ਇਰਾਨ ਦੀ ਤਜਵੀਜ਼ ਤੋਂ ‘ਸੰਤੁਸ਼ਟ’ ਨਹੀਂ : ਟਰੰਪ

ਇਰਾਨ ਦੀ ਤਜਵੀਜ਼ ਤੋਂ ‘ਸੰਤੁਸ਼ਟ’ ਨਹੀਂ : ਟਰੰਪ

ਇਰਾਨ ਦੀ ਤਜਵੀਜ਼ ਤੋਂ ‘ਸੰਤੁਸ਼ਟ’ ਨਹੀਂ : ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਹੈ ਕਿ ਉਹ ਇਰਾਨ ਵੱਲੋਂ ਜੰਗ ਖਤਮ ਕਰਨ ਲਈ ਪੇਸ਼ ਕੀਤੀ ਗਈ ਤਾਜ਼ਾ ਤਜਵੀਜ਼ ਤੋਂ ਸੰਤੁਸ਼ਟ ਨਹੀਂ ਹਨ। ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਇਰਾਨ ਅਜਿਹੀਆਂ ਮੰਗਾਂ ਰੱਖ ਰਿਹਾ ਹੈ ਜਿਨ੍ਹਾਂ ਨੂੰ ਉਹ ਕਦੇ ਪ੍ਰਵਾਨ ਨਹੀਂ ਕਰ ਸਕਦੇ। ਉਨ੍ਹਾਂ ਦਾ ਇਹ ਬਿਆਨ ਸੰਕੇਤ ਦਿੰਦਾ ਹੈ ਕਿ ਦੋ ਮਹੀਨਿਆਂ ਤੋਂ ਜਾਰੀ ਇਸ ਖੂਨੀ ਜੰਗ ਦਾ ਹੱਲ ਫਿਲਹਾਲ ਨਿਕਲਦਾ ਨਜ਼ਰ ਨਹੀਂ ਆ ਰਿਹਾ।
ਦੂਜੇ ਪਾਸੇ, ਅਮਰੀਕਾ ਦੇ ਆਪਣੇ ਪੁਰਾਣੇ ਸਹਿਯੋਗੀ ਦੇਸ਼ਾਂ ਨਾਲ ਸਬੰਧ ਵੀ ਸੁਖਾਵੇਂ ਨਹੀਂ ਰਹੇ। ਟਰੰਪ ਪ੍ਰਸ਼ਾਸਨ ਨੇ ਜਰਮਨੀ ਤੋਂ ਆਪਣੇ 5,000 ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਅਚਨਚੇਤ ਐਲਾਨ ਕਰ ਦਿੱਤਾ ਹੈ। ਇਹ ਕਦਮ ਜਰਮਨ ਚਾਂਸਲਰ ਫ੍ਰੀਡਰਿਕ ਮਰਜ਼ ਦੀ ਉਸ ਟਿੱਪਣੀ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਕੋਲ ਜੰਗ ਤੋਂ ਬਾਹਰ ਨਿਕਲਣ ਦੀ ਕੋਈ ਸਪੱਸ਼ਟ ਰਣਨੀਤੀ ਨਹੀਂ ਹੈ। ਪੈਂਟਾਗਨ ਦੇ ਅਧਿਕਾਰੀਆਂ ਨੇ ਜਰਮਨ ਚਾਂਸਲਰ ਦੇ ਬਿਆਨ ਨੂੰ ‘ਗੈਰ-ਜ਼ਰੂਰੀ ਅਤੇ ਅਪਮਾਨਜਨਕ’ ਕਰਾਰ ਦਿੱਤਾ ਹੈ।
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਕਿਹਾ ਕਿ ਤਹਿਰਾਨ ਕੂਟਨੀਤੀ ਲਈ ਤਿਆਰ ਹੈ, ਪਰ ਇਸ ਲਈ ਅਮਰੀਕਾ ਨੂੰ ਆਪਣਾ ‘ਧਮਕੀ ਭਰਿਆ ਲਹਿਜ਼ਾ’ ਬਦਲਣਾ ਹੋਵੇਗਾ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਇਰਾਨ ਦੀਆਂ ਹਥਿਆਰਬੰਦ ਸੈਨਾਵਾਂ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਦੱਸਣਯੋਗ ਹੈ ਕਿ 28 ਫਰਵਰੀ ਨੂੰ ਸ਼ੁਰੂ ਹੋਈ ਇਸ ਜੰਗ ਕਾਰਨ ਹੁਣ ਤੱਕ ਹਜ਼ਾਰਾਂ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਵਿਸ਼ਵ ਭਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ।
ਟਰੰਪ ਨੇ ਇਹ ਵੀ ਸਾਫ਼ ਕੀਤਾ ਕਿ ਉਹ ਜੰਗ ਨੂੰ ਜਲਦਬਾਜ਼ੀ ਵਿੱਚ ਖਤਮ ਕਰਕੇ ਭਵਿੱਖ ਲਈ ਕੋਈ ਖਤਰਾ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੇ। ਅਮਰੀਕਾ ਦਾ ਮੁੱਖ ਜ਼ੋਰ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਅਤੇ ‘ਹੋਰਮੁਜ਼ ਜਲਡਮਰੂ’ (Strait of Hormuz) ’ਤੇ ਮੁੜ ਕੰਟਰੋਲ ਸਥਾਪਿਤ ਕਰਨ ’ਤੇ ਹੈ, ਜਿੱਥੋਂ ਦੁਨੀਆ ਦਾ 20 ਫੀਸਦੀ ਤੇਲ ਅਤੇ ਗੈਸ ਸਪਲਾਈ ਹੁੰਦੀ ਹੈ। ਫਿਲਹਾਲ ਅਮਰੀਕੀ ਜਲ ਸੈਨਾ ਨੇ ਇਰਾਨੀ ਤੇਲ ਦੇ ਬਰਾਮਦ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਹੋਈ ਹੈ।