ਅਰਾਗਚੀ ਵੱਲੋਂ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ; ਇਰਾਨ ਵੱਲੋਂ ਤਿੰਨ ਪੜਾਅ ਦੀ ਗੱਲਬਾਤ ਦੀ ਤਜਵੀਜ਼

ਅਰਾਗਚੀ ਵੱਲੋਂ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ; ਇਰਾਨ ਵੱਲੋਂ ਤਿੰਨ ਪੜਾਅ ਦੀ ਗੱਲਬਾਤ ਦੀ ਤਜਵੀਜ਼

ਅਰਾਗਚੀ ਵੱਲੋਂ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ; ਇਰਾਨ ਵੱਲੋਂ ਤਿੰਨ ਪੜਾਅ ਦੀ ਗੱਲਬਾਤ ਦੀ ਤਜਵੀਜ਼
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਸੋਮਵਾਰ ਨੂੰ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਉੱਚ ਪੱਧਰੀ ਸਲਾਹ-ਮਸ਼ਵਰੇ ਲਈ ਰੂਸ ਪਹੁੰਚ ਗਏ ਹਨ। ਅਰਾਗਚੀ ਪਾਕਿਸਤਾਨ ਅਤੇ ਓਮਾਨ ਦੇ ਦੌਰੇ ਤੋਂ ਬਾਅਦ ਮਾਸਕੋ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੁਲਾਕਾਤ ਖੇਤਰੀ ਅਤੇ ਵਿਸ਼ਵ ਪੱਧਰ 'ਤੇ ਤੇਜ਼ੀ ਨਾਲ ਬਦਲਦੇ ਹਾਲਾਤ ਤੇ ਰੂਸ ਨਾਲ ਨੇੜਲੇ ਤਾਲਮੇਲ ਵਿੱਚ ਮਦਦ ਕਰੇਗੀ।
ਰੂਸ ਦੀ ਸਰਕਾਰੀ ਨਿਊਜ਼ ਏਜੰਸੀ Tass ਅਨੁਸਾਰ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸੋਮਵਾਰ ਨੂੰ ਸੇਂਟ ਪੀਟਰਸਬਰਗ ਵਿੱਚ ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਮਿਡਲ ਈਸਟ ਵਿੱਚ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ।
ਰਿਪੋਰਟ ਮੁਤਾਬਕ, ਰਾਸ਼ਟਰਪਤੀ ਪੂਤਿਨ ਨੇ ਆਪਣੀ ਪ੍ਰਭੂਸੱਤਾ ਦੀ ਰਾਖੀ ਲਈ ਬਹਾਦਰੀ ਨਾਲ ਲੜ ਰਹੇ ਇਰਾਨੀ ਲੋਕਾਂ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਰੂਸ, ਇਰਾਨ ਅਤੇ ਖੇਤਰ ਦੇ ਹੋਰ ਦੇਸ਼ਾਂ ਦੇ ਹਿੱਤ ਵਿੱਚ ਹਰ ਸੰਭਵ ਕੋਸ਼ਿਸ਼ ਕਰੇਗਾ ਤਾਂ ਜੋ ਮਿਡਲ ਈਸਟ ਵਿੱਚ ਜਲਦੀ ਤੋਂ ਜਲਦੀ ਸ਼ਾਂਤੀ ਬਹਾਲ ਕੀਤੀ ਜਾ ਸਕੇ। ਅਰਾਗਚੀ ਦੀ ਰੂਸ ਫੇਰੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਨੇੜਤਾ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
ਇਨ੍ਹਾਂ ਕੂਟਨੀਤਕ ਕੋਸ਼ਿਸ਼ਾਂ ਦੇ ਨਾਲ-ਨਾਲ, ਇਰਾਨ ਨੇ ਵਾਸ਼ਿੰਗਟਨ ਨੂੰ ਇੱਕ ਅਜਿਹਾ ਢਾਂਚਾ ਪੇਸ਼ ਕੀਤਾ ਹੈ ਜੋ ਤੁਰੰਤ ਤਣਾਅ ਘਟਾਉਣ ਨੂੰ ਪਹਿਲ ਦਿੰਦਾ ਹੈ ਪਰ ਆਪਣੇ ਪਰਮਾਣੂ ਪ੍ਰੋਗਰਾਮ 'ਤੇ ਚਰਚਾ ਨੂੰ ਫਿਲਹਾਲ ਟਾਲ ਦਿੱਤਾ ਹੈ। ਪਾਕਿਸਤਾਨੀ ਵਿਚੋਲਿਆਂ ਰਾਹੀਂ ਅਮਰੀਕਾ ਨੂੰ ਭੇਜੀ ਗਈ ਇਸ ਯੋਜਨਾ ਦਾ ਮੁੱਖ ਉਦੇਸ਼ ਹੋਰਮੁਜ਼ ਜਲ ਮਾਰਗ (Strait of Hormuz) ਰਾਹੀਂ ਸਮੁੰਦਰੀ ਆਵਾਜਾਈ ਨੂੰ ਮੁੜ ਸ਼ੁਰੂ ਕਰਨਾ ਹੈ, ਜੋ ਕਿ ਵਿਸ਼ਵ ਤੇਲ ਸਪਲਾਈ ਲਈ ਬਹੁਤ ਮਹੱਤਵਪੂਰਨ ਰਸਤਾ ਹੈ।
ਰਿਪੋਰਟਾਂ ਅਨੁਸਾਰ, ਇਰਾਨ ਨੇ ਇਸ ਪ੍ਰਕਿਰਿਆ ਨੂੰ ਤਿੰਨ ਪੜਾਵਾਂ ਵਿੱਚ ਵੰਡਿਆ ਹੈ। ਪਹਿਲੇ ਪੜਾਅ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੀਆਂ ਫ਼ੌਜੀ ਕਾਰਵਾਈਆਂ ਨੂੰ ਖ਼ਤਮ ਕਰਨ ਅਤੇ ਇਰਾਨ ਸਮੇਤ ਲੈਬਨਾਨ ਵਰਗੇ ਉਸਦੇ ਖੇਤਰੀ ਸਹਿਯੋਗੀਆਂ ਵਿਰੁੱਧ ਹਮਲੇ ਨਾ ਕਰਨ ਦੀ ਗਾਰੰਟੀ ਮੰਗੀ ਗਈ ਹੈ। ਦੂਜੇ ਪੜਾਅ ਵਿੱਚ ਹੋਰਮੁਜ਼ ਜਲ ਮਾਰਗ ਨੂੰ ਸਥਿਰ ਕਰਨ 'ਤੇ ਧਿਆਨ ਦਿੱਤਾ ਜਾਵੇਗਾ, ਜਿਸ ਵਿੱਚ ਸੁਰੱਖਿਅਤ ਲੰਘਣ ਲਈ ਓਮਾਨ ਨਾਲ ਮਿਲ ਕੇ ਇੱਕ ਨਵਾਂ ਕਾਨੂੰਨੀ ਅਤੇ ਸੁਰੱਖਿਆ ਢਾਂਚਾ ਬਣਾਇਆ ਜਾ ਸਕਦਾ ਹੈ।
ਯੋਜਨਾ ਦੇ ਆਖਰੀ ਪੜਾਅ ਵਿੱਚ ਇਰਾਨ ਦੇ ਪਰਮਾਣੂ ਪ੍ਰੋਗਰਾਮ 'ਤੇ ਗੱਲਬਾਤ ਦੀ ਤਜਵੀਜ਼ ਹੈ ਪਰ ਇਹ ਉਦੋਂ ਹੀ ਹੋਵੇਗੀ ਜਦੋਂ ਤਣਾਅ ਘਟਾਉਣ ਅਤੇ ਸਮੁੰਦਰੀ ਸੁਰੱਖਿਆ ਦੇ ਮੋਰਚੇ 'ਤੇ ਕੋਈ ਠੋਸ ਤਰੱਕੀ ਨਜ਼ਰ ਆਵੇਗੀ। ਇਹ ਪਹਿਲਕਦਮੀ ਮਿਡਲ ਈਸਟ ਵਿੱਚ ਲਗਾਤਾਰ ਵਧ ਰਹੇ ਤਣਾਅ ਅਤੇ ਊਰਜਾ ਸਪਲਾਈ ਵਿੱਚ ਵਿਘਨ ਪੈਣ ਦੇ ਡਰ ਦੇ ਵਿਚਕਾਰ ਆਈ ਹੈ। ਇਸ ਰਾਹੀਂ ਇਰਾਨ ਮੌਜੂਦਾ ਸੰਘਰਸ਼ ਨੂੰ ਸੁਲਝਾਉਣ ਅਤੇ ਪਰਮਾਣੂ ਮੁੱਦੇ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।