਵਕਤ ਸਦਨ ’ਚ ਵਿਰੋਧੀ ਧਿਰ ਪ੍ਰਤੀ ਕਾਫ਼ੀ ਗਰਮ ਨਜ਼ਰ ਆਏ। ਸਦਨ ’ਚ ਬਹਿਸ ਦੌਰਾਨ ਮਜ਼ਦੂਰ ਔਰਤਾਂ ਦੀ ਹੋਣੀ ਦੀ ਗੱਲ ਕੀਤੀ ਤੇ ਪਾਕਿਸਤਾਨੀ ਸ਼ਾਇਰ ਕਾਤਿਬ ਦੀ ‘ਇੱਕ ਮਜ਼ਦੂਰ ਦੀ ਕਹਾਣੀ’ ਰਚਨਾ ਪੇਸ਼ ਕਰਕੇ ਮਾਹੌਲ ਭਾਵੁਕ ਕਰ ਦਿੱਤਾ। ਮੁੱਖ ਮੰਤਰੀ ਨੇ ਸੰਤ ਰਾਮ ਉਦਾਸੀ ਦੀ ਰਚਨਾ ‘ਸਾਡੀ ਗਲੀ ਵਿਚ ਚੂੜੀਆਂ ਦਾ ਹੋਕਾ’ ਦੇ ਬੋਲ ਸਾਂਝੇ ਕੀਤੇ। ਅੱਜ ਮੁੱਖ ਮੰਤਰੀ ਨੇ ਸਦਨ ਦੇ ਆਖਰੀ ਪਲਾਂ ਨੂੰ ਸੁਖਾਵਾਂ ਮੋੜਾ ਦੇਣ ਦਾ ਤਹੱਈਆ ਕੀਤਾ।

ਮੁੱਖ ਮੰਤਰੀ 6 ਤੋਂ ਸ਼ੁਕਰਾਨਾ ਯਾਤਰਾ ਕਰਨਗੇ

ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ-2026’ ਬਣਨ ’ਤੇ ਅੱਜ ਧੰਨਵਾਦੀ ਮਤਾ ਪਾਸ ਕੀਤਾ| ਮੁੱਖ ਮੰਤਰੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਬੇਅਦਬੀ ਵਿਰੁੱਧ ਬਿੱਲ ਨੂੰ ਸਹਿਮਤੀ ਦੇਣ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੂਬੇ ਦੀ ਸ਼ਾਂਤੀ ਭੰਗ ਕਰਨ ਦੀ ਸਾਜ਼ਿਸ਼ ਸੀ| ਪਰਮਾਤਮਾ ਦਾ ਧੰਨਵਾਦ ਕਰਨ ਲਈ 6 ਮਈ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਕਰਾਨਾ ਯਾਤਰਾ ਸ਼ੁਰੂ ਹੋ ਕੇ 9 ਮਈ ਤੱਕ ਚੱਲੇਗੀ| ਇਸ ਦੌਰਾਨ ਤਖ਼ਤ ਕੇਸਗੜ੍ਹ ਸਾਹਿਬ, ਅਕਾਲ ਤਖ਼ਤ, ਦਮਦਮਾ ਸਾਹਿਬ, ਮਸਤੂਆਣਾ ਸਾਹਿਬ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਤੇ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ ਜਾਵੇਗਾ| ਮੁੱਖ ਮੰਤਰੀ ਨੇ ਸਹਿਯੋਗ ਦੇਣ ਲਈ ਸੰਤਾਂ ਅਤੇ ਸੰਗਤ ਦਾ ਧੰਨਵਾਦ ਕੀਤਾ| ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਪੀਕਰ ਤੋਂ ਮੰਗ ਕੀਤੀ ਕਿ 1986 ’ਚ ਵਾਪਰੇ ਨਕੋਦਰ ਕਾਂਡ ਬਾਰੇ ਕਮੇਟੀ ਦੀ ਰਿਪੋਰਟ ਵੀ ਜਲਦ ਲਿਆਂਦੀ, ਇਸ ਘਟਨਾ ਵਿੱਚ ਪੰਜ ਪਵਿੱਤਰ ਬੀੜਾਂ ਅਗਨ ਭੇਟ ਹੋਈਆਂ ਸਨ| ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਪਰੇਸ਼ਨ ਬਲ਼ੂ ਸਟਾਰ ਦੇ ਜ਼ਿੰਮੇਵਾਰਾਂ ਦਾ ਚਿਹਰਾ ਬੇਪਰਦ ਕਰਨ ਦੀ ਮੰਗ ਕੀਤੀ| ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਬੇਅਦਬੀ ਖ਼ਿਲਾਫ਼ ਕਾਨੂੰਨ ਦੇ ਨਿਯਮ ਵੀ ਸਰਕਾਰ ਸਪਸ਼ਟ ਕਰੇ| ਮੁੱਖ ਮੰਤਰੀ ਨੇ ਕਿਹਾ ਕਿ ਨਿਯਮ ਅਗਲੇ ਸੈਸ਼ਨ ’ਚ ਸਦਨ ਵਿੱਚ ਰੱਖੇ ਜਾਣਗੇ| ਮੁੱਖ ਮੰਤਰੀ ਨੇ ਧੰਨਵਾਦੀ ਮਤੇ ’ਤੇ ਬੋਲਦਿਆਂ ਕਿਹਾ ਕਿ ਅਪਰੇਸ਼ਨ ਬਲ਼ੂ ਸਟਾਰ ਲਈ ਜ਼ਿੰਮੇਵਾਰਾਂ ਖ਼ਿਲਾਫ਼ ਵੀ ਕੇਸ ਦਰਜ ਹੋਣ, ਉਸ ਸਮੇਂ ਵੱਡੇ ਪੱਧਰ ’ਤੇ ਬੇਅਦਬੀ ਹੋਈ ਸੀ|

ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਦਨ ਨੇ ਪਰਜਾ ਮੰਡਲ ਲਹਿਰ ’ਚ ਹਿੱਸਾ ਲੈਣ ਵਾਲੇ ਚਮਨ ਲਾਲ, ਉੱਘੇ ਫੋਟੋਗ੍ਰਾਫਰ ਰਘੂ ਰਾਏ, ਭਾਰਤ-ਪਾਕਿ ਯੁੱਧ ਵਿੱਚ ਹਿੱਸਾ ਲੈਣ ਵਾਲੇ ਲੈਫਟੀਨੈਂਟ ਜਨਰਲ ਦੀਪਿੰਦਰ ਸਿੰਘ ਅਤੇ ਹਾਕੀ ਓਲੰਪੀਅਨ ਗੁਰਬਖ਼ਸ਼ ਸਿੰਘ ਗਰੇਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ।